ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ ਨੇ ਆਖਿਆ ਕਿ ਮੁਜ਼ਾਹਰਿਆਂ ਨੂੰ ਖ਼ਤਮ ਕਰਨ ਲਈ ਟਰੂਡੋ ਅਮਰੀਕਾ ਦੇ ਨੁਮਾਇੰਦਿਆਂ ਨਾਲ ਰਲ ਕੇ ਹਰ ਹੀਲਾ ਵਰਤਣ ਲਈ ਤਿਆਰ ਹਨ। ਇਹ ਵੀ ਦੱਸਿਆ ਗਿਆ ਕਿ ਫੈਡਰਲ ਮੰਤਰੀ ਤੇ ਉੱਘੇ ਕੈਨੇਡੀਅਨ ਅਧਿਕਾਰੀ ਅਮਰੀਕੀ ਨੁਮਾਇੰਦਿਆਂ ਨਾਲ ਰਲ ਕੇ ਟਰੱਕਰ ਕੌਨਵੌਏ ਦੇ ਮੁਜ਼ਾਹਰਿਆਂ ਨੂੰ ਨਿਯੰਤਰਿਤ ਕਰਨ ਬਾਰੇ ਵਿਚਾਰਾਂ ਕਰ ਰਹੇ ਹਨ। ਇਨ੍ਹਾਂ ਮੁਜ਼ਾਹਰਿਆਂ ਖਿਲਾਫ ਕੈਨੇਡਾ ਤੇ ਅਮਰੀਕਾ ਵਿੱਚ ਭਾਰੀ ਸਿਆਸੀ ਦਬਾਅ ਦੇ ਚੱਲਦਿਆਂ ਦੋਵੇਂ ਸਰਕਾਰਾਂ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੁੰਦੀਆਂ ਹਨ। ਵੀਰਵਾਰ ਦੇਰ ਰਾਤ ਨੂੰ ਟਰੂਡੋ ਨੇ ਕਾਫੀ ਮੀਟਿੰਗਾਂ ਕੀਤੀਆਂ ਤੇ ਹਾਲਾਤ ਦਾ ਜਾਇਜ਼ਾ ਲਿਆ। ਕਈ ਕੈਬਨਿਟ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਇਹ ਮੁੱਦਾ ਵਿਚਾਰਿਆ ਗਿਆ। ਇੱਥੇ ਹੀ ਬੱਸ ਨਹੀਂ ਟਰੂਡੋ ਤੇ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਵਿਰੋਧੀ ਧਿਰਾਂ ਨੂੰ ਵੀ ਇਨ੍ਹਾਂ ਮੀਟਿੰਗਾਂ ਵਿੱਚ ਅਹਿਮ ਹਿੱਸਾ ਬਣਾਇਆ ਗਿਆ ਤੇ ਉਨ੍ਹਾਂ ਦੀ ਰਾਇ ਨੂੰ ਵੀ ਅਹਿਮੀਅਤ ਦਿੱਤੀ ਗਈ। ਇਸ ਬਿਆਨ ਵਿੱਚ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਤੇ ਮੰਤਰੀ ਸਰਕਾਰ ਦੇ ਸਾਰੇ ਪੱਧਰਾਂ ਨਾਲ ਰਲ ਕੇ ਕਿਸੇ ਸਾਂਝੇ ਫੈਸਲੇ ਉੱਤੇ ਪਹੁੰਚਣਾ ਚਾਹੁੰਦੇ ਹਨ। ਜਿ਼ਕਰਯੋਗ ਹੈ ਕਿ ਟਰੱਕਰਜ਼ ਵੱਲੋਂ ਜਾਰੀ ਇਹ ਮੁਜ਼ਾਹਰਾ ਦੂਜੇ ਹਫਤੇ ਵੀ ਲਗਾਤਾਰ ਜਾਰੀ ਹੈ ਤੇ ਇਸ ਕਾਰਨ ਕੈਨੇਡਾ ਅਮਰੀਕਾ ਦੀ ਸਪਲਾਈ ਚੇਨ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਤੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਆਵਾਜਾਈ ਉੱਤਵੀ ਇਸ ਦਾ ਨਕਾਰਾਤਮਕ ਅਸਰ ਪੈ ਰਿਹਾ ਹੈ।