ਆਬੂਧਾਬੀ ਲਈ ਵੀ ਨਵਾਂ ਸ਼ਡਿਊਲ ਹੋਇਆ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੁਣ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਆਉਣ-ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸਦੇ ਨਾਲ ਚੌਵੀ ਘੰਟੇ ਆਵਾਜਾਈ ਦਾ ਕੰਮ ਸਮਾਪਤ ਹੋ ਗਿਆ ਹੈ। ਭਾਰਤੀ ਏਅਰਪੋਰਟ ਅਥਾਰਿਟੀ ਨੇ ਇੱਥੇ ਨਿਗਰਾਨੀ ਦੇ ਘੰਟਿਆਂ ਵਿਚ ਵੀ ਕਟੌਤੀ ਕੀਤੀ ਹੈ। ਲਾਗੂ ਹੋਏ ਸਰਦੀਆਂ ਦੇ ਨਵੇਂ ਸ਼ਡਿਊਲ ਮੁਤਾਬਕ ਹੁਣ ਚੰਡੀਗੜ੍ਹ ਹਵਾਈ ਅੱਡੇ ’ਤੇ ਆਖਰੀ ਉਡਾਣ ਰਾਤ 11.25 ਤੱਕ ਪਹੁੰਚ ਜਾਵੇਗੀ। ਰਾਤ 11.25 ਤੋਂ ਬਾਅਦ ਅਤੇ ਸਵੇਰੇ 5.55 ਤੋਂ ਪਹਿਲਾਂ ਕੋਈ ਉਡਾਣ ਨਾ ਆਵੇਗੀ ਅਤੇ ਨਾ ਹੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਧੀ ਰਾਤ ਤੋਂ ਬਾਅਦ ਅਤੇ ਸਵੇਰੇ 5 ਵਜੇ ਤੋਂ ਪਹਿਲਾਂ ਦੋ ਉਡਾਣਾਂ ਚਲਦੀਆਂ ਸਨ। ਇਸ ਬਦਲਾਅ ਨਾਲ ਮੁੰਬਈ ਤੋਂ ਆਬੂ ਧਾਬੀ ਦੀਆਂ ਉਡਾਣਾਂ ਦੇ ਸਮੇਂ ’ਤੇ ਵੀ ਅਸਰ ਪਿਆ ਹੈ, ਜਿਨ੍ਹਾਂ ਨੂੰ ਮੁੜ ਤੋਂ ਨਿਰਧਾਰਿਤ ਕੀਤਾ ਗਿਆ ਹੈ।