ਸ੍ਰੀ ਗੁਰੂ ਨਾਨਕਦੇਵਜੀ ਦੇ 550 ਸਾਲਾ ਪ੍ਰਕਾਸ਼ਪੁਰਬਨੂੰ ਸਮਰਪਿਤਟੋਰਾਂਟੋ ਦੇ ਇਸ ਵਿਸ਼ਾਲਖਾਲਸਾ ਸਾਜਨਾ ਦਿਵਸ ਨਗਰਕੀਰਤਨ ਵਿਚ ਇਕਲੱਖਤੋਂ ਵੱਧ ਗੁਰੂ ਦੀ ਪਿਆਰੀ ਸੰਗਤਨੇ ਕੀਤੀ ਸ਼ਮੂਲੀਅਤ
ਟੋਰਾਂਟੋ/ਡਾ. ਝੰਡ, ਕੰਵਲਜੀਤ ਸਿੰਘ ਕੰਵਲ
ਲੰਘੇ ਐਤਵਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ-ਦਿਵਸ ਨੂੰ ਸਮੱਰਪਿਤ ਖ਼ਾਲਸਾ ਸਾਜਨਾ ਨਗਰ ਕੀਰਤਨ ਆਪਣੀ ਪ੍ਰੰਪਰਾਗ਼ਤ ਸ਼ਾਨੋ-ਸ਼ੌਕਤ ਨਾਲ ਟੋਰਾਂਟੋ ਡਾਊਨ ਟਾਊਨ ਵਿਚ ਸਜਾਇਆ ਗਿਆ ਜਿਸ ਵਿਚ ਇਕ ਲੱਖ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਟੋਰਾਂਟੋ ਦੇ ਬੈਟਰ ਲਿਵਿੰਗ ਸੈਂਟਰ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਤੇ ਉੱਥੇ ਉਨ੍ਹਾਂ ਦੀ ਜਾਣਕਾਰੀ ਲਈ ਮਨੁੱਖੀ ਖ਼ੂਨ ਤੇ ਅੰਗ ਦਾਨ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੰਸਥਾਵਾਂ ਅਤੇ ਬਰੈਂਪਟਨ ਐਕਸ਼ਨ ਕੋਲੀਸ਼ਨ ਵਰਗੀਆਂ ਕਾਰਜਸ਼ੀਲ ਸਮਾਜ-ਸੇਵੀ ਸੰਸਥਾਵਾਂ ਨੇ ਆਪੋ-ਆਪਣੇ ਸਟਾਲ ਲਗਾਏ ਹੋਏ ਸਨ, ਤੋਂ ਬਾਅਦ ਦੁਪਹਿਰ 12.30 ਵਜੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋ ਕੇ ਇਹ ਨਗਰ ਕੀਰਤਨ ਲੇਕ ਸ਼ੋਰ ਦੇ ਨਾਲ ਨਾਲ ਨਿਰਧਾਰਿਤ ਰੂਟ ਤੋਂ ਹੁੰਦਾ ਹੋਇਆਂ ਸ਼ਾਮ ਦੇ 4.00 ਵਜੇ ਦੇ ਲੱਗਭੱਗ ਨੇਥਨ ਫਿਲਿਪਸ ਪਾਰਕ ਵਿਚ ਪਹੁੰਚਿਆ ਜਿੱਥੇ ਦੁਪਹਿਰ ਤੋਂ ਸੱਜੇ ਹੋਏ ਦੀਵਾਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਸੰਗਤਾਂ ਵੱਲੋਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਇਸ ਦਾ ਭਰਵਾਂ ਸੁਆਗ਼ਤ ਕੀਤਾ ਗਿਆ। ਇੱਥੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਤੇ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ।
ਨਗਰ ਕੀਰਤਨ ਵਿਚ ਕਈ ਨਗਾਰਿਆਂ, ਤੰਤੀ-ਸਾਜ਼ਾਂ ਅਤੇ ਜੂਨ 1984 ਦੇ ਸਾਕੇ ਬਾਰੇ ਕਈ ਖ਼ੂਬਸੂਰਤ ਫ਼ਲੋਟ ਸ਼ਾਮਲ ਸਨ। ਪ੍ਰਬੰਧਕਾਂ ਵੱਲੋਂ ਭਾਵੇਂ ਇਹ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ-ਦਿਹਾੜੇ ਨੂੰ ਸਮੱਰਪਿਤ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਜੀਵਨ ਤੇ ਸਿਖਿਆਵਾਂ ਨੂੰ ਦਰਸਾਉਂਦਾ ਕੋਈ ਵੀ ਫ਼ਲੋਟ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਰਸਤੇ ਵਿਚ ਵੱਖ-ਵੱਖ ਥਾਵਾਂ ‘ਤੇ ਚਾਹ-ਪਾਣੀ ਤੇ ਖਾਧ-ਪਦਾਰਥਾਂ ਦੇ ਲੰਗਰ ਲਗਾਏ ਗਏ ਸਨ। ਬੇਸ਼ਕ, ਸਰਦੀ ਅਤੇ ਤੇਜ਼ ਹਵਾ ਨਾਲ ਮੌਸਮ ਠੰਢਾ ਹੋਣ ਕਾਰਨ ਇਸ ਵਾਰ ਸੰਗਤਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਘੱਟ ਲੱਗ ਰਹੀ ਸੀ ਪਰ ਫਿਰ ਵੀ ਨਗਰ ਕੀਰਤਨ ਦੇ ਸ਼ੁਰੂ ਹੋਣ ਤੋਂ ਇਸ ਦੀ ਸਮਾਪਤੀ ਵੇਲੇ ਤੱਕ ਹਰੇਕ ਮੌਕੇ ਇਹ 20-25 ਹਜ਼ਾਰ ਤੋਂ ਘੱਟ ਨਹੀਂ ਸੀ ਅਤੇ ਆਖ਼ਰੀ ਮੁਕਾਮ ‘ਤੇ ਤਾਂ ਇਹ ਇਕ ਲੱਖ ਤੋਂ ਜ਼ਿਆਦਾ ਹੀ ਹੋਵੇਗੀ। ਨਗਰ ਕੀਰਤਨ ਵਿਚ ਕੈਨੇਡਾ ਫ਼ੌਜ ਦੀ ਟੁਕੜੀ ਦੇ ਜਵਾਨ ਅਤੇ ਕਈ ਸਿੱਖ ਮੋਟਰਸਾਈਕਲ ਸਵਾਰ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਓਨਟਾਰੀਓ ਸਰਕਾਰ ਵੱਲੋਂ ਪਿੱਛੇ ਜਿਹੇ ਹੀ ਹੈਲਮਟ ਪਾਉਣ ਤੋਂ ਬਗ਼ੈਰ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲੀ ਹੈ। ਐੱਨ.ਡੀ.ਪੀ. ਦੇ ਕੌਮੀ ਆਗੂ ਜਗਮੀਤ ਸਿੰਘ ਉਚੇਚੇ ਤੌਰ ‘ਤੇ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਸੰਗਤਾਂ ਨਾਲ ਖ਼ਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਸਾਂਝੀਆਂ ਕਰਦੇ ਹੋਏ ਵਿਖਾਈ ਦਿੱਤੇ। ਬੇਸ਼ਕ, ਬਰੈਂਪਟਨ ਦੀਆਂ ਵੱਖ-ਵੱਖ ਰਾਈਡਿੰਗਾਂ ਤੋਂ ਕੰਸਰਵੇਟਿਵ ਪਾਰਟੀ ਦੇ ਲੰਘੇ ਦਿਨੀਂ ਨਵੇਂ ਚੁਣੇ ਹੋਏ ਉਮੀਦਵਾਰ ਵੀ ਇਸ ਮੌਕੇ ਹਾਜ਼ਰ ਸਨ।
ਲੋਕ ਨੁਮਾਇੰਦਿਆਂ ਨੇ ਵੀ ਨਗਰ ਕੀਰਤਨ ‘ਚ ਭਰੀ ਹਾਜ਼ਰੀ
ਓਨਟਾਰੀਓ ਸਿੱਖਸ ਤੇ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਗੋਬਿੰਦਰ ਸਿੰਘ ਰੰਧਾਵਾ ਵੱਲੋਂ ਸਿੱਖ ਭਾਈਚਾਰੇ ਦੇ ਕੈਨੇਡਾ ਮੁਲਕ ਦੀ ਤਰੱਕੀ ਵਿਚ ਪਾਏ ਯੋਗਦਾਨ ਦਾ ਵਿਸਥਾਰਤ ਜ਼ਿਕਰ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ‘ਚ ਫੈਡਰਲ ਲਿਬਰਲ ਪਾਰਟੀ ਵੱਲੋਂ ਨਵਦੀਪ ਸਿੰਘ ਬੈਂਸ ਅਤੇ ਜੀਟੀਏ ਦੇ ਸਮੂੰਹ ਪੰਜਾਬੀ ਮੈਂਬਰ ਪਾਰਲੀਮੈਂਟ, ਐਨਡੀਪੀ ਮੁਖੀ ਜਗਮੀਤ ਸਿੰਘ, ਕੰਸਰਵੇਟਿਵ ਪਾਰਟੀ ਦੀ ਡਿਪਟੀ ਲੀਡਰ ਲੀਸਾ ਰੇਅਟ, ਕੰਸਰਵੇਟਿਵ ਐਮ ਪੀਪੀ ਪ੍ਰਭਮੀਤ ਸਿੰਘ ਸਰਕਾਰੀਆ, ਐਨ ਡੀ ਪੀ ਪ੍ਰੋਵੈਨਸ਼ੀਅਲ ਦੀ ਡਿਪਟੀ ਲੀਡਰ ਸਾਰਾ ਸਿੰਘ, ਟੋਰਾਂਟੋ ਦੇ ਮੇਅਰ ਜੌਹਨ ਟੋਰੀ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਕੈਲਾਡਨ ਦੇ ਮੇਅਰ ਐਲਨ ਥਾਮਸਨ ਆਦਿ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਸਟੇਜ ਉੱਪਰ ਕੇਵਲ ਚੁਣੇ ਹੋਏ ਨੁਮਾਇੰਦਿਆਂ ਨੂੰ ਹੀ ਜਾਣ ਅਤੇ ਬੋਲਣ ਦੀ ਆਗਿਆ ਦਿੱਤੀ ਗਈ ਜਿਨ੍ਹਾਂ ਵਿਚ ਐੱਮ.ਪੀਜ਼. ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਰਮੇਸ਼ ਸੰਘਾ, ਕ੍ਰਿਸਟੀ ਡੰਕਨ, ਗਗਨ ਸਿਕੰਦ, ਬੌਬ ਸਰਾਏ, ਲੀਸਾ ਮੇਅ, ਐੱਮ.ਪੀ.ਪੀਜ਼ ਦੀਪਕ ਅਨੰਦ, ਅਮਰਜੋਤ ਸੰਧੂ, ਬਰੈਂਪਟਨ ਦੇ ਮੇਅਰ ਪੈਰਰਿਕ ਬਰਾਊਨ, ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਹਰਕੀਰਤ ਸਿੰਘ ਆਦਿ ਸ਼ਾਮਲ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …