ਲੰਡਨ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਬਣਾਏ ਗਏ ਸੋਨੇ ਦੀ ਕਢਾਈ ਅਤੇ ਮਖਮਲੀ ਚਮੜੇ ਵਾਲੇ ਤਰਕਸ਼ ਦੀ ਨਿਲਾਮੀ ਲੰਡਨ ਵਿਚ ਇਸ ਮਹੀਨੇ ਦੇ ਅਖੀਰ ‘ਚ ਹੋਵੇਗੀ। ਮੰਨਿਆ ਜਾਂਦਾ ਹੈ ਕਿ ਇਹ ਖਾਸ ਤਰਕਸ਼ ਜੰਗ ਵਿਚ ਵਰਤਣ ਦੀ ਬਜਾਏ ਸ਼ਾਨੋ- ਸ਼ੌਕਤ ਵਾਸਤੇ ਉਚੇਚੇ ਸਮਾਗਮਾਂ ਲਈ ਬਣਾਇਆ ਗਿਆ ਸੀ। ਨਿਲਾਮੀ ਦੌਰਾਨ ਇਸ ਬੇਸ਼ਕੀਮਤੀ ਤਰਕਸ਼ ਦੀ ਬੋਲੀ 80 ਹਜ਼ਾਰ ਪੌਂਡ ਤੋਂ ਲੈ ਕੇ ਇਕ ਲੱਖ 20 ਹਜ਼ਾਰ ਪੌਂਡ ਦਰਮਿਆਨ ਲੱਗਣ ਦਾ ਅੰਦਾਜ਼ਾ ਹੈ। ਬੋਨਹਾਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵੱਲੋਂ 23 ਅਕਤੂਬਰ ਨੂੰ ਇਸ ਤਰਕਸ਼ ਦੀ ਨਿਲਾਮੀ ਕੀਤੀ ਜਾਵੇਗੀ। ਇਸ ਦੌਰਾਨ ਮਹਾਰਾਣੀ ਜਿੰਦਾਂ ਵੱਲੋਂ ਪਹਿਨੇ ਗਏ ਸੁੱਚੇ ਮੋਤੀਆਂ ਦੇ ਹਾਰ ਦੀ ਬੋਲੀ ਵੀ ਲੱਗੇਗੀ। ਭਾਰਤੀ ਅਤੇ ਇਸਲਾਮਿਕ ਕਲਾ ਦੇ ਬੋਨਹਾਮਸ ਮੁਖੀ ਓਲੀਵਰ ਵ੍ਹਾਈਟ ਨੇ ਕਿਹਾ ਕਿ ਤਰਕਸ਼ ਲਾਹੌਰ ਦੇ ਪੁਰਾਤਨ ਖ਼ਜ਼ਾਨੇ ਦਾ ਅਦਭੁੱਤ ਹਿੱਸਾ ਹੈ ਅਤੇ ਜਾਣਕਾਰੀ ਮੁਤਾਬਕ ਇਹ 1838 ਵਿਚ ਬਣਾਇਆ ਗਿਆ ਸੀ। ਉਸ ਨੇ ਕਿਹਾ ਕਿ ਇਹ ਤਰਕਸ਼ ਖਾਸ ਸਮਾਗਮਾਂ ਦੌਰਾਨ ਹੀ ਪਹਿਨਿਆ ਜਾਂਦਾ ਹੋਵੇਗਾ ਜਿਸ ਕਾਰਨ ਇਸ ਦੀ ਹਾਲਤ ਬਹੁਤ ਵਧੀਆ ਹੈ। ਬੋਨਹਾਮਸ ਇਤਿਹਾਸਕਾਰਾਂ ਮੁਤਾਬਕ ਤੀਰਅੰਦਾਜ਼ੀ ਨੇ ਸਿੱਖ ਇਤਿਹਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤੀਰ ਕਮਾਨਾਂ ਮਗਰੋਂ ਭਾਵੇਂ ਵੱਧ ਆਧੁਨਿਕ ਹਥਿਆਰ ਆ ਗਏ ਸਨ ਪਰ ਰਸਮੀ ਤੌਰ ‘ਤੇ ਤੀਰ ਕਮਾਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ। ਨਿਲਾਮ ਘਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਡੇ ਪੁੱਤਰ ਅਤੇ ਜਾਨਸ਼ੀਨ ਖੜਕ ਸਿੰਘ ਦੇ ਵਿਆਹ ਮੌਕੇ 1838 ਵਿਚ ਇਸ ਤਰਕਸ਼ ਨੂੰ ਪਹਿਨਿਆ ਸੀ। ਉਸੇ ਸਾਲ ਫਰਾਂਸੀਸੀ ਕਲਾਕਾਰ ਅਲਫਰੇਡ ਡੀ ਡਰੀਓਕਸ ਨੇ ਇਸ ਦੀ ਪੇਂਟਿੰਗ ਬਣਾਈ ਜੋ ਹੁਣ ਪੈਰਿਸ ਦੇ ਅਜਾਇਬਘਰ ਦਾ ਸ਼ਿੰਗਾਰ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ਵਿਚ ਹੋ ਗਿਆ ਸੀ ਜਿਸ ਮਗਰੋਂ ਈਸਟ ਇੰਡੀਆ ਕੰਪਨੀ ਨੇ ਸੂਬੇ ‘ਤੇ ਕਬਜ਼ਾ ਕਰ ਲਿਆ ਸੀ। ਇਤਿਹਾਸਕ ਹਵਾਲਿਆਂ ਮੁਤਾਬਕ ਤਰਕਸ਼ ਨੂੰ ਭਾਰਤ ਦੇ ਗਵਰਨਰ ਜਨਰਲ ਨੂੰ 1847-54 ਦੌਰਾਨ ਸੌਂਪਿਆ ਗਿਆ ਸੀ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …