ਲੋਕਾਂ ਨੇ ਪੀੜਤ ਮਾਲਕਾਂ ਨਾਲ ਇਕਜੁਟਤਾ ਦਿਖਾਈ, ਪੁਲਿਸ ਵਲੋਂ ਜਾਂਚ ਸ਼ੁਰੂ
ਮੈਲਬਰਨ/ਬਿਊਰੋ ਨਿਊਜ਼
ਇਥੋਂ ਨੇੜਲੇ ਪੱਛਮੀ ਇਲਾਕੇ ਫੁੱਟਸਕੁਏਅਰ ਵਿਚ ਭਾਰਤੀ ਰੇਸਤਰਾਂ ਅਤੇ ਹੋਰ ਦੁਕਾਨਾਂ ‘ਤੇ ਅਣਪਛਾਤੇ ਅਨਸਰਾਂ ਵੱਲੋਂ ਨਸਲੀ ਟਿੱਪਣੀਆਂ ਲਿਖ ਦਿੱਤੀਆਂ ਗਈਆਂ, ਜਿਸ ਮਗਰੋਂ ਇਨ੍ਹਾਂ ਵਪਾਰਕ ਅਦਾਰਿਆਂ ਦੇ ਮਾਲਕਾਂ ਸਮੇਤ ਭਾਰਤੀ ਭਾਈਚਾਰੇ ਵਿਚ ਰੋਸ ਹੈ।
ਸ਼ਹਿਰ ਦਾ ਇਹ ਇਲਾਕਾ ਬਹੁ ਸਭਿਆਚਾਰਕ ਵੱਸੋਂ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੀ ਬਰਕਲੇ ਸਟਰੀਟ ਉੱਤੇ ਭਾਰਤੀ ਰੈਸਟੋਰੈਂਟ, ਕਰਿਆਨੇ ਦੀਆਂ ਦੁਕਾਨਾਂ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਵਪਾਰਕ ਦਫ਼ਤਰਾਂ ਸਮੇਤ ਏਸ਼ਿਆਈ ਖਾਣਿਆਂ ਦੇ ਸਟਾਲ ਹਨ, ਜਿਨ੍ਹਾਂ ਵਿਚ ਆਂਗਨ ਰੈਸਟੋਰੈਂਟ, ਡੋਸਾ ਕਾਰਨਰ, ਤੰਦੂਰੀ ਫ਼ਲੇਮਜ਼, ਥਾਈ ਕਾਰਨਰ ਅਤੇ ਇਕ ਚੀਨੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਤ ਸਮੇਂ ਚਿੱਟੇ ਰੋਗਨ ਨਾਲ ਦੀਵਾਰਾਂ ਅਤੇ ਸ਼ੀਸ਼ਿਆਂ ਉੱਤੇ ਭੱਦੀ ਸ਼ਬਦਾਵਲੀ ਲਿਖੀ ਗਈ ਅਤੇ ਨਾਜ਼ੀ ਚਿੰਨ੍ਹ ਉੱਕਰ ਕੇ ਵਾਈਟ ਪਾਵਰ, ਨੀਗਰ ਮਸਟ ਡਾਈ (ਕਾਲੀ ਚਮੜੀ ਦਾ ਖਾਤਮਾ ਜ਼ਰੂਰੀ) ਟਿੱਪਣੀਆਂ ਲਿਖੀਆਂ ਗਈਆਂ ਹਨ। ਇਸ ਸਬੰਧੀ ਲੋਕਾਂ ਨੂੰ ਪਤਾ ਲੱਗਾ ਤਾਂ ਕਈ ਪਰਿਵਾਰਾਂ ਸਮੇਤ ਨੁਕਸਾਨੇ ਗਏ ਅਦਾਰਿਆਂ ਦੀ ਮਦਦ ਲਈ ਅੱਗੇ ਆਉਣ ਲੱਗੇ। ਬੱਚਿਆਂ ਸਣੇ ਬੀਬੀਆਂ ਵੀ ਨਫ਼ਰਤ ਭਰੇ ਨਾਅਰਿਆਂ ਨੂੰ ਸਾਫ਼ ਕਰਨ ਵਿਚ ਹੱਥ ਵਟਾਉਣ ਲੱਗੇ। ਇਸ ਕਾਰੇ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ। ਵਿਕਟੋਰੀਆ ਪੁਲਿਸ ਦੇ ਉੱਚ ਅਧਿਕਾਰੀ ਬਲਿੰਡਾ ਬੈੱਟੀ ਨੇ ਇਸ ਨੂੰ ਗੰਭੀਰ ਨਸਲੀ ਹਰਕਤ ਕਿਹਾ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …