Breaking News
Home / ਜੀ.ਟੀ.ਏ. ਨਿਊਜ਼ / ਲਿਬਰਲ ਪਾਰਟੀ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼

ਲਿਬਰਲ ਪਾਰਟੀ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼

ਓਟਵਾ/ਬਿਊਰੋ ਨਿਊਜ਼ : ਹਾਊਸਿੰਗ ਉੱਤੇ ਹੱਦੋਂ ਵੱਧ ਖਰਚਾ ਕਰਨ ਦੀ ਯੋਜਨਾ ਦੇ ਬਾਵਜੂਦ ਫੈਡਰਲ ਸਰਕਾਰ ਓਨੇ ਘਾਟੇ ਵਿੱਚ ਨਹੀਂ ਗਈ ਜਿੰਨਾ ਕਿ ਪਹਿਲਾ ਕਿਆਫੇ ਲਾਏ ਜਾ ਰਹੇ ਸਨ। ਇਹ ਸਭ ਨਿੱਜੀ ਇਨਕਮ ਟੈਕਸ ਤੋਂ ਹਾਸਲ ਹੋਣ ਵਾਲੀ ਆਮਦਨ ਤੇ ਵੱਡੇ ਮੁਨਾਫਿਆਂ ਤੋਂ ਵਸੂਲੇ ਜਾਣ ਵਾਲੇ ਟੈਕਸਾਂ ਸਬੰਧੀ ਪ੍ਰਸਤਾਵਿਤ ਤਬਦੀਲੀਆਂ ਸਦਕਾ ਹੀ ਹੋਇਆ। ਇਸ ਦੌਰਾਨ ਬਿਜ਼ਨਸ ਗਰੁੱਪਜ਼ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨਾਲ ਨਿਵੇਸ਼ ਘਟੇਗਾ।
ਮੰਗਵਲਵਾਰ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬਜਟ ਪੇਸ਼ ਕੀਤਾ। ਫਰੀਲੈਂਡ ਇਸ ਵਿੱਚ ਮੱਧ ਵਰਗ ਉੱਤੇ ਇਨਕਮ ਟੈਕਸ ਵਿੱਚ ਵਾਧਾ ਕੀਤੇ ਬਿਨਾਂ ਘਾਟੇ ਨੂੰ ਘੱਟ ਰੱਖਣ ਦੇ ਆਪਣੇ ਵਾਅਦੇ ਉੱਤੇ ਪੂਰੀ ਉਤਰੀ। ਬਜਟ ਵਿੱਚ ਸਾਲ 2024-25 ਦੇ ਵਿੱਤੀ ਵਰ੍ਹੇ ਲਈ 39.8 ਬਿਲੀਅਨ ਡਾਲਰ ਦਾ ਘਾਟਾ ਪੇਸ਼ ਕੀਤਾ ਗਿਆ। ਇਹ ਪਿਛਲੇ ਸਾਲ ਸੰਭਾਵੀ ਤੌਰ ਉੱਤੇ ਕਿਆਸੇ ਗਏ 40 ਬਿਲੀਅਨ ਡਾਲਰ ਤੋਂ ਮਾਮੂਲੀ ਘੱਟ ਸੀ।
ਬਜਟ ਵਿੱਚ ਬਹੁਤਾ ਜ਼ੋਰ ਨੌਜਵਾਨਾਂ, ਮਿਲੇਨੀਅਲਜ਼ ਤੇ ਜੈਨ ਜੀਜ਼, ਦੀ ਮਦਦ ਕਰਨ ਵੱਲ ਲਾਇਆ ਗਿਆ। ਇਸ ਲਈ ਕਿਰਾਏ ਉੱਤੇ ਘਰ ਲੈਣ ਵਾਲਿਆਂ ਤੇ ਪਹਿਲੀ ਵਾਰੀ ਆਪਣਾ ਘਰ ਖਰੀਦਣ ਵਾਲਿਆਂ ਦੀ ਮਦਦ ਲਈ ਨਵੇਂ ਪ੍ਰੋਗਰਾਮ ਪੇਸ਼ ਕੀਤੇ ਗਏ। ਵਿੱਤ ਮੰਤਰੀ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਉਨ੍ਹਾਂ ਦੀ ਉਮਰ ਤੇ ਉਨ੍ਹਾਂ ਤੋਂ ਵੱਡੀ ਉਮਰ ਦੇ ਕੈਨੇਡੀਅਨਜ਼ ਦੀ ਇੱਛਾ ਨੌਜਵਾਨ ਕੈਨੇਡੀਅਨਜ਼ ਨੂੰ ਸਫਲ ਹੁੰਦਾ ਵੇਖਣ ਦੀ ਹੈ ਤੇ ਇਸ ਲਈ ਅਸੀਂ ਸਾਰੇ ਹੀ ਇਹ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਇਸ ਸਫਲਤਾ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ।
ਬਜਟ ਵਿੱਚ ਅਗਲੇ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਲਈ ਨਵੇਂ ਖਰਚਿਆਂ ਵਾਸਤੇ 53 ਬਿਲੀਅਨ ਡਾਲਰ ਰੱਖੇ ਜਾਣ ਦੀ ਗੱਲ ਆਖੀ ਗਈ। ਇਹ ਸਭ ਹਾਊਸਿੰਗ ਸਪਲਾਈ ਦੇ ਸੰਕਟ ਨੂੰ ਦੂਰ ਕਰਨ ਲਈ ਨਵੇਂ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ, ਘੱਟ ਆਮਦਨ ਵਾਲੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੀਲਜ਼ ਮੁਹੱਈਆ ਕਰਵਾਉਣ ਤੇ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਲਈ ਪਹਿਲਾ ਕਦਮ ਚੁੱਕਣ ਲਈ ਕੀਤਾ ਗਿਆ।
2015 ਵਿੱਚ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਲਿਬਰਲ ਸਰਕਾਰ ਹਰ ਸਾਲ ਘਾਟੇ ਵਿੱਚ ਹੀ ਰਹੀ ਹੈ। ਇਸ ਸਾਲ ਦੇ ਬਜਟ ਵਿੱਚ ਇਹ ਦਰਸਾਇਆ ਗਿਆ ਕਿ 2028-29 ਵਿੱਚ ਇਹ ਘਾਟਾ 20 ਬਿਲੀਅਨ ਡਾਲਰ ਤੱਕ ਘੱਟ ਜਾਵੇਗਾ ਪਰ ਫਰੀਲੈਂਡ ਵੱਲੋਂ ਬਜਟ ਨੂੰ ਸੰਤੁਲਿਤ ਕਰਨ ਲਈ ਕੋਈ ਤਰੀਕ ਨਿਰਧਾਰਤ ਨਹੀਂ ਕੀਤੀ ਗਈ। ਉਦੋਂ ਤੱਕ ਸਰਕਾਰ ਦਾ ਕੁੱਲ ਘਾਟਾ 200 ਬਿਲੀਅਨ ਡਾਲਰ ਦੇ ਨੇੜੇ ਤੇੜੇ ਪਹੁੰਚਣ ਦੀ ਸੰਭਾਵਨਾ ਹੈ। ਬਜਟ ਵਿੱਚ ਜੂਨ ਦੇ ਸੁ ਵਿੱਚ ਸ਼ੁਰੂ ਕਰਦਿਆਂ ਇਨਕਲੂਜ਼ਨ ਰੇਟ ਨੂੰ ਕੈਪੀਟਲ ਗੇਨਜ਼ ਦਾ ਅੱਧੇ ਤੋਂ ਦੋ ਤਿਹਾਈ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਇਸ ਵਿੱਚ ਸੱਭ ਤੋਂ ਵੱਧ ਪੈਸੇ ਵਾਲਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਕਨਸੋਆਂ ਹਨ।
ਰੋਜ਼ਗਾਰ ਦੇ ਉੱਚੇ ਪੱਧਰ ਨੂੰ ਵੇਖਦਿਆਂ ਸਰਕਾਰ ਨੂੰ ਆਸ ਹੈ ਕਿ ਨਿਜੀ ਇਨਕਮ ਟੈਕਸ ਵਿੱਚ 6.9 ਫੀ ਸਦੀ ਦਾ ਵਾਧਾ ਹੋਵੇਗਾ। ਹਾਲਾਂਕਿ ਇਹ ਅੰਦਾਜ਼ੇ ਵੀ ਲਾਏ ਜਾ ਰਹੇ ਸਨ ਕਿ ਫਰੀਲੈਂਡ ਉੱਚਾ ਮੁਨਾਫਾ ਕਮਾਉਣ ਵਾਲੀਆਂ ਕਾਰਪੋਰੇਸ਼ਨਾਂ ਜਿਵੇਂ ਕਿ ਗਰੌਸਰੀ ਸਟੋਰ ਚੇਨਜ਼ ਜਾਂ ਟੈਲੀਕਮਿਊਨਿਕੇਸ਼ਨ ਕੰਪਨੀਆਂ ਆਦਿ ਉੱਤੇ ਹੋਰ ਟੈਕਸ ਲਾਵੇਗੀ ਪਰ ਬਜਟ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ।
ਪਿਛਲੇ ਕਈ ਬਜਟ ਵਿੱਚ ਬਹੁਤਾ ਜ਼ੋਰ ਕਲਾਈਮੇਟ ਚੇਂਜ ਨਾਲ ਨਜਿੱਠਣ ਵਰਗੇ ਮੁੱਦਿਆਂ ਉੱਤੇ ਦਿੱਤਾ ਗਿਆ ਪਰ ਇਸ ਵਾਰੀ ਜ਼ਿਆਦਾ ਤਵੱਜੋ ਹਾਊਸਿੰਗ ਤੇ ਅਫੋਰਡੇਬਿਲਿਟੀ ਵਰਗੇ ਮੁੱਦਿਆਂ ਉੱਤੇ ਦਿੱਤੀ ਗਈ। ਇਲੈਕਟ੍ਰਿਕ ਗੱਡੀਆਂ ਖਰੀਦਣ ਲਈ ਫੈਡਰਲ ਸਰਕਾਰ ਵੱਲੋਂ ਛੋਟ ਦੇਣ ਲਈ 607.9 ਮਿਲੀਅਨ ਡਾਲਰ ਵੀ ਪਾਸੇ ਰੱਖੇ ਗਏ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …