ਦੁਬਾਰਾ ਵਸਾਉਣਾ ਪਵੇਗਾ ਪੈਰਾਡਾਈਜ਼ ਸ਼ਹਿਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਪਿਛਲੇ ਇਕ ਹਫਤੇ ਵਿਚ 63 ਵਿਅਕਤੀਆਂ ਦੀ ਜਾਨ ਲੈ ਚੁੱਕੀ ਹੈ। ਸੂਬੇ ਵਿਚ ਹੁਣ ਤੱਕ ਕਰੀਬ 12 ਹਜ਼ਾਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਜਾਣਕਾਰੀ ਮੁਤਾਬਕ 631 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅੱਗ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਰਾਜ ਦਾ ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਦੁਬਾਰਾ ਵਸਾਉਣ ਵਿਚ ਕਈ ਸਾਲ ਲੱਗ ਸਕਦੇ ਹਨ। ਪੂਰੇ ਸੂਬੇ ਵਿਚ ਅੱਗ ‘ਤੇ ਕਾਬੂ ਪਾਉਣ ਲਈ ਬਚਾਅ ਦਲ ਦੇ 9400 ਕਰਮੀ ਲਗਾਏ ਗਏ ਹਨ। ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਫੋਰੈਂਸਿਕ ਟੀਮ ਫੌਜ ਦੀ ਮੱਦਦ ਲੈ ਰਹੀ ਹੈ। ਸਰਚ ਅਪਰੇਸ਼ਨ ਵਿਚ ਵੀ ਕਈ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ।

