ਕਿਹਾ : ਇਸ ਵਾਰ ਦੀਆਂ ਸਰਦੀਆਂ ’ਚ ਗੰਭੀਰ ਬਿਮਾਰੀ ਦਾ ਖਦਸ਼ਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਕਿਹਾ ਕਿ ਵੈਕਸੀਨ ਨਾ ਲਗਵਾਉਣ ਵਾਲੇ ਵਿਅਕਤੀਆਂ ਨੂੰ ਇਸ ਸਰਦੀ ਦੇ ਮੌਸਮ ਵਿਚ ਗੰਭੀਰ ਬਿਮਾਰੀ ਅਤੇ ਮੌਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਅਮਰੀਕਾ ਵਿਚ ਓਮੀਕਰੋਨ ਦੇ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਵੀ ਜ਼ਾਹਰ ਕੀਤਾ। ਇਸੇ ਦੌਰਾਨ ਕਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਮੈਡੀਕਲ ਮਾਹਿਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਬਾਈਡੇਨ ਨੇ ਕਿਹਾ ਕਿ ਅਮਰੀਕਾ ਓਮੀਕਰੋਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੇਸ਼ ਵਿਚ ਬੂਸਟਰ ਡੋਜ਼ ਵੀ ਦਿੱਤੀ ਜਾ ਰਹੀ ਹੈ ਅਤੇ ਟਰੈਵਲ ਨੂੰ ਲੈ ਕੇ ਵੀ ਨਵੇਂ ਨਿਯਮ ਲਾਗੂ ਕੀਤੇ ਗਏ ਹਨ।
ਇਸੇ ਦੌਰਾਨ ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਕਾਰਣ ਮਹਾਂਮਾਰੀ ਦੀ ਚੌਥੀ ਲਹਿਰ ਦੇ ਕਰੀਬ ਪਹੁੰਚ ਚੁੱਕੇ ਯੂੁਰਪੀਅਨ ਦੇਸ਼ਾਂ ਵਿਚ ਹੁਣ ਇਸ ਨਾਲ ਨਜਿੱਠਣ ਲਈ ਫਾਈਜਰ ਕੰਪਨੀ ਦੀ ਕੋਵਿਡ ਟੈਬਲੈਟ ਦਾ ਇਸਤੇਮਾਲ ਕੀਤਾ ਜਾਵੇਗਾ। ਯੂਰਪੀਅਨ ਯੂਨੀਅਨ ਦੇ ਡਰੱਗ ਰੈਗੂਲੇਟਰ ਨੇ ਇਸ ਟੈਬਲੈਟ ਦੀ ਐਮਰਜੈਂਸੀ ਵਰਤੋਂ ਲਈ ਮਨਜੂਰੀ ਦੇ ਦਿੱਤੀ ਹੈ। ਇਸੇ ਦੌਰਾਨ ਭਾਰਤ ਵਿਚ ਵੀ ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗ ਪਈ ਹੈ ਅਤੇ ਦਿੱਲੀ ਵਿਚ 10 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਭਾਰਤ ਵਿਚ ਹੁਣ ਤੱਕ ਓਮੀਕਰੋਨ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 97 ਹੋ ਗਈ ਹੈ।