ਸਰਵੇਖਣ ‘ਚ ਹੋਇਆ ਖੁਲਾਸਾ ਲਿਬਰਲ ਮੂਹਰੇ ਅਤੇ ਗਰੀਨ ਪਾਰਟੀ ਸਭ ਤੋਂ ਪਿੱਛੇ
ਓਨਟਾਰੀਓ : ਉਨਟਾਰੀਓ ਵਿਚ ਸੱਤਾਧਾਰੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਮੁਕਾਬਲੇ ਲਿਬਰਲ ਅੱਗੇ ਚੱਲ ਰਹੇ ਹਨ। ਪੋਲਾਰਾ ਸਟਰੈਟੇਜਿਕ ਇਨਸਾਈਟਸ ਸਰਵੇਖਣ ਅਨੁਸਾਰ, ਇਸ ਸਮੇਂ ਲਿਬਰਲ 33 ਫੀਸਦੀ, ਟੋਰੀਜ਼ 29 ਫੀਸਦੀ ਤੇ ਐਨਡੀਪੀ 27 ਫੀਸਦੀ ਉੱਤੇ ਚੱਲ ਰਹੇ ਹਨ ਜਦਕਿ ਗ੍ਰੀਨ ਪਾਰਟੀ ਨੌਂ ਫੀਸਦੀ ਨਾਲ ਸਭ ਤੋਂ ਪਿੱਛੇ ਹੈ। ਪੋਲਾਰਾ ਦੇ ਪ੍ਰੈਜ਼ੀਡੈਂਟ ਕ੍ਰੇਗ ਵੌਰਡਨ ਨੇ ਆਖਿਆ ਕਿ 2018 ਵਿੱਚ ਹਾਰ ਦਾ ਮੂੰਹ ਵੇਖਣ ਦੇ ਬਾਵਜੂਦ ਲਿਬਰਲ ਵਾਲੇ ਕਾਫੀ ਮਜ਼ਬੂਤ ਹੈ। ਵੌਰਡਨ ਨੇ ਨੋਟ ਕੀਤਾ ਕਿ ਲਿਬਰਲ 7 ਮਾਰਚ ਨੂੰ ਮਿਸੀਸਾਗਾ ਵਿੱਚ ਹੋਣ ਜਾ ਰਹੇ ਇਜਲਾਸ ਵਿੱਚ ਆਪਣਾ ਨਵਾਂ ਚੀਫ ਨਿਯੁਕਤ ਕਰਨਗੇ। ਇਸ ਮੁਕਾਬਲੇ ਵਿੱਚ ਐਮਪੀਪੀ ਮਾਈਕਲ ਕੋਟੋ ਤੇ ਮਿਤਜ਼ੀ ਹੰਟਰ, ਸਾਬਕਾ ਮੰਤਰੀ ਸਟੀਵਨ ਡੈਲ ਡੂਕਾ, ਸਾਬਕਾ ਉਮੀਦਵਾਰ ਕੇਟ ਗ੍ਰਾਹਮ ਤੇ ਐਲਵਿਨ ਤੇਜ਼ਦੋ ਤੋਂ ਇਲਾਵਾ ਵਕੀਲ ਬ੍ਰੈਂਡਾ ਹੌਲਿੰਗਸਵਰਥ ਸ਼ਾਮਲ ਹਨ। ਵੌਰਡਨ ਨੇ ਆਖਿਆ ਕਿ ਕਈ ਸਾਲਾਂ ਦੇ ਅਰਸੇ ਤੋਂ ਬਾਅਦ ਲਿਬਰਲ ਆਪਣੇ ਪਹਿਲਾਂ ਵਾਲੇ ਨੰਬਰ ਇੱਕ ਦੇ ਸਥਾਨ ਉੱਤੇ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਪ੍ਰੀਮੀਅਡਰ ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀਜ਼ ਨੇ ਕਈ ਸਾਲਾਂ ਤੋਂ ਚੱਲੇ ਆ ਰਹੇ ਲਿਬਰਲਾਂ ਦੇ ਦਬਦਬੇ ਨੂੰ ਖ਼ਤਮ ਕੀਤਾ ਸੀ। 2003 ਤੋਂ ਡਾਲਟਨ ਮੈਗਿੰਟੀ ਤੇ ਕੈਥਲੀਨ ਵਿੰਨ ਦੀ ਅਗਵਾਈ ਵਿੱਚ ਲਿਬਰਲਾਂ ਨੇ ਕਈ ਸਾਲ ਓਨਟਾਰੀਓ ਵਿੱਚ ਲੋਕਾਂ ਦੇ ਦਿਲਾਂ ਉੱਤੇ ਰਾਜ਼ ਕੀਤਾ। ਇਹ ਸਰਵੇਖਣ 2198 ਓਨਟਾਰੀਓ ਵਾਸੀਆਂ ਉੱਤੇ ਕੀਤਾ ਗਿਆ। ਇਹ ਵੀ ਪਾਇਆ ਗਿਆ ਕਿ 2019 ਦੇ ਬਹਾਰ ਦੇ ਮੌਸਮ ਵਿੱਚ ਫੋਰਡ ਸਰਕਾਰ ਨਿਵਾਣਾਂ ਵੱਲ ਵਧੀ ਪਰ ਫਿਰ ਜੂਨ ਵਿੱਚ ਫੋਰਡ ਵੱਲੋਂ ਕੈਬਨਿਟ ਵਿੱਚ ਕੀਤੀ ਗਈ ਫੇਰਬਦਲ ਨਾਲ ਕੁੱਝ ਸੁੱਖ ਦਾ ਸਾਹ ਆਇਆ। ਪਰ ਇਹ ਤਬਦੀਲੀ ਵੀ ਲੋਕਾਂ ਦੇ ਮਨਾਂ ਉੱਤੇ ਕੋਈ ਡੂੰਘੀ ਛਾਪ ਛੱਡਣ ਵਾਲੀ ਨਹੀਂ ਲਗ ਰਹੀ। ਅਜੇ ਤੱਕ ਵੋਟਰਾਂ ਨਾਲ ਜੁੜਨ ਵਿੱਚ ਫੋਰਡ ਸਰਕਾਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੌਰਡਨ ਨੇ ਆਖਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਓਨਟਾਰੀਓ ਦੇ ਸਕੂਲਾਂ ਵਿੱਚ ਹੋਣ ਵਾਲੀ ਮੌਜੂਦਾ ਉਥਲ ਪੁਥਲ ਦਾ ਚੋਣਾਂ ਦੇ ਨਤੀਜਿਆਂ ਉੱਤੇ ਕੋਈ ਅਸਰ ਪਵੇਗਾ ਜਾਂ ਨਹੀਂ। ਓਨਟਾਰੀਓ ਵਿੱਚ ਅਗਲੀਆਂ ਚੋਣਾਂ 2022 ਵਿੱਚ ਹੋਣਗੀਆਂ। 2018 ਵਿੱਚ ਹੋਈਆਂ ਚੋਣਾਂ ਵਿੱਚ ਟੋਰੀਜ਼ 40.5 ਫੀ ਸਦੀ ਵੋਟਾਂ ਹਾਸਲ ਕਰਕੇ ਅੱਗੇ ਰਹੇ ਸਨ, ਇਸ ਦੌਰਾਨ ਐਨਡੀਪੀ ਨੂੰ 33.6 ਫੀ ਸਦੀ, ਲਿਬਰਲਾਂ ਨੂੰ 19.6 ਫੀ ਸਦੀ ਤੇ ਗ੍ਰੀਨਜ਼ ਨੂੰ 4.6 ਫੀ ਸਦੀ ਵੋਟਾਂ ਹਾਸਲ ਹੋਈਆਂ ਸਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …