Breaking News
Home / ਨਜ਼ਰੀਆ / ਬਾਬਾ ਫੌਜਾ ਸਿੰਘ ਨੂੰ ਟੋਰਾਂਟੋ ਵਿਚ ਜੀ ਆਇਆਂ

ਬਾਬਾ ਫੌਜਾ ਸਿੰਘ ਨੂੰ ਟੋਰਾਂਟੋ ਵਿਚ ਜੀ ਆਇਆਂ

ਪ੍ਰਿੰ. ਸਰਵਣ ਸਿੰਘ
20 ਤੋਂ 24 ਮਈ ਤਕ ਬਾਬਾ ਫੌਜਾ ਸਿੰਘ ਟੋਰਾਂਟੋ ਆ ਰਿਹੈ। 105 ਸਾਲ ਤੋਂ ਟੱਪਿਆ ਉਹ ਕੁਦਰਤ ਦਾ ਕ੍ਰਿਸ਼ਮਾ ਹੈ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬਜ਼ੁਰਗਾਂ ਦਾ ਰਾਹ ਦਸੇਰਾ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ ਦਾ ਮਾਲਕ ਤੇ ਸ਼ਾਹ ਹੁਸੈਨ ਜਿਹਾ ਫੱਕਰ। ਸਹਿਜਤਾ, ਮਸੂਮੀਅਤ ਤੇ ਭੋਲੇਪਨ ਦੀ ਮੂਰਤ। ਉਹਦੀਆਂ ਗੱਲਾਂ ਸਿੱਧੀਆਂ, ਸਾਦੀਆਂ, ਭੋਲੀਆਂ ਤੇ ਨਿਰਛਲ ਹਨ। ਹਾਸਾ ਠੱਠਾ ਕਰਨਾ ਉਹਦਾ ਸੁਭਾਅ ਹੈ। ਉਹਦੀ ਦੌੜਦੇ ਦੀ ਲੰਮੀ ਦਾੜ੍ਹੀ ਝੂਲਦੀ ਤੇ ਆਸੇ ਪਾਸੇ ਲਹਿਰਾਉਂਦੀ ਹੈ।
ਫੌਜਾ ਸਿੰਘ 20ਵੀਂ ਸਦੀ ਦੇ ਅਖ਼ੀਰ ਤਕ ਅਣਗੌਲਿਆ ਰਿਹਾ। 21ਵੀਂ ਸਦੀ ਚੜ੍ਹਨ ਤੋਂ ਉਹ ਅਖ਼ਬਾਰੀ ਖ਼ਬਰਾਂ ਦਾ ਸ਼ਿੰਗਾਰ ਹੈ। ਰੌਣਕੀ ਬੰਦਾ ਹੈ। ਸਿਰੇ ਦਾ ਗਾਲੜੀ। ਬੇਫਿਕਰ, ਬੇਪਰਵਾਹ, ਬੇਬਾਕ, ਦਾਨੀ ਤੇ ਦਇਆਵਾਨ। ਮੈਰਾਥਨ ਦੌੜਾਂ ਦਾ ਬਾਦਸ਼ਾਹ। ਉਹਨੇ ਗੁੰਮਨਾਮੀ ‘ਚ ਚੱਲ ਵਸਣਾ ਸੀ ਜੇ ਦੌੜਨ ਨਾ ਲੱਗਦਾ। ਬੁੱਢੇਵਾਰੇ ਦੌੜਾਂ ‘ਚ ਪੈ ਕੇ ਉਹਨੇ ਪੂਰੇ ਜਹਾਨ ਵਿਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਉਸ ਨੂੰ ਬਰਤਾਨੀਆ ਦੀ ਮਹਾਰਾਣੀ ਐਲਜ਼ਾਬੈੱਥ ਨੇ ਸੌ ਸਾਲ ਦਾ ਸੀਨੀਅਰ ਸਿਟੀਜ਼ਨ ਹੋ ਜਾਣ ਦੀ ਚਿੱਠੀ ਲਿਖ ਕੇ ਵਧਾਈ ਦਿੱਤੀ ਤੇ ਸ਼ਾਹੀ ਮਹਿਲਾਂ ਵਿਚ ਖਾਣੇ ‘ਤੇ ਸੱਦਿਆ। ਮਹਾਰਾਣੀ ਨੂੰ ਮਿਲ ਕੇ ਉਹ ਹੋਰ ਜੁਆਨ ਹੋ ਗਿਆ! ਉਹਦੀ ਵਡਿਆਈ ਇਸ ਗੱਲ ਵਿਚ ਨਹੀਂ ਕਿ ਉਹ ਲੰਮੀਆਂ ਦੌੜਾਂ ਦੌੜ ਲੈਂਦੈ ਸਗੋਂ ਇਸ ਗੱਲ ਵਿਚ ਹੈ ਕਿ 105 ਸਾਲਾਂ ਦੀ ਉਮਰ ਦਾ ਹੋ ਕੇ ਵੀ ਦੌੜੀ ਜਾਂਦੈ!  2003 ਵਿਚ ਉਸ ਨੇ 42.2 ਕਿਲੋਮੀਟਰ ਦੀ ਮੈਰਾਥਨ 5 ਘੰਟੇ 40 ਮਿੰਟ 04 ਸਕਿੰਟ ਵਿਚ ਪੂਰੀ ਕੀਤੀ ਸੀ। 2004 ਵਿਚ ਟੋਰਾਂਟੋ ਦੀ ਹਾਫ਼ ਮੈਰਾਥਨ ਦੌੜਦਿਆਂ ਉਸ ਨੇ 2 ਘੰਟੇ 29.59 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਰੱਖਿਆ ਸੀ।
2004 ਵਿਚ ਖੇਡਾਂ ਦਾ ਸਮਾਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਐਡੀਡਾਸ ਨੇ ਮੁਹੰਮਦ ਅਲੀ ਤੇ ਡੇਵਿਡ ਬੈਕ੍ਹਮ ਵਾਂਗ ਉਹਨੂੰ ਆਪਣਾ ਬਰਾਂਡ ਅੰਬੈਸਡਰ ਬਣਾ ਲਿਆ ਸੀ। ਦੌੜਨ ਵਾਲੇ ਇਕ ਬੂਟ ਉਤੇ ‘ਫੌਜਾ’ ਤੇ ਦੂਜੇ ਉਤੇ ‘ਸਿੰਘ’ ਦੇ ਸਟਿੱਕਰ ਲੱਗ ਗਏ। ਹੁਣ ਉਹ ਚੈਰਿਟੀ ਲਈ ਦੌੜ ਰਿਹੈ। 2012 ਵਿਚ ਉਹ 10 ਕਿਲੋਮੀਟਰ ਦੀ ਹਾਂਗਕਾਂਗ ਮੈਰਾਥਨ ਦੌੜਿਆ ਤਾਂ ਚੈਰਿਟੀ ਲਈ 25800 ਡਾਲਰ ‘ਕੱਠੇ ਹੋਏ ਜੋ ਉਸ ਨੇ ਉਥੇ ਹੀ ਦਾਨ ਕਰ ਦਿੱਤੇ। ਉਹ ਪੈਸੇ ਧੇਲੇ ਵੱਲੋਂ ਭਾਵੇਂ ਅਮੀਰ ਨਹੀਂ ਪਰ ਦਿਲ ਦਾ ਸ਼ਹਿਨਸ਼ਾਹ ਹੈ। ਕਲਜੁਗ ਵਿਚ ਸਤਜੁਗ ਵਰਤਾਅ ਰਿਹੈ। ਉਹ ਹੈ ਹੀ ਸਤਜੁਗੀ ਜਿਊੜਾ!
ਉਹਦੇ ਦੱਸਣ ਮੂਜਬ ਉਹ ਤਿੰਨ ਖੁਰਾਕਾਂ ‘ਤੇ ਉਡਿਆ ਫਿਰਦੈ। ਉਹਦੀ ਪਹਿਲੀ ਖੁਰਾਕ ਹੈ ਸਾਦਾ ਦਾਲ ਫੁਲਕਾ। ਸਵੇਰੇ ਚਾਹ ਦੇ ਕੱਪ ਨਾਲ ਅਲਸੀ ਦੀ ਪਿੰਨੀ। ਦੁਪਹਿਰੇ ਦਾਲ ਜਾਂ ਸਬਜ਼ੀ ਨਾਲ ਇਕ ਰੋਟੀ। ਰਾਤ ਦੀ ਰੋਟੀ ਪਿੱਛੋਂ ਦੁੱਧ ਦਾ ਗਲਾਸ। ਖ਼ਾਸ ਖੁਰਾਕ ਹੈ ਅਧਰਕ ਦੀ ਤਰੀ। ਦੂਜੀ ਖੁਰਾਕ ਹੈ ਹਾਸਾ ਮਖੌਲ ਜੀਹਦੇ ‘ਚ ਉਹ ਆਪਣੇ ਆਪ ਨੂੰ ਵੀ ਨਹੀਂ ਬਖਸ਼ਦਾ। ਤੇ ਤੀਜੀ ਖੁਰਾਕ ਹੈ ਰੋਜ਼ਾਨਾ ਕਸਰਤ। ਉਹਨੂੰ ਨਿੱਤ ਅੱਠ ਦਸ ਮੀਲ ਤੁਰੇ/ਦੌੜੇ ਬਿਨਾਂ ਨੀਂਦ ਨੀ ਆਉਂਦੀ। ਉਹ ਹਮੇਸ਼ਾਂ ਪ੍ਰਸੰਨ ਚਿੱਤ ਰਹਿੰਦੈ। ਘਰਦਿਆਂ ਤੇ ਸੱਜਣਾਂ ਮਿੱਤਰਾਂ ਨੂੰ ਆਖ ਰੱਖਿਐ, ”ਮੈਨੂੰ ਚੰਗੀ ਖ਼ਬਰ ਈ ਦੱਸਿਓ, ਮਾੜੀ ਨਾ ਦੱਸਿਓ।”
ਫੌਜਾ ਸਿੰਘ ਨਾਲ ਮੇਰੀਆਂ ਪੰਜ ਛੇ ਮੁਲਾਕਾਤਾਂ ਹੋ ਚੁੱਕੀਆਂ ਹਨ। ਪਹਿਲੀ ਲੰਡਨ ਲਾਗੇ ਈਰਥ, ਦੂਜੀ ਟੋਰਾਂਟੋ ਕੋਲ ਬਰੈਂਪਟਨ, ਤੀਜੀ ਬਰਮਿੰਘਮ ਨੇੜੇ ਟੈੱਲਫੋਰਡ, ਚੌਥੀ ਵੈਨਕੂਵਰ ਦੇ ਰੇਡੀਓ ਸਟੇਸ਼ਨ ਉਤੇ ਅਤੇ ਪੰਜਵੀਂ ਮੇਰੇ ਆਪਣੇ ਪਿੰਡ ਚਕਰ ਵਿਚ। 1999 ਵਿਚ ਪਹਿਲੀ ਮਿਲਣੀ ਸਮੇਂ ਈਰਥ-ਵੂਲਿਚ ਦੇ ਟੂਰਨਾਮੈਂਟ ਵਿਚ ਉਹ ਕਬੱਡੀ ਦੇ ਦਾਇਰੇ ਦੁਆਲੇ ਰੇਵੀਏ ਪਿਆ ਫਿਰਦਾ ਸੀ। ਧੁੱਪ ਖਿੜੀ ਹੋਈ ਸੀ, ਉਹਦੀ ਚਾਂਦੀ ਰੰਗੀ ਲੰਮੀ ਦਾਹੜੀ ਝੂਲ ਰਹੀ ਸੀ ਤੇ ਧੁੱਪ ਵਿਚ ਸੋਨੇ ਦਾ ਕੜਾ ਲਿਸ਼ਕਾਂ ਮਾਰ ਰਿਹਾ ਸੀ। ਸਿਰ ਉਤੇ ਪੱਗ ਸੀ ਤੇ ਪੱਗ ਉਤੇ ਨਿੱਕਾ ਜਿਹਾ ਖੰਡਾ। ਤੇੜ ਟਰੈਕ ਸੂਟ। ਉਹਦੇ ਪੈਰੀਂ ਦੌੜਨ ਵਾਲੇ ਬੂਟ ਸਨ। ਪਹਿਲੀ ਨਜ਼ਰੇ ਮੈਨੂੰ ਉਹ ਖ਼ਬਤੀ ਬੁੱਢਾ ਬੀਅਰ ਖੇੜਦਾ ਜਾਪਿਆ। ਉਹ ਰੁਕਿਆ ਤਾਂ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਪਰ ਕਾਪੀ ਵਿਚ ਨੋਟ ਨਾ ਕਰ ਸਕਿਆ।  2000 ਵਿਚ ਮੈਂ ਫੌਜਾ ਸਿੰਘ ਦੀਆਂ ਅਖ਼ਬਾਰਾਂ ਵਿਚ ਤਸਵੀਰਾਂ ਲੱਗੀਆਂ ਵੇਖੀਆਂ। ਉਸ ਨੇ ਲੰਡਨ ਦੀ ਮਸ਼ਹੂਰ ਮੈਰਾਥਨ ਦੌੜ ਵਿਚ ਅੱਸੀ ਸਾਲ ਤੋਂ ਵੱਡੀ ਉਮਰ ਦੇ ਦੌੜਾਕਾਂ ‘ਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ! 28 ਸਤੰਬਰ 2003 ਨੂੰ ‘ਸਕੋਸ਼ੀਆਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ’ ਟੋਰਾਂਟੋ ਵਿਚ ਲੱਗੀ। ਮੈਂ ਉਦੋਂ ਟੋਰਾਂਟੋ ਹੀ ਸਾਂ। ਦੌੜ ਮੁੱਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਪਹਿਲਾਂ ਨਾਲੋਂ 31 ਮਿੰਟ ਘੱਟ ਸਮੇਂ ਨਾਲ ਤੋੜ ਦਿੱਤਾ। ਸਾਡੀ ਦੂਜੀ ਮੁਲਾਕਾਤ ਟੋਰਾਂਟੋ ਦੇ ਲਾ-ਸੁਹਾਗ ਬੈਂਕੁਅਟ ਹਾਲ ਵਿਚ ਹੋਈ ਜਿਥੇ ਉਹਦੇ ਪਿੰਡ ਵਾਸੀ ਤੇ ਹੋਰ ਸੱਜਣ ਮਿੱਤਰ ਉਹਦਾ ਮਾਣ ਸਨਮਾਨ ਕਰ ਰਹੇ ਸਨ। ਸਟੇਜ ਤੋਂ ਉਹਦੀ ਉਸਤਤ ਵਿਚ ਭਾਸ਼ਨ ਹੋਏ ਤੇ ਕਵਿਤਾਵਾਂ ਪੜ੍ਹੀਆਂ ਗਈਆਂ। ਇਕ ਕਵਿਤਾ ਸੀ-ਅਧਰਕ ਦੀ ਤਰੀ ਦਾ ਕਮਾਲ! ਸਟੇਜ ਦੀ ਕਾਰਵਾਈ ਪਿੱਛੋਂ ਨਵੇਕਲੇ ਕਮਰੇ ਵਿਚ ਕੁਝ ਸੱਜਣ ਦਾਰੂ ਪਿਆਲਾ ਪੀਣ ਲੱਗੇ ਤਾਂ ਬਾਬੇ ਨੂੰ ਪੁੱਛਿਆ, ਦੁੱਧ ਪੀਓਗੇ ਜਾਂ ਚਾਹ? ਬਾਬੇ ਦਾ ਜੁਆਬ ਸੀ, ”ਕਿਉਂ ਮੈਂ ਰੰਡੀ ਦਾ ਜੁਆਈ ਆਂ?” ਖੁਸ਼ੀ ਦੇ ਮਾਹੌਲ ਵਿਚ ਬਾਬਾ ਫੌਜਾ ਸਿੰਘ ਵੀ ਸਰਸ਼ਾਰ ਸੀ। ਫੌਜਾ ਸਿੰਘ ਨੇ ਆਪਣੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖਾਈ ਜੋ ਪਾਸਪੋਰਟ ਉਤੇ ਦਰਜ ਸੀ। ਪਿਤਾ ਦਾ ਨਾਂ ਮਿਹਰ ਸਿੰਘ, ਮਾਤਾ ਦਾ ਭਾਗੋ ਤੇ ਪਤਨੀ ਦਾ ਨਾਂ ਗਿਆਨ ਕੌਰ। ਉਹਦੇ ਜਨਮ ਸਮੇਂ ਪਿੰਡ ਦੀ ਦਾਈ ਰਹਿਮੋ ਸੀ। ਜਮਾਂਦਰੂ ਤੌਰ ‘ਤੇ ਉਹ ਕਮਜ਼ੋਰ ਬੱਚਾ ਸੀ। ਵੱਡਾ ਹੋ ਕੇ ਹਲ ਵਾਹੁਣ ਲੱਗਾ ਤਾਂ ਉਹਦਾ ਪੱਚੀ ਸਾਲ ਦੀ ਉਮਰ ਵਿਚ ਵਿਆਹ ਹੋਇਆ। ਬਰਾਤ ਗੱਡੇ ਉਤੇ ਚੜ੍ਹ ਕੇ ਪਿੰਡ ਕਾਲਘਟਾਂ ਗਈ। ਇਕ ਬਲਦ ਉਹਨਾਂ ਦੇ ਘਰ ਦਾ ਸੀ ਤੇ ਦੂਜਾ ਉਹਦੇ ਮਸੇਰ ਦਾ। ਵਿਆਂਦੜ ਹੋਣ ਕਰਕੇ ਉਹਨੂੰ ਚਾਬੀ ਦੇ ਲੱਠੇ ਵਾਲੇ ਨਵੇਂ ਕਪੜੇ ਜੁੜੇ ਜੋ ਖ਼ਾਸ ਮੌਕਿਆਂ ‘ਤੇ ਪਾਏ ਜਾਂਦੇ। ਉਹਦੇ ਘਰ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ।
ਗੱਲਾਂ ਬਾਤਾਂ ਕਰਦਿਆਂ ਮੈਂ ਨੋਟ ਕੀਤਾ ਕਿ ਬਾਬੇ ਅੰਦਰ ਅਜੇ ਵੀ ਸ਼ੌਂਕੀ ਬੰਦਾ ਛੁਪਿਆ ਬੈਠਾ ਸੀ। ਉਹਨੇ ਸੋਨੇ ਦਾ ਕੜਾ ਪਾਇਆ ਹੋਇਆ ਸੀ ਤੇ ਸੁਨਹਿਰੀ ਘੜੀ ਬੱਧੀ ਹੋਈ ਸੀ। ਵਿਚਕਾਰਲੀ ਉਂਗਲ ਵਿਚ ਛਾਪ ਸੀ। ਕਪੜਿਆਂ ‘ਚੋਂ ਅਤਰ ਫੁਲੇਲ ਦੀ ਮਹਿਕ ਆ ਰਹੀ ਸੀ। ਮੈਂ ਤਾਂ ‘ਕੱਲੀ ਛਾਪ ਬਾਰੇ ਹੀ ਪੁੱਛਿਆ ਕਿ ਕਿਸੇ ਵਿਆਹ ‘ਚ ਮਿਲੀ ਜਾਂ ਆਪ ਬਣਾਈ ਪਰ ਉਸ ਨੇ ਸਾਰਾ ਕੁਝ ਈ ਦੱਸ ਦਿੱਤਾ, ”ਛਾਪ ਵੀ ਆਪ ਬਣਾਈ ਤੇ ਨੌਂ ਤੋਲੇ ਸੋਨੇ ਦਾ ਕੜਾ ਵੀ ਆਪ। ਘੜੀ ਮਾੜੀ ਮੋਟੀ ਨੲ੍ਹੀਂ, ਰਾਡੋ ਐ। ਇਹ ਮੈਂ ਸਾਢੇ ਤਿੰਨ ਸੌ ਪੌਂਡ ਦੀ ਲਈ ਸੀ। ਲਵਾਂ ਕਿਉਂ ਨਾ ਜਦੋਂ ਚਾਰ ਸੌ ਪੌਂਡ ਪਿਲਸ਼ਨ ਮਿਲਦੀ ਐ? ਪੌਂਡ ਕਿਹੜਾ ਹਿੱਕ ‘ਤੇ ਧਰ ਕੇ ਲਿਜਾਣੇ ਐਂ? ਰੂਹ ਖ਼ੁਸ਼ ਹੋਣੀ ਚਾਹੀਦੀ ਆ। ਆਪਾਂ ਹੁਣ ਖ਼ੁਸ਼ ਈ ਰਹਿਨੇ ਆਂ ਤੇ ਨਾਲ ਕਰੀ ਦੀ ਐ ਵਜਰਸ।” ਉਹ ਵਰਜਿਸ਼ ਨੂੰ ਵਜਰਸ ਕਹਿ ਰਿਹਾ ਸੀ!
ਫੌਜਾ ਸਿੰਘ ਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ। ਉਸ ਨੇ ਕਿਹਾ ਕਿ ਬੰਦਾ ਠੋਹਕਰ ਖਾਧੇ ਬਿਨਾਂ ਨਹੀਂ ਸੁਧਰਦਾ। ਉਸ ਨੇ ਖ਼ੁਦ ਜੀਵਨ ਵਿਚ ਠੋਹਕਰਾਂ ਖਾਧੀਆਂ। ਉਸ ਦੇ ਗਭਲੇ ਪੁੱਤਰ ਕੁਲਦੀਪ ਸਿੰਘ ਦੀ ਭਰ ਜੁਆਨੀ ਵਿਚ ਮੌਤ ਹੋ ਗਈ। ਉਹ ਛੱਤ ਤੋਂ ਡਿੱਗ ਪਿਆ ਸੀ। ਪਹਿਲਾਂ ਉਸ ਦੀ ਪਤਨੀ ਗੁਜ਼ਰ ਗਈ ਸੀ। ਪਤਨੀ 1992 ਵਿਚ ਪੂਰੀ ਹੋਈ ਤੇ ਪੁੱਤਰ 1994 ਵਿਚ। ਦੁਖੀ ਹੋਇਆ ਉਹ ਸਿਵਿਆਂ ‘ਚ ਬੈਠਾ ਰਹਿੰਦਾ ਤੇ ਸੁੰਨੀਆਂ ਥਾਵਾਂ ‘ਤੇ ਤੁਰਿਆ ਫਿਰਦਾ। ਉਸ ਦਾ ਇਕ ਪੁੱਤਰ ਇੰਗਲੈਂਡ ਵਿਚ ਸੀ। ਉਹ ਦਿਲ ਢਾਹੀ ਬੈਠੇ ਉਦਾਸੇ ਬਾਪ ਨੂੰ ਇੰਗਲੈਂਡ ਲੈ ਗਿਆ। ਪਰ ਫੌਜਾ ਸਿੰਘ ਦਾ ਵਲਾਇਤ ‘ਚ ਜੀਅ ਨਾ ਲੱਗਾ। ਉਹ ਮੁੜ ਪਿੰਡ ਪਰਤ ਆਇਆ।  ਦੁਬਾਰਾ ਇੰਗਲੈਂਡ ਗਿਆ ਤੇ ਫਿਰ ਪਿੰਡ ਨੂੰ ਮੁੜ ਪਿਆ। ਤਿੰਨ ਗੇੜੇ ਖਾ ਕੇ ਆਖ਼ਰ ਉਹ ਇੰਗਲੈਂਡ ਵਿਚ ਈ ਟਿਕ ਗਿਆ।
ਇਕ ਦਿਨ ਨਿਮੋਝੂੰਣੇ ਬੈਠੇ ਫੌਜਾ ਸਿੰਘ ਨੂੰ ਕੋਚ ਹਰਮੰਦਰ ਸਿੰਘ ਨੇ ਕਿਹਾ ਕਿ ਜੇ ਉਹ ਉਹਦੇ ਨਾਲ ਦੌੜਨ ਲੱਗ ਪਵੇ ਤਾਂ ਉਹਦੀ ਉਦਾਸੀ ਚੁੱਕੀ ਜਾਵੇਗੀ। ਉਹਦੀ ਪ੍ਰੇਰਨਾ ਨਾਲ ਉਹ ਹੌਲੀ-ਹੌਲੀ ਦੌੜਨ ਲੱਗ ਪਿਆ ਤੇ ਦੌੜ ਕੇ ਨੇੜੇ ਦੇ ਗੁਰਦੁਆਰਿਆਂ ਵਿਚ ਜਾਣ ਲੱਗ ਪਿਆ। ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਇਕ ਗੁਰਦਵਾਰੇ ਤੋਂ ਦੂਜੇ ਗੁਰਦਵਾਰੇ ਤਕ ਦੌੜਨ ਲੱਗੇ। ਫੌਜਾ ਸਿੰਘ ਨੇ ਅੱਸੀ ਸਾਲ ਤੋਂ ਵੱਡੀ ਉਮਰ ਦਾ ਹੋ ਕੇ ਦੌੜਨਾ ਸ਼ੁਰੂ ਕੀਤਾ। ਉਸ ਦੀ ਕਹਾਣੀ ਦੱਸਦੀ ਹੈ ਕਿ ਕਿਸੇ ਬੰਦੇ ਦੇ ਜੀਵਨ ਵਿਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ ਜੇ ਉਹ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ।  ਫੌਜਾ ਸਿੰਘ ਨਾਲ ਮੇਰੀ ਤੀਜੀ ਮੁਲਾਕਾਤ ਬਰਮਿੰਘਮ ਨੇੜੇ ਟੈੱਲਫੋਰਡ ਦੇ ਕਬੱਡੀ ਮੇਲੇ ‘ਚ ਜੁਲਾਈ 2005 ਵਿਚ ਹੋਈ ਸੀ। ਉਦੋਂ ਉਹ 94 ਸਾਲਾਂ ਦਾ ਹੋ ਗਿਆ ਸੀ। ਉਹਦਾ ਸੋਨੇ ਦਾ ਕੜਾ ਗ਼ਾਇਬ ਸੀ। ਪੁੱਛਣ ‘ਤੇ ਉਸ ਨੇ ਦੱਸਿਆ, ”ਕਿਸੇ ਗੁਰਮੁਖ ਨੇ ਕਹਿ ਦਿੱਤਾ, ਹੁਣ ਤੂੰ ਸਿਆਣਾ ਬਿਆਣਾ ਐਂ। ਬਾਹਰ ਅੰਦਰ ਜਾਨੈਂ। ਸੋਨੇ ਦੇ ਕੜੇ ਮੁੰਦੀਆਂ ਨੀ ਸੋਂਹਦੇ ਤੇਰੇ। ਇਹਨਾਂ ਨੂੰ ਲਾਹ ਸੁੱਟ। ਤੇ ਮੈਂ ਲਾਹ ਸੁੱਟੇ। ਹੁਣ ਸਟੀਲ ਦਾ ਕੜਾ ਪਾਇਐ।”
ਫੌਜਾ ਸਿੰਘ ਹੁਣ ਇੰਗਲੈਂਡ ਦੇ ਉਨ੍ਹਾਂ ਪਤਵੰਤੇ ਸੱਜਣਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਦਿਨ ਦਿਹਾੜੇ ਸ਼ਾਹੀ ਸਮਾਗਮਾਂ ਵਿਚ ਸੱਦਿਆ ਜਾਂਦੈ। ਜਿਸ ਦਿਨ ਉਹ ਲੰਡਨ ਓਲੰਪਿਕ-2012 ਦੀ ਮਿਸ਼ਾਲ ਲੈ ਕੇ ਦੌੜਿਆ ਸੀ ਤਾਂ ਰਸਤੇ ਵਿਚ ਛਬੀਲਾਂ ਲੱਗ ਗਈਆਂ ਤੇ ਲੰਗਰ ਲਾਏ ਗਏ। ਇਓਂ ਛਬੀਲਾਂ ਤੇ ਲੰਗਰ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਅੰਗ ਬਣੇ। ਇੱਕੀਵੀਂ ਸਦੀ ਦੇ ਆਰੰਭ ਵਿਚ ਪੱਗ ਦਾੜ੍ਹੀ ਦੀ ਜਿੰਨੀ ਪਛਾਣ ਬਾਬਾ ਫੌਜਾ ਸਿੰਘ ਨੇ ਕਰਾਈ ਹੈ ਉਨੀ ਹੋਰ ਕਿਸੇ ਸਿੱਖ ਨੇ ਨਹੀਂ ਕਰਾਈ। ਫੌਜਾ ਸਿੰਘ ਆਪ ਕਹਿੰਦਾ ਹੈ ਕਿ ਮੇਰੀ ਪਛਾਣ ਉਨੀ ਮੇਰੇ ਦੌੜਨ ਕਰਕੇ ਨਹੀਂ ਜਿੰਨੀ ਪੱਗ ਦਾੜ੍ਹੀ ਕਰਕੇ ਹੈ।  ਉਸ ਦਾ ਕਹਿਣਾ ਹੈ ਕਿ ਉਹ ਕੁਦਰਤ ਦੇ ਰੰਗਾਂ ਵਿਚ ਰਾਜ਼ੀ ਹੈ। ਉਸ ਨੂੰ ਦੁਨੀਆ ਦੇ ਕਿਸੇ ਪਦਾਰਥ ਦੀ ਭੁੱਖ ਨਹੀਂ। ਉਹ ਪ੍ਰਹੇਜ਼ਗਾਰ ਹੈ, ਸਿਰੜੀ ਹੈ ਤੇ ਲੋਭ ਲਾਲਚ ਤੋਂ ਪਰੇ ਹੈ। ਕਹਿੰਦਾ ਹੈ, ”ਕਮਾਉਣ ਨੂੰ ਤਾਂ ਭਾਵੇਂ ਮੈ ਮਿਲੀਅਨ ਡਾਲਰ ਕਮਾ ਲਵਾਂ ਪਰ ਕਰਨੇ ਕੀ ਆ?  ਬੱਸ ਤੰਦਰੁਸਤੀ ਚਾਹੀਦੀ ਐ। ਜੀਹਦੇ ਕੋਲ ਤੰਦਰੁਸਤੀ ਐ ਉਹਦੇ ਕੋਲ ਸਾਰੀਆਂ ਦੌਲਤਾਂ।” ਉਹ ਸਰਬੱਤ ਦਾ ਭਲਾ ਲੋਚਦੈ ਤੇ ਹਰ ਇਕ ਨੂੰ ਸਿਹਤਯਾਬ ਵੇਖਣਾ ਚਾਹੁੰਦੈ। ਫੌਜਾ ਸਿੰਘ ਨਾਲ ਮੇਰੀ ਚੌਥੀ ਮੁਲਾਕਾਤ ਵੈਨਕੂਵਰ ਦੇ ਇਕ ਖੇਡ ਮੇਲੇ ‘ਚ ਹੋਈ। ਦੂਜੇ ਦਿਨ ਅਸੀਂ ਇਕ ਗੁਰੂਘਰ ਵਿਚ ‘ਕੱਠੇ ਹੋਏ ਜਿਥੇ ਸਾਨੂੰ ਸਿਰੋਪਿਆਂ ਦੀ ਬਖ਼ਸ਼ਿਸ਼ ਹੋਈ। ਪ੍ਰਬੰਧਕਾਂ ਨੇ ਫੌਜਾ ਸਿੰਘ ਨੂੰ ਕਿਰਾਏ ਭਾੜੇ ਵਜੋਂ ਲਫ਼ਾਫ਼ੇ ‘ਚ ਡਾਲਰ ਪਾ ਕੇ ਫੜਾਏ ਤਾਂ ਉਸ ਨੇ ਉਥੇ ਹੀ ਗੋਲਕ ਵਿਚ ਪਾ ਦਿੱਤੇ।  ਬਾਅਦ ਵਿਚ ਮੈਂ ਪੁੱਛਿਆ, ”ਜੇ ਤੁਹਾਡਾ ਗਿਆਰਾਂ ਲੱਖ ਰੁਪਏ ਨਾਲ ਮਾਨ ਸਨਮਾਨ ਕੀਤਾ ਜਾਵੇ ਤਾਂ ਉਹ ਪੈਸੇ ਕਿਵੇਂ ਵਰਤੋਗੇ?” ਉਸ ਨੇ ਪੁੱਛਿਆ, ”ਕਿਥੋਂ ਦੁਆਓਂਗੇ ਗਿਆਰਾਂ ਲੱਖ?” ਮੈਂ ਕਿਹਾ, ”ਕੀ ਪਤਾ ਸ਼੍ਰੋਮਣੀ ਕਮੇਟੀ ਹੀ ਦੇ ਦੇਵੇ?” ਫੌਜਾ ਸਿੰਘ ਦਾ ਉੱਤਰ ਸੀ, ”ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤਕ ਦੌੜਨ ਵੇਲੇ ਪੰਜਾਬ ਸਰਕਾਰ ਨੇ ਲੱਖ ਰੁਪਿਆ ਦਿੱਤਾ ਸੀ। ਉਹ ਆਪਾਂ ਓਥੇ ਈ ਵੰਡ ਦਿੱਤਾ। ਹੁਣ ਜੇ ਕੋਈ ਗਿਆਰਾਂ ਲੱਖ ਦੀ ਥਾਂ ਕਰੋੜ ਵੀ ਦੇਵੇ ਤਾਂ ਆਪਾਂ ਓਥੇ ਈ ਲੋੜਵੰਦਾਂ ‘ਚ ਵੰਡ ਦਿਆਂਗੇ। ਆਪਾਂ ਨੂੰ ਤਾਂ ਆਪਣੀ ਪਿਲਸ਼ਨ ਈ ਨੀ ਮੁੱਕਦੀ। ਹਫ਼ਤੇ ਦੇ 120 ਪੌਂਡ ਮਿਲ ਜਾਂਦੇ ਆ!”
ਉਸ ਨੇ ਭੇਤ ਦੀ ਗੱਲ ਦੱਸੀ ਕਿ ਘੱਟ ਖਾਣ ਨਾਲ ਬੰਦੇ ਘੱਟ ਮਰਦੇ ਨੇ ਤੇ ਵੱਧ ਖਾਣ ਨਾਲ ਵੱਧ। ਉਸ ਦੀ ਲੰਮੀ ਉਮਰ ਤੇ ਤੰਦਰੁਸਤ ਸਿਹਤ ਦਾ ਰਾਜ਼ ਵਾਧੂ ਖਾਣ ਪੀਣ ਤੋਂ ਪ੍ਰਹੇਜ਼ ਕਰਨਾ ਹੈ। ਉਹ ਸੁਆਦਾਂ ਮਗਰ ਨਹੀਂ ਜਾਂਦਾ। ਪੂੜੇ, ਪਰੌਂਠੇ ਤੇ ਪਕੌੜੇ ਖਾਣੇ ਉਹਨੇ ਬੜੀ ਦੇਰ ਦੇ ਛੱਡ ਰੱਖੇ ਨੇ। ਉਹ ਅਲਸੀ ਤੇ ਅਦਰਕ ਦੀ ਵਰਤੋਂ ਆਮ ਕਰਦੈ ਤੇ ਸੁੰਢ ਦੀ ਤਰੀ ਸ਼ੌਕ ਨਾਲ ਪੀਂਦੈ। ਨਸ਼ਿਆਂ ਤੋਂ ਬਚਿਆ ਹੋਇਐ। ਇਕ ਕਟੋਰੀ ਦਹੀਂ ਤੇ ਇਕ ਗਲਾਸ ਦੁੱਧ ਦਾ ਕਾਫੀ ਸਮਝਦੈ। ਫਲ ਖਾ ਲੈਂਦੈ ਤੇ ਨਾਲ ਸਬਜ਼ੀ ਸਲਾਦ। ਸੌ ਸਾਲ ਦੀ ਉਮਰ ਟੱਪ ਕੇ ਟੋਰਾਂਟੋ ਵਿਚ ਦੌੜਦਿਆਂ ਉਸ ਨੇ ਇਕੋ ਦਿਨ ਅੱਠ ਦੌੜਾਂ ਲਾਈਆਂ ਤੇ ਪੰਜ ਵਿਸ਼ਵ ਰਿਕਾਰਡ ਰੱਖੇ। ਉਹ 100 ਮੀਟਰ 23.14 ਸੈਕੰਡ, 200 ਮੀਟਰ 52.23, 400 ਮੀਟਰ 2:12.48, 800 ਮੀਟਰ 5:32.18, 1500 ਮੀਟਰ 11:27.81, ਇਕ ਮੀਲ 11:53.45 ਤੇ 5000 ਮੀਟਰ 49 ਮਿੰਟ 57.39 ਸੈਕੰਡ ਵਿਚ ਦੌੜਿਆ। ਬਾਅਦ ਵਿਚ ਉਸ ਨੇ ਭੰਗੜਾ ਵੀ ਪਾਇਆ।
ਉਹਦੇ ਨਾਲ ਮੇਰੀ ਪੰਜਵੀਂ ਮੁਲਾਕਾਤ ਮੇਰੇ ਪਿੰਡ ਚਕਰ ਵਿਚ ਹੋਈ। ਮਾਰਚ 2014 ਵਿਚ ਚਕਰ ਦੀ ਸ਼ੇਰੇ ਪੰਜਾਬ ਅਕੈਡਮੀ ਵੱਲੋਂ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਸੀ। ਉਹਨੀਂ ਦਿਨੀਂ ਫੌਜਾ ਸਿੰਘ ਆਪਣੇ ਪਿੰਡ ਆਇਆ ਹੋਇਆ ਸੀ। ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਦਾ ਜਨਮਦਾਤਾ ਅਜਮੇਰ ਸਿੰਘ ਸਿੱਧੂ ਟੋਰਾਂਟੋ ਦੀ ਵਾਟਰਫਰੰਟ ਮੈਰਾਥਨ ਦੌੜ ਤੋਂ ਹੀ ਫੌਜਾ ਸਿੰਘ ਦਾ ਜਾਣੂੰ ਸੀ। ਟੂਰਨਾਮੈਂਟ ਤੋਂ ਵਿਹਲੇ ਹੋ ਕੇ ਅਸੀਂ ਬਾਬੇ ਨੂੰ ਪਿੰਡ ਦਾ ਇਤਿਹਾਸਕ ਗੁਰਦਵਾਰਾ ਵਿਖਾਇਆ, ਝੀਲਾਂ ਵਿਖਾਈਆਂ ਤੇ ਕਿਸ਼ਤੀ ਵਿਚ ਝੀਲ ਦੀ ਸੈਰ ਕਰਾਈ। ਫੌਜਾ ਸਿੰਘ ਹੈਰਾਨ ਹੋਇਆ ਕਿ ਪੰਜਾਬ ਦੇ ਪਿੰਡ ਵਿਚ ਝੀਲ ਦੀ ਸੈਰ! ਉਸ ਨੇ ਪਿੰਡ ਦੀਆਂ ਮਾਡਰਨ ਸੱਥਾਂ ਵੇਖੀਆਂ ਤੇ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ। ਗਲੀਆਂ, ਫਿਰਨੀ ਤੇ ਰਾਹਾਂ ‘ਤੇ ਲਾਏ ਰੁੱਖ ਬੂਟੇ ਵੇਖੇ। ਚਕਰ ਦੇ ਸੀਵਰੇਜ ਸਿਸਟਮ ਨੂੰ ਸਲਾਹਿਆ। ਸਾਡੇ ਪਿੰਡ ਦੀਆਂ ਗੱਲਾਂ ਉਹ ਬਿਆਸਪਿੰਡ ਪਹੁੰਚ ਕੇ ਵੀ ਕਰਦਾ ਰਿਹਾ।
ਮੈਂ ਪੁੱਛਿਆ, ”ਇਸ ਉਮਰ ‘ਚ ਕੀ ਚੰਗਾ ਲੱਗਦੈ?”
ਜਵਾਬ ਮਿਲਿਆ, ”ਬੱਚੇ। ਬੱਚੇ ਰੱਬ ਦਾ ਰੂਪ ਹੁੰਦੇ ਨੇ। ਜਦੋਂ ਮੈਨੂੰ ਸਕੂਲਾਂ ‘ਚ ਜਾਣ ਦਾ ਮੌਕਾ ਮਿਲਦੈ ਤਾਂ ਬੱਚਿਆਂ ਨੂੰ ਦੇਖ ਕੇ ਮੇਰੀ ਰੂਹ ਖਿੜ ਜਾਂਦੀ ਐ। ਉਹਨਾਂ ਦੀ ਸੰਗਤ ਮੈਨੂੰ ਖ਼ੁਸ਼ੀ ਬਖ਼ਸ਼ਦੀ ਐ। ਮੈਂ ਆਪ ਤਾਂ ਸਕੂਲ ਕਾਲਜ ਗਿਆ ਨੀ, ਪਰ ਕਿੰਨੇ ਚੰਗੇ ਭਾਗ ਆ ਮੇਰੇ ਕਿ ਹੁਣ ਸਕੂਲਾਂ ‘ਚ ਜਾਣ ਦਾ ਮੌਕਾ ਮਿਲ ਰਿਹੈ। ਮੇਰੇ ਦਿਲ ‘ਚ ਬੱਚਿਆਂ ਵਰਗੀ ਖ਼ੁਸ਼ੀ ਫੁੱਟਦੀ ਰਹਿੰਦੀ ਆ। ਬੱਚਿਆਂ ਵਾਂਗ ਮੈਂ ਵੀ ਲੋਭ-ਲਾਲਚ ਤੋਂ ਪਰੇ ਆਂ। ਤਾਂਹੀਓਂ ਉਹ ਮੈਨੂੰ ਭਾਉਂਦੇ ਆ। ਮੈਂ ਨਵੀਆਂ ਜੰਮੀਆਂ ਬੱਚੀਆਂ ਲਈ ਚੈਰਿਟੀ ਦੌੜਾਂ ਦੌੜਦਾਂ। ਮੇਰਾ ਸੁਭਾਗ ਐ ਕਿ ਬੁੱਢੀ ਉਮਰ ਦਾ ਆਦਮੀ ਨਿੱਕੀ ਉਮਰ ਵਾਲਿਆਂ ਲਈ ਦੌੜਦੈ। ਵੈਸੇ ਮੈਂ ਬੁੱਢਾ ਨਹੀਂ, ਲੋਕਾਂ ਨੂੰ ਐਵੇਂ ਵਹਿਮ ਈ ਐਂ। ਧੁਰ ਅੰਦਰੋਂ ਤਾਂ ਮੈਂ ਬੱਚਾ ਈ ਆਂ!”
”ਜੀਵਨ ਜਿਥੇ ਲੈ ਆਇਆ, ਉਸ ਮੁਕਾਮ ‘ਤੇ ਕੀ ਮਹਿਸੂਸ ਕਰਦੇ ਓ?”
”ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ। ਜਦੋਂ ਮੈਂ ਸਦਮੇ ‘ਚੋਂ ਗੁਜ਼ਰ ਰਿਹਾ ਸੀ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਤੇ ਆਪਣੀ ਬੁੱਕਲ ‘ਚ ਸਮੋ ਲਿਆ। ਮੈਂ ਕੌਣ ਆਂ ਦੌੜਨ ਵਾਲਾ? ਹਾਂ, ਇਕ ਗੱਲ ਪੱਕੀ ਐ ਕਿ ਮੈਂ ਕਦੇ ਲਾਲਚ ਲਈ ਨੀ ਦੌੜਿਆ। ਜੋ ਪੈਸਾ ਧੇਲਾ ਦੌੜਾਂ ‘ਚੋਂ ਮਿਲਿਆ, ਉਹ ਚੈਰਿਟੀ ਦੇ ਕੰਮਾਂ ਨੂੰ ਦਾਨ ਦੇ ਦਿੱਤਾ। ਸੋਚਦਾਂ ਖੌਰੇ ਕਦੇ ਕਿਸੇ ਗ਼ਰੀਬ ਦਾ ਭਲਾ ਕੀਤਾ ਹੋਊ ਜੀਹਦੀਆਂ ਅਸੀਸਾਂ ਨਾਲ ਦੌੜੀ ਜਾ ਰਿਹਾਂ।”
”ਤੁਸੀਂ ਦੁਨੀਆ ਦੇਖੀ ਹੈ, ਸਭ ਤੋਂ ਚੰਗੀ ਥਾਂ ਕਿਹੜੀ ਹੈ।”
ਬਾਬਾ ਮੁਸਕਰਾਇਆ, ”ਜਿਥੇ ਤੁਸੀਂ ਵਸਦੇ ਓ, ਓਹੀ ਥਾਂ ਸਭ ਤੋਂ ਚੰਗੀ ਐ। ਗੁਰਦਾਸ ਮਾਨ ਦਾ ਗੀਤ ‘ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ’ ਮੇਰਾ ਮਨਭਾਉਂਦਾ ਗੀਤ ਐ। ਇਹ ਜੀਵਨ ਦਾ ਸੱਚ ਬਿਆਨਦੈ। ਵੈਸੇ ਬੱਚੇ ਨੂੰ ਉਹ ਥਾਂ ਚੰਗੀ ਲੱਗਦੀ ਐ ਜਿਥੇ ਉਹਦੇ ਮਾਪੇ ਹੋਣ, ਬਾਲਗ ਨੂੰ ਉਹ ਥਾਂ ਚੰਗੀ ਲੱਗਦੀ ਐ ਜਿਥੇ ਉਹਨੂੰ ਰੁਜ਼ਗਾਰ ਮਿਲੇ ਤੇ ਪ੍ਰੇਮੀ ਨੂੰ ਉਹ ਥਾਂ ਪਿਆਰੀ ਜਿਥੇ ਉਹਦਾ ਪਿਆਰਾ ਵੱਸਦਾ ਹੋਵੇ।”
”ਹੋਰ ਕਿੰਨੀ ਕੁ ਉਮਰ ਜਿਊਣ ਦਾ ਇਰਾਦੈ?”  ਬਾਬਾ ਖੇੜੇ ਵਿਚ ਸੀ, ”ਦਿਲ ਹੋਣਾ ਚਾਹੀਦੈ ਜੁਆਨ ਉਮਰਾਂ ‘ਚ ਕੀ ਰੱਖਿਐ?”

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …