ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਦੇ ਚਲਦਿਆਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਲੋਕਪ੍ਰਿਯਤਾ ਵਿਚ ਲਗਾਤਾਰ ਕਮੀ ਆ ਰਹੀ ਹੈ। ਇਹ ਤੱਥ ਇਕ ਕੀਤੇ ਗਏ ਸਰਵੇਖਣ ਦੌਰਾਨ ਸਾਹਮਣੇ ਆਏ ਹਨ। ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 40 ਫੀਸਦੀ ਲੋਕਾਂ ਨੇ ਫੋਰਡ ਲਈ ਸਕਾਰਾਤਮਕ ਵਿਚਾਰ ਪ੍ਰਗਟਾਏ। ਇਹ ਅੰਕੜਾ ਤਿੰਨ ਮਹੀਨੇ ਪਹਿਲਾਂ ਕਰਵਾਏ ਗਏ ਸਰਵੇਖਣ ਤੋਂ 7 ਅੰਕ ਘੱਟ ਸੀ। ਇਸ ਦੌਰਾਨ 35 ਫੀਸਦੀ ਨੇ ਪ੍ਰੀਮੀਅਰ ਬਾਰੇ ਨਕਾਰਾਤਮਕ ਵਿਚਾਰ ਪ੍ਰਗਟਾਏ। ਫੋਰਡ ਸਰਕਾਰ ਵੱਲੋਂ ਮਹਾਂਮਾਰੀ ਦੀ ਦੂਜੀ ਵੇਵ ਨੂੰ ਜਿਸ ਤਰ੍ਹਾਂ ਹੈਂਡਲ ਕੀਤਾ ਗਿਆ ਹੈ ਉਸ ਬਾਰੇ ਲੋਕ ਜੋ ਸੋਚਦੇ ਹਨ ਉਸ ਵਿੱਚ ਵੀ ਗਿਰਾਵਟ ਆਈ ਹੈ ਇਸ ਬਾਰੇ ਵੀ ਸਰਵੇਖਣ ਵਿੱਚ ਖੁਲਾਸਾ ਹੋਇਆ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬਹੁਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਅਕਤੂਬਰ ਵਿੱਚ ਸਰਕਾਰ ਦਾ ਸਥਿਤੀ ਉੱਤੇ ਪੂਰਾ ਨਿਯੰਤਰਣ ਸੀ ਪਰ ਹੁਣ ਇਸ ਅੰਕੜੇ ਵਿੱਚ 25 ਅੰਕਾਂ ਦੀ ਗਿਰਾਵਟ ਆਈ ਹੈ ਤੇ ਇਹ 37 ਫੀ ਸਦੀ ਉੱਤੇ ਜਾ ਪਹੁੰਚਿਆ ਹੈ। ਜਦੋਂ ਆਮ ਤੌਰ ਉੱਤੇ ਫੋਰਡ ਵੱਲੋਂ ਕੋਵਿਡ-19 ਵਾਲੀ ਸਥਿਤੀ ਨੂੰ ਸਾਂਭਣ ਦੀ ਗੱਲ ਆਖੀ ਗਈ ਤਾਂ 27 ਫੀਸਦੀ ਨੇ ਆਖਿਆ ਕਿ ਉਨ੍ਹਾਂ ਨੇ ਚੰਗਾ ਕੰਮ ਨਹੀਂ ਕੀਤਾ ਤੇ ਕਈ ਵੱਡੀਆਂ ਗਲਤੀਆਂ ਕੀਤੀਆਂ। ਤਿੰਨ ਮਹੀਨੇ ਪਹਿਲਾਂ ਨਾਲੋਂ ਹੁਣ ਇਸ ਰੇਟਿੰਗ ਵਿੱਚ ਅੱਠ ਫੀ ਸਦੀ ਦੀ ਗਿਰਾਵਟ ਆਈ ਹੈ। ਡਗ ਫੋਰਡ ਦੀ ਲੋਕਪ੍ਰਿਯਤਾ ਵਿੱਚ ਆਈ ਕਮੀ ਦੇ ਬਾਵਜੂਦ ਉਨ੍ਹਾਂ ਦੇ ਵਿਰੋਧੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ। ਲਿਬਰਲ ਆਗੂ ਸਟੀਵਨ ਡੈਲ ਡੂਕਾ ਤੇ ਐਨਡੀਪੀ ਆਗੂ ਐਂਡਰੀਆ ਹੌਰਵਥ ਦੇ ਸਕਾਰਾਤਮਕ ਰੁਖ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਜੇ ਅੱਜ ਚੋਣਾਂ ਕਰਵਾ ਲਈਆਂ ਜਾਣ ਤਾਂ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 34 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਫੋਰਡ ਨੂੰ ਵੋਟ ਪਾਉਣਗੇ। 29 ਫੀਸਦੀ ਨੇ ਆਖਿਆ ਕਿ ਉਹ ਲਿਬਰਲਾਂ ਨੂੰ ਵੋਟ ਕਰਨਗੇ ਤੇ 25 ਫੀਸਦੀ ਨੇ ਐਨਡੀਪੀ ਦੇ ਪੱਖ ਵਿੱਚ ਵੋਟ ਪਾਉਣ ਦੀ ਗੱਲ ਆਖੀ। ਵੈਕਸੀਨ ਦੀ ਵੰਡ ਨੂੰ ਲੈ ਕੇ ਵੀ 57 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇਹ ਵੰਡ ਬਹੁਤ ਮਾੜੇ ਢੰਗ ਨਾਲ ਹੋ ਰਹੀ ਹੈ। ਸਿਆਸਤਦਾਨਾਂ ਤੇ ਅਧਿਕਾਰੀਆਂ ਵੱਲੋਂ ਵੈਕੇਸ਼ਨਜ਼ ਉੱਤੇ ਜਾਣ ਦੇ ਮਾਮਲੇ ਵਿੱਚ 87 ਫੀਸਦੀ ਨੇ ਆਖਿਆ ਕਿ ਅਜਿਹਾ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ 75 ਫੀਸਦੀ ਨੇ ਆਖਿਆ ਕਿ ਅਜਿਹਾ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅੱਧੇ ਰਿਸਪੌਂਡੈਂਟਸ ਨੇ ਆਖਿਆ ਕਿ ਰੌਡ ਫਿਲਿਪ ਵੱਲੋਂ ਟਰੈਵਲ ਕਰਨ ਦੇ ਮਾਮਲੇ ਨੂੰ ਫੋਰਡ ਨੇ ਚੰਗੀ ਤਰ੍ਹਾਂ ਹੈਂਡਲ ਨਹੀਂ ਕੀਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …