9.4 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9...

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ
ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ ਪਹਿਲਾਂ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਦੇ ਸਬੰਧ ਵਿੱਚ ਪੁਲਿਸ ਨੇ ਨੌਂ ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਇਨ੍ਹਾਂ ਵਿੱਚ ਏਅਰ ਕੈਨੇਡਾ ਦੇ ਮੁਲਾਜ਼ਮ ਵੀ ਸ਼ਾਮਲ ਹਨ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਨੇ ਦਿੱਤੀ।
ਲੰਘੇ ਦਿਨੀਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਪੁਲਿਸ ਨੇ ਯੂਐਸ ਅਲਕੋਹਲ, ਟੋਬੈਕੋ ਐਂਡ ਫਾਇਰਆਰਮ ਬਿਊਰੋ ਦੀ ਮੌਜੂਦਗੀ ਵਿੱਚ ਇਨ੍ਹਾਂ ਗ੍ਰਿਫਤਾਰੀਆਂ ਦਾ ਐਲਾਨ ਕੀਤਾ। ਇਸ ਸਾਂਝੀ ਜਾਂਚ ਨੂੰ ਪ੍ਰੋਜੈਕਟ 24 ਕੇ ਦਾ ਨਾਂ ਦਿੱਤਾ ਗਿਆ ਸੀ ਜੋ ਕਿ 24 ਕੈਰੇਟ ਗੋਲਡ ਦਾ ਹੀ ਨਿੱਕਾ ਨਾਂ ਸੀ। ਪੀਲ ਪੁਲਿਸ ਦੇ ਚੀਫ ਨਿਸ਼ਾਨ ਦੁਰੱਈਅੱਪਾ ਨੇ ਆਖਿਆ ਕਿ ਇਹ ਕਹਾਣੀ ਤਾਂ ਨੈੱਟਫਲਿਕਸ ਸੀਰੀਜ਼ ਵਰਗੀ ਲੱਗੀ।
ਨੌਂ ਵਿੱਚੋਂ ਤਿੰਨ ਮਸ਼ਕੂਕਾਂ ਦੀ ਪਛਾਣ 25 ਸਾਲਾ ਦੁਰਾਂਤੇ ਕਿੰਗ ਮੈਕਲੀਨ, 34 ਸਾਲਾ ਪ੍ਰਸਾਥ ਪਰਮਾਲਿੰਗਮ ਤੇ 36 ਸਾਲਾ ਅਰਚਿਤ ਗਰੋਵਰ, ਇਹ ਸਾਰੇ ਬਰੈਂਪਟਨ ਤੋਂ ਹਨ, ਵਜੋਂ ਕੀਤੀ ਗਈ ਹੈ।
ਕਿੰਗ ਮੈਕਲੀਨ ਤੇ ਗਰੋਵਰ ਕੈਨੇਡਾ ਭਰ ਵਿੱਚ ਵਾਂਟਿਡ ਹਨ। ਇਨ੍ਹਾਂ ਤੋਂ ਇਲਾਵਾ ਬਰੈਂਪਟਨ ਦੇ 54 ਸਾਲਾ ਪਰਮਪਾਲ ਸਿੱਧੂ (ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਸੀ), ਓਕਵਿੱਲ ਤੋਂ 40 ਸਾਲਾ ਅਮਿਤ ਜਲੋਟਾ, ਜਾਰਜਟਾਊਨ ਤੋਂ 43 ਸਾਲਾ ਅਮਾਦ ਚੌਧਰੀ, ਟੋਰਾਂਟੋ ਤੋਂ 37 ਸਾਲਾ ਅਲੀ ਰਜ਼ਾ ਤੇ ਪਰਮਾਲਿੰਗਮ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸ਼ਰਤਾਂ ਉੱਤੇ ਰਿਹਾਅ ਕਰ ਦਿੱਤਾ ਗਿਆ।
ਬਰੈਂਪਟਨ ਦੇ 31 ਸਾਲਾ ਸਿਮਰਨਪ੍ਰੀਤ ਪਨੇਸਰ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਸੀ ਤੇ ਚੋਰੀ ਸਮੇਂ ਏਅਰਲਾਈਨ ਨਾਲ ਕੰਮ ਕਰ ਰਿਹਾ ਸੀ, ਦੇ ਨਾਲ ਨਾਲ ਬਰੈਂਪਟਨ ਦੇ 42 ਸਾਲਾ ਅਰਸਾਲਾਨ ਚੌਧਰੀ ਤੇ ਗਰੋਵਰ ਦੇ ਕੈਨੇਡਾ ਭਰ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਕਿੰਗ ਮੈਕਲੀਨ, ਪਰਮਾਲਿੰਗਮ ਤੇ ਗਰੋਵਰ ਨੂੰ ਅਮਰੀਕਾ ਵਿੱਚ ਇੰਟਰਨੈਸ਼ਨਲ ਪੱਧਰ ਉੱਤੇ ਹਥਿਆਰਾਂ ਦੀ ਸਮਗਲਿੰਗ ਲਈ ਦੋਸ਼ੀ ਪਾਇਆ ਜਾ ਚੁੱਕਿਆ ਹੈ।
ਅਮਰੀਕੀ ਅਧਿਕਾਰੀਆਂ ਨੂੰ ਸਤੰਬਰ 2023 ਵਿੱਚ ਉਸ ਸਮੇਂ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਜਦੋਂ ਚੋਰੀ ਤੋਂ ਕੁੱਝ ਮਹੀਨੇ ਬਾਅਦ ਮਸ਼ਕੂਕ ਕਿੰਗ ਮੈਕਲੀਨ ਨੂੰ ਪੈਨਸਿਲਵੇਨੀਆਂ ਵਿੱਚ ਮੋਟਰ ਵ੍ਹੀਕਲ ਉਲੰਘਣਾ ਦੇ ਸਬੰਧ ਵਿੱਚ ਰੋਕਿਆ ਗਿਆ।
ਪੁਲਿਸ ਨੇ ਪਾਇਆ ਕਿ ਇਸ ਦੌਰਾਨ ਪੈਦਲ ਹੀ ਫਰਾਰ ਹੋਇਆ ਮੈਕਲੀਨ ਦੇਸ਼ ਵਿੱਚ ਗੈਰਕਾਨੂੰਨੀ ਤੌਰ ਉੱਤੇ ਘੁੰਮ ਰਿਹਾ ਸੀ। ਇਸ ਸਮੇਂ ਉਹ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਚੋਰੀ ਦੇ ਸਬੰਧ ਵਿੱਚ ਕੈਨੇਡਾ ਭਰ ਵਿੱਚ ਉਹ ਵਾਂਟਿਡ ਹੈ। ਉਸ ਦੀ ਗੱਡੀ ਦੀ ਤਲਾਸ਼ੀ ਲਏ ਜਾਣ ਉੱਤੇ 65 ਹਥਿਆਰ ਮਿਲੇ ਜਿਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਵਿੱਚ ਸਮਗਲ ਕੀਤਾ ਜਾਣਾ ਸੀ। ਅਮਰੀਕਾ ਦੇ ਅਟਾਰਨੀ ਆਫਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਰਮਾਲਿੰਗਮ ਵੀ ਹਥਿਆਰਾਂ ਦੀ ਇਸ ਸਮਗਲਿੰਗ ਵਿੱਚ ਕਿੰਗ ਮੈਕਲੀਨ ਨਾਲ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ 6,600 ਗੋਲਡ ਬਾਰਜ਼ ਵਾਲੀ ਫਲਾਈਟ ਜਿਊਰਿਖ਼, ਸਵਿੱਟਜ਼ਰਲੈਂਡ ਤੋਂ 18 ਅਪਰੈਲ, 2023 ਨੂੰ ਦੁਪਹਿਰੇ 4:00 ਵਜੇ ਤੋਂ ਪਹਿਲਾਂ ਪੀਅਰਸਨ ਏਅਰਪੋਰਟ ਉਤਰੀ। ਪੁਲਿਸ ਨੇ ਦੱਸਿਆ ਕਿ ਇਸ ਸੋਨੇ ਦੀ ਖੇਪ ਨੂੰ ਇੱਕ ਕੰਟੇਨਰ ਵਿੱਚ ਏਅਰ ਕੈਨੇਡਾ ਦੇ ਏਅਰਪੋਰਟ ਸਥਿਤ ਗੋਦਾਮ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ।
18 ਅਪਰੈਲ, 2023 ਨੂੰ 3:00 ਵਜੇ ਤੋਂ ਪਹਿਲਾਂ ਪੀਲ ਰੀਜਨਲ ਪੁਲਿਸ ਨੂੰ ਰਿਪੋਰਟ ਕੀਤਾ ਗਿਆ ਕਿ 400 ਕਿੱਲੋ ਸੋਨੇ, ਜਿਸ ਦਾ ਮੁੱਲ 20 ਮਿਲੀਅਨ ਡਾਲਰ ਤੇ ਜਿਸ ਵਿੱਚ 2 ਮਿਲੀਅਨ ਡਾਲਰ ਦੀ ਕਰੰਸੀ ਹੈ, ਚੋਰੀ ਹੋ ਗਿਆ ਹੈ।
ਪੀਲ ਰੀਜਨਲ ਪੁਲਿਸ ਅਧਿਕਾਰੀਆਂ ਨੇ ਇੱਕ ਟਰਾਂਸਪੋਰਟ ਟਰੱਕ ਨੂੰ ਟਰੈਕ ਕੀਤਾ, ਜਿਸ ਵਿੱਚ ਚੋਰੀ ਦਾ ਸੋਨਾ ਸੀ ਤੇ ਜਿਸ ਨੂੰ ਬੁੱਧਵਾਰ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਵੀ ਪੇਸ਼ ਕੀਤਾ ਗਿਆ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਡਰਾਈਵਰ ਕਿੰਗ ਮੈਕਲੀਨ ਸੀ ਤੇ ਸੋਨੇ ਦੀ ਵਰਤੋਂ ਬਰੇਸਲੇਟਸ ਤੇ ਹੋਰ ਗਹਿਣੇ ਆਦਿ ਬਣਾਉਣ ਲਈ ਕੀਤੀ ਗਈ।
ਇਹ ਸੋਨਾ ਵੇਚ ਕੇ ਕਮਾਏ ਗਏ 430,000 ਡਾਲਰ ਦੇ ਮੁਨਾਫੇ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਦੌਰਾਨ ਗ੍ਰਿਫਤਾਰ ਕੀਤੇ ਗਿਆ ਵਿਅਕਤੀ ਰਜ਼ਾ ਚੋਰੀ ਸਮੇਂ ਜਿਊਲਰੀ ਸਟੋਰ ਆਪਰੇਟ ਕਰ ਰਿਹਾ ਸੀ।

 

RELATED ARTICLES
POPULAR POSTS