ਨਵੇਂ ਖਰਚੇ ਕਰਨ ਤੋਂ ਲਿਬਰਲ ਸਰਕਾਰ ਹਟੀ ਪਿੱਛੇ, ਪੁਰਾਣੇ ਫੰਡਾਂ ‘ਤੇ ਹੀ ਧਿਆਨ ਕੇਂਦਰਿਤ
ਓਟਵਾ/ਬਿਊਰੋ ਨਿਊਜ਼
ਆਰਥਿਕ ਸੰਕਟ ਦਾ ਅਸਰ ਟਰੂਡੋ ਸਰਕਾਰ ਦੇ ਬਜਟ ‘ਤੇ ਸਾਫ ਨਜ਼ਰ ਆਇਆ। ਸਾਲ 2017 ਦੇ ਬਜਟ ਵਿੱਚ ਲਿਬਰਲ ਸਰਕਾਰ ਵੱਲੋਂ ਕੋਈ ਨਵਾਂ ਖਰਚਾ ਕਰਨ ਦੀ ਗੱਲ ਨਹੀਂ ਆਖੀ ਗਈ ਹੈ। ਆਰਥਿਕ ਸੰਕਟ ਦੇ ਚੱਲਦਿਆਂ ਸਰਕਾਰ ਪਹਿਲਾਂ ਤੋਂ ਹੀ ਐਲਾਨੇ ਗਏ ਫੰਡਾਂ ਉੱਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ।
304.7 ਬਿਲੀਅਨ ਡਾਲਰ ਦੇ ਬਜਟ ਵਿੱਚੋਂ ਅਗਲੇ ਸਾਲ ਕੁੱਲ ਨਵਾਂ ਖਰਚਾ 1.3 ਬਿਲੀਅਨ ਡਾਲਰ ਰੱਖਿਆ ਗਿਆ ਹੈ ਸਗੋਂ ਖਰਚੀ ਜਾਣ ਵਾਲੀ ਰਕਮ ਪਹਿਲਾਂ ਤੋਂ ਹੀ ਤੈਅ ਯੋਜਨਾਵਾਂ ‘ਚ ਲਾਈ ਜਾਵੇਗੀ। 2021-2022 ਵਿੱਚ ਖਰਚ ਕੀਤੀ ਜਾਣ ਵਾਲੀ ਰਕਮ ਵਿੱਚ 8.2 ਬਿਲੀਅਨ ਡਾਲਰ ਦਾ ਵਾਧਾ ਕੀਤਾ ਜਾਵੇਗਾ। ਲਿਬਰਲਾਂ ਵੱਲੋਂ ਬਹੁਤਾ ਜ਼ੋਰ ਮੱਧ-ਵਰਗ ਦੀ ਮਦਦ ਲਈ ਲਿਆਂਦੀਆਂ ਜਾਣ ਵਾਲੀਆਂ ਨੀਤੀਆਂ ਉੱਤੇ ਲਾਇਆ ਗਿਆ ਹੈ। ਇਸ ਤੋਂ ਇਲਾਵਾ ਹੈਲਥ ਕੇਅਰ, ਮਾਪਿਆਂ ਜਾਂ ਪਰਿਵਾਰਕ ਛੁੱਟੀਆਂ ਲਈ ਵਧੇਰੇ ਥਾਂ ਤੇ ਕਮਿਊਨਿਟੀ ਇਨਫਰਾਸਟ੍ਰਕਚਰ ਉੱਤੇ ਧਿਆਨ ਦੇਣ ਦੀ ਵੀ ਗੱਲ ਕੀਤੀ ਗਈ ਹੈ।
ਵਿੱਤ ਮੰਤਰੀ ਬਿੱਲ ਮੌਰਨਿਊ ਨੇ ਆਪਣੇ ਹਿਸਾਬ ਕਿਤਾਬ ਵਿੱਚ 3 ਬਿਲੀਅਨ ਡਾਲਰ ਹੰਗਾਮੀ ਲੋੜਾਂ ਪੂਰੀਆਂ ਕਰਨ ਲਈ ਵੀ ਰੱਖੇ ਹਨ। ਉਨ੍ਹਾਂ ਦੇ ਮੁਤਾਬਕ ਘਾਟਾ 28.5 ਬਿਲੀਅਨ ਡਾਲਰ ਹੋਵੇਗਾ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ 2021-22 ਵਿੱਚ ਇਹ ਘਾਟਾ ਘਟ ਕੇ 18.8 ਬਿਲੀਅਨ ਡਾਲਰ ਰਹਿ ਜਾਵੇਗਾ। ਸਰਕਾਰ ਨੇ 2016-17 ਦਾ ਵਿੱਤੀ ਵਰ੍ਹਾ ਉਮੀਦ ਨਾਲੋਂ ਵਧੀਆ ਢੰਗ ਨਾਲ ਖ਼ਤਮ ਕੀਤਾ। ਪਿਛਲੇ ਸਾਲ 25.1 ਬਿਲੀਅਨ ਡਾਲਰ ਦੇ ਘਾਟੇ ਦੀ ਪੇਸ਼ੀਨਗੋਈ ਕੀਤੀ ਗਈ ਸੀ ਪਰ ਘਾਟਾ 21.8 ਬਿਲੀਅਨ ਡਾਲਰ ਹੀ ਰਿਹਾ। ਬਜਟ ਬ੍ਰੀਫਿੰਗ ਵਿੱਚ ਮੌਰਨਿਊ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਪਿਛਲੇ ਬਜਟ ਵਿੱਚ ਬੜੀ ਹੀ ਜ਼ਿੰਮੇਵਰਾਨਾ ਪਹੁੰਚ ਵਿਖਾਈ ਹੈ। ਹੁਣ ਵੀ ਅਸੀਂ ਇਸ ਜ਼ਿੰਮੇਵਾਰੀ ਨੂੰ ਹੀ ਅੱਗੇ ਨਿਭਾਵਾਂਗੇ। ਅਸੀਂ ਇਸ ਨੂੰ ਕੈਨੇਡਾ ਦੇ ਭਵਿੱਖ ਲਈ ਬਹੁਤ ਹੀ ਮਹੱਤਵਪੂਰਨ ਯੋਜਨਾ ਮੰਨਦੇ ਹਾਂ। ਜਿਵੇਂ ਕਿ ਉਮੀਦ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਹੁਨਰ, ਨਿਵੇਕਲੀਆਂ ਕਾਢਾਂ ਤੇ ਰੋਜ਼ਗਾਰ ਲਈ ਹੀ ਬਹੁਤਾ ਪੈਸਾ ਰੱਖਿਆ ਹੈ। ਇਸ ਸਾਲ ਇਸ ਮਕਸਦ ਲਈ 504 ਮਿਲੀਅਨ ਡਾਲਰ ਰੱਖੇ ਗਏ ਹਨ ਜਿਨ੍ਹਾਂ ਨੂੰ 2021-2022 ਵਿੱਚ ਵਧਾ ਕੇ 1.4 ਬਿਲੀਅਨ ਡਾਲਰ ਤੱਕ ਕਰ ਦਿੱਤਾ ਜਾਵੇਗਾ। ਸੱਭ ਤੋਂ ਵੱਧ ਖਰਚ ਇਨਫਰਾਸਟ੍ਰਕਚਰ ਤੇ ਸੋਸ਼ਲ ਪ੍ਰੋਗਰਾਮਾਂ ਉੱਤੇ ਕੀਤਾ ਜਾਵੇਗਾ ਤੇ ਪਬਲਿਕ ਟਰਾਂਜ਼ਿਟ ਲਈ 11 ਸਾਲਾਂ ਵਿੱਚ 20.1 ਬਿਲੀਅਨ ਡਾਲਰ ਖਰਚ ਕਰਨ ਦੀ ਵੀ ਗੱਲ ਆਖੀ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …