ਔਨਲਾਈਨ ਬੁਕਿੰਗ ਹੋਈ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦਾ ਟਰਾਂਸਪੋਰਟ ਵਿਭਾਗ 15 ਜੂਨ ਤੋਂ ਦਿੱਲੀ ਏੇਅਰਪੋਰਟ ਲਈ ਬੱਸਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇਸਦਾ ਐਲਾਨ ਤਾਂ ਅਜੇ ਤੱਕ ਨਹੀਂ ਕੀਤਾ, ਪਰ ਇਸ ਸਬੰਧੀ ਔਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੋਂ 15 ਜੂਨ ਤੋਂ ਸਰਕਾਰੀ ਬੱਸਾਂ ਦਿੱਲੀ ਏਅਰਪੋਰਟ ਤੱਕ ਜਾਣੀਆਂ ਸ਼ੁਰੂ ਹੋ ਜਾਣਗੀਆਂ ਅਤੇ 16 ਜੂਨ ਨੂੰ ਇਹ ਬੱਸਾਂ ਦਿੱਲੀ ਤੋਂ ਪੰਜਾਬ ਵਾਪਸ ਆਉਣਗੀਆਂ। ਪਨਬਸ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮਿ੍ਰਤਸਰ ਤੋਂ 1, ਜਲੰਧਰ ਤੇ ਲੁਧਿਆਣਾ ਤੋਂ 6-6 ਬੱਸਾਂ ਦਿੱਲੀ ਏਅਰਪੋਰਟ ਲਈ ਰਵਾਨਾ ਕੀਤੀਆਂ ਜਾਣਗੀਆਂ। ਇਨ੍ਹਾਂ ਬੱਸਾਂ ਦਾ ਟਾਈਮ ਟੇਬਲ ਇੰਟਰਨੈਸ਼ਨਲ ਫਲਾਈਟਸ ਅਨੁਸਾਰ ਹੀ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸਰਕਾਰੀ ਬੱਸਾਂ ਵਿਚ ਅੰਮਿ੍ਰਤਸਰ ਤੋਂ ਇਕ ਸਵਾਰੀ ਦਾ ਕਿਰਾਇਆ 1320 ਰੁਪਏ, ਜਲੰਧਰ ਤੋਂ 1170 ਰੁਪਏ ਅਤੇ ਲੁਧਿਆਣਾ ਤੋਂ 1000 ਰੁਪਏ ਹੋਵੇਗਾ। ਜਦਕਿ ਪਹਿਲਾਂ ਨਿੱਜੀ ਬੱਸਾਂ ਵਾਲੇ ਪ੍ਰਤੀ ਸਵਾਰੀ 3 ਹਜ਼ਾਰ ਰੁਪਏ ਕਿਰਾਇਆ ਵਸੂਲ ਕਰਦੇ ਸਨ। ਪਟਿਆਲਾ ਤੋਂ ਵੀ ਪੀਆਰਟੀਸੀ ਦੀ ਬੱਸ ਦਿੱਲੀ ਏਅਰਪੋਰਟ ਲਈ ਜਾਇਆ ਕਰੇਗੀ, ਜਿਸਦਾ ਕਿਰਾਇਆ ਪ੍ਰਤੀ ਸਵਾਰੀ 752 ਰੁਪਏ ਹੋਵੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਨਿੱਜੀ ਕੰਪਨੀਆਂ ਦੀਆਂ ਬੱਸਾਂ ਹੀ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਸਨ।