ਪੰਜਾਬ ’ਚ ਡਰੱਗ ਮਾਮਲਿਆਂ ’ਤੇ ਵੱਡੀ ਕਾਰਵਾਈ ਦੇ ਆਸਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਲੰਘੀ ਦੇਰ ਰਾਤ ਵੱਡਾ ਉਲਟਫੇਰ ਹੋਇਆ ਹੈ। ਪੰਜਾਬ ਸਰਕਾਰ ਨੇ ਅਚਾਨਕ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਸਿਧਾਰਥ ਚਟੋਪਾਧਿਆ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਦਾ ਅਹੁਦਾ ਦਿੱਤਾ ਗਿਆ ਹੈ। ਸਹੋਤਾ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਰੋਧ ਕਰ ਰਹੇ ਸਨ ਅਤੇ ਚਟੋਪਾਧਿਆ ਹੀ ਸਿੱਧੂ ਦੀ ਪਸੰਦ ਹਨ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਹੁਣ ਡਰੱਗ ਮਾਮਲਿਆਂ ਵਿਚ ਵੱਡੀ ਕਾਰਵਾਈ ਹੋ ਸਕਦੀ ਹੈ।
ਅੱਧੀ ਰਾਤ ਨੂੰ ਅਚਾਨਕ ਡੀਜੀਪੀ ਨੂੰ ਬਦਲਣ ਨਾਲ ਪੰਜਾਬ ਵਿਚ ਸਿਆਸੀ ਹਲਚਲ ਜਿਹੀ ਮਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਡਰੱਗ ਕੇਸ ਵਿਚ ਕਾਰਵਾਈ ਲਈ ਉਠਾਇਆ ਗਿਆ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੇ ਨਿਸ਼ਾਨੇ ’ਤੇ ਵਿਰੋਧੀ ਅਤੇ ਖਾਸ ਕਰ ਅਕਾਲੀ ਦਲ ਦੇ ਨੇਤਾ ਹਨ। ਨਵੇਂ ਕਾਰਜਕਾਰੀ ਡੀਜੀਪੀ ਚਟੋਪਾਧਿਆ ਇਸ ਤੋਂ ਪਹਿਲਾਂ ਬਾਦਲ ਪਰਿਵਾਰ ਦੇ ਵਿੱਤੀ ਲੈਣ-ਦੇਣ ਦੀ ਜਾਂਚ ਵੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਡੀਜੀਪੀ ਨੂੰ ਬਦਲਣ ਦੀ ਮੰਗ ਕਰ ਰਹੇ ਸਨ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲੈ ਕੇ ਅੜੇ ਹੋਏ ਸਨ। ਹੁਣ ਅਚਾਨਕ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏਡੀਜੀਪੀ ਐਸ.ਕੇ. ਅਸਥਾਨਾ ਦਾ ਪੱਤਰ ਲੀਕ ਹੋਣ ਤੋਂ ਬਾਅਦ ਸਰਕਾਰ ’ਤੇ ਦਬਾਅ ਵਧ ਗਿਆ ਸੀ।