ਲਾਂਗ ਟਰਮ ਕੇਅਰ ਹੋਮ ਦੇ ਰੈਜ਼ੀਡੈਂਟਸ ਤੇ ਹੈਲਥ ਕੇਅਰ ਵਰਕਰਜ਼ ਦੀ ਵੈਕਸੀਨੇਸ਼ਨ ਰਹੇਗੀ ਜਾਰੀ
ਓਟਵਾ/ਬਿਊਰੋ ਨਿਊਜ਼ : ਫਾਈਜ਼ਰ ਬਾਇਓਐਨਟੈਕ ਕੋਵਿਡ-19 ਦੀ ਅਗਲੇ ਹਫ਼ਤੇ ਕੈਨੇਡਾ ਪਹੁੰਚਣ ਵਾਲੀ ਖੇਪ ਕੁੱਝ ਕਾਰਨ ਕਰਕੇ ਨਹੀਂ ਪਹੁੰਚ ਪਾਵੇਗੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਇਸ ਵੈਕਸੀਨ ਦੀ ਡਲਿਵਰੀ ਵਿੱਚ ਪਾਈ ਜਾਣ ਵਾਲੀ ਘਾਟ ਕਾਰਨ ਦੇਸ਼ ਨੂੰ ਕਾਫੀ ਨੁਕਸਾਨ ਹੋਵੇਗਾ।
ਆਪਣੇ ਯੂਰਪੀਅਨ ਮੈਨੂਫੈਕਚਰਿੰਗ ਫੈਸਿਲਿਟੀ ਵਿੱਚ ਕੰਪਨੀ ਵੱਲੋਂ ਕੀਤੇ ਜਾਣ ਵਾਲੇ ਪਸਾਰ ਕਾਰਨ ਕੈਨੇਡਾ ਨੂੰ ਮਿਲਣ ਵਾਲੀ ਇਸ ਕੰਪਨੀ ਦੀ ਵੈਕਸੀਨ ਦੀ ਹਫਤਾਵਾਰੀ ਡੋਜ਼ ਵਿੱਚ ਆਰਜ਼ੀ ਤੌਰ ਉੱਤੇ 50 ਫੀਸਦੀ ਦੀ ਕਮੀ ਦਰਜ ਕੀਤੀ ਜਾਵੇਗੀ। ਮੇਜਰ ਜਨਰਲ ਡੈਨੀ ਫੋਰਟਿਨ, ਜੋ ਕਿ ਕੈਨੇਡਾ ਵਿੱਚ ਕੋਵਿਡ-19 ਸਬੰਧੀ ਵੈਕਸੀਨ ਦੀ ਵੰਡ ਦੇ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ, ਨੇ ਆਖਿਆ ਕਿ ਇਸ ਹਫਤੇ ਦੀ ਖੇਪ ਪਹਿਲਾਂ ਵਾਂਗ ਹੀ ਯੋਜਨਾਬੱਧ ਢੰਗ ਨਾਲ 82 ਫੀਸਦੀ ਹਾਸਲ ਹੋਵੇਗੀ ਪਰ ਅਗਲੇ ਹਫਤੇ ਕੋਈ ਵੀ ਨਵੀਂ ਡਲਿਵਰੀ ਕੈਨੇਡਾ ਨਹੀਂ ਆਵੇਗੀ। ਫਾਈਜ਼ਰ ਵੱਲੋਂ ਇਸ ਦੇਰ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਕੈਨੇਡਾ ਨੂੰ 417,000 ਡੋਜ਼ਾਂ ਹਾਸਲ ਹੋਣੀਆਂ ਸਨ ਪਰ ਹੁਣ ਅਗਲੇ ਦੋ ਹਫਤਿਆਂ ਵਿੱਚ ਕੈਨੇਡਾ ਨੂੰ 171,000 ਡੋਜ਼ਾਂ ਹੀ ਹਾਸਲ ਹੋਣਗੀਆਂ। ਫੋਰਟਿਨ ਨੇ ਆਖਿਆ ਕਿ ਹੁਣ ਇਹ ਡੋਜ਼ਾਂ ਦੀ ਡਲਿਵਰੀ ਫਰਵਰੀ ਦੇ ਪਹਿਲੇ ਦੋ ਹਫਤਿਆਂ ਵਿੱਚ ਹੋਵੇਗੀ। ਪਰ ਇਨ੍ਹਾਂ ਅੰਕੜਿਆਂ ਦੀ ਫਾਈਜ਼ਰ ਕੈਨੇਡਾ ਵੱਲੋਂ ਪੁਸ਼ਟੀ ਕੀਤੇ ਜਾਣ ਦੀ ਲੋੜ ਹੈ। ਫੋਰਟਿਨ ਨੇ ਆਖਿਆ ਕਿ ਇਹ ਖੇਪ 975 ਡੋਜ਼ਾਂ ਦੀ ਹੁੰਦੀ ਹੈ ਤੇ ਕਈ ਪ੍ਰੋਵਿੰਸਾਂ ਨੂੰ ਹੋਰਨਾਂ ਨਾਲੋਂ ਇਸ ਦੇਰੀ ਦਾ ਵਧੇਰੇ ਸੇਕ ਲੱਗੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਸੀਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਸ ਨੂੰ ਠੀਕ ਕਰ ਲਵਾਂਗੇ। ਇਸ ਦੌਰਾਨ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਫਾਈਜ਼ਰ ਵੱਲੋਂ ਅਜੇ ਅਗਲਾ ਡਲਿਵਰੀ ਸ਼ਡਿਊਲ ਨਹੀਂ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਹਫਤਿਆਂ ਵਿੱਚ ਭਾਵੇਂ ਫਾਈਜ਼ਰ ਦੇ ਥੋੜ੍ਹੇ ਸ਼ੌਟਸ ਹੀ ਲਾਏ ਜਾ ਸਕਣਗੇ ਪਰ ਜਲਦ ਹੀ ਕੈਨੇਡਾ ਨੂੰ ਪੂਰੀਆਂ ਡੋਜ਼ਾਂ ਮਿਲਣਗੀਆਂ। ਉਨ੍ਹਾਂ ਆਖਿਆ ਕਿ ਲਾਂਗ ਟਰਮ ਕੇਅਰ ਹੋਮ ਦੇ ਰੈਜ਼ੀਡੈਂਟਸ ਤੇ ਹੈਲਥ ਕੇਅਰ ਵਰਕਰਜ਼ ਦੀ ਵੈਕਸੀਨੇਸ਼ਨ ਜਾਰੀ ਰਹੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …