ਡਾ. ਦੇਵਿੰਦਰ ਪਾਲ ਸਿੰਘ
ਯੂਨਾਇਟਡ ਰੋਬੋਟੈੱਕ ਦੇ ਹੈੱਡ-ਆਫਿਸ ਵਿਚ ਅੱਜ ਖੁਸ਼ੀ ਤੇ ਉਤਸੁਕਤਾ ਦਾ ਮਾਹੌਲ ਸੀ। ਹੋਵੇ ਵੀ ਕਿਉਂ ਨਾ? ਕੰਪਨੀ ਦੀ ਨਵੀਂ ਮੈਨੇਜਿੰਗ ਡਾਇਰੈਕਟਰ ਮਿਸ ਰੂਹੀ ਨਿਓਈ ਜੂ ਆ ਰਹੀ ਸੀ। ਅਹਿਮਦਾਬਾਦ ਦੇ ਵਿਸ਼ਵ ਪ੍ਰਸਿੱਧ ਇੰਸਟੀਚਿਊਟ ਆਫ ਮੈਨੇਜ਼ਮੈਂਟ ਤੋਂ ਸਿੱਖਿਆ ਪ੍ਰਾਪਤ 32 ਸਾਲਾ ਰੂਹੀ ਵਿਲੱਖਣ ਪ੍ਰਤਿਭਾ ਦੀ ਮਾਲਕ ਸੀ। ਛੋਟੀ ਉਮਰ ਵਿਚ ਹੀ ਉਸ ਨੂੰ, ਮੈਨੇਜਮੈਂਟ ਦੇ ਖੇਤਰ ਅੰਦਰ, ਅੰਤਰ-ਰਾਸ਼ਟਰੀ ਮਾਨਤਾ ਪ੍ਰਾਪਤ ਹੋ ਚੁੱਕੀ ਸੀ। ਹੋਰ ਤਾਂ ਹੋਰ, ਉਹ ਸੁਘੜਤਾ ਤੇ ਸਵੈ-ਵਿਸ਼ਵਾਸ ਦੀ ਮਿਸਾਲ ਵਜੋਂ ਵੀ ਮਸ਼ਹੂਰ ਸੀ।
ਪ੍ਰੋਫੈਸ਼ਨ ਸੰਬੰਧੀ ਡੂੰਘੇ ਸਮਰਪਣ ਕਾਰਣ ਹੀ ਰੂਹੀ ਨੇ ਅਜੇ ਤਕ ਵਿਆਹ ਵੀ ਨਹੀਂ ਸੀ ਕਰਵਾਇਆ। ਵੈਸੇ ਉਸ ਵਰਗੀ ਸੋਹਣੀ-ਸੁਨੱਖੀ, ਸਿਆਣੀ ਤੇ ਕਮਾਊ ਮੁਟਿਆਰ ਲਈ ਰਿਸ਼ਤਿਆਂ ਦੀ ਘਾਟ ਨਹੀਂ ਸੀ। ਰਿਸ਼ਤੇ ਲਈ ਚਾਹਵਾਨ ਤਾਂ ਪਿੱਛੇ-ਪਿੱਛੇ ਤੁਰੇ ਫਿਰਦੇ ਸਨ ਉਸ ਦੇ …… ਪਰ ਉਹ ਸੀ ਕਿ ਉਸ ਦੇ ਮਨ ਨੂੰ ਕੋਈ ਭਾਇਆ ਹੀ ਨਹੀਂ ਸੀ ਅਜੇ ਤੱਕ।
ਉਸ ਦੀ ਪਿਆਰੀ ਸਹੇਲੀ ਰਾਇਸ਼ਾ ਵੀ ਉਸ ਨੂੰ ਕਈ ਵਾਰ ਸਮਝਾ ਥੱਕੀ ਸੀ ਕਿ ਜੀਵਨ ਸਾਥੀ ਦੀ ਚੋਣ ਸਮੇਂ ਸਿਰ ਕਰ ਲੈਣੀ ਹੀ ਠੀਕ ਰਹਿੰਦੀ ਹੈ। ਪਰ ਹਰ ਵਾਰ ਉਸ ਦਾ ਇਹੋ ਹੀ ਉੱਤਰ ਹੁੰਦਾ, ‘ਸਮਾਂ ਹੈ ਕਿੱਥੇ ਅਜਿਹੇ ਫਾਲਤੂ ਕੰਮਾਂ ਲਈ। ਅਜੇ ਤਾਂ ਮੈਂ ਆਪਣੇ ਪ੍ਰੋਫੈਸ਼ਨ ਵਿਚ ਬਹੁਤ ਕੁਝ ਕਰਨਾ ਹੈ। ਅਛੂੰਹ ਬੁਲੰਦੀਆਂ ਨੂੰ ਛੂੰਹਣਾ ਹੈ। ਲੋਹਾ ਮੰਨਵਾਉਣਾ ਹੈ ਦੁਨੀਆਂ ਨੂੰ, ਆਪਣੀ ਖਾਸੀਅਤ ਦਾ …….’
ਰਾਇਸ਼ਾ ਦੇ ਬਹੁਤ ਵਧੇਰੇ ਜ਼ੋਰ ਦੇਣ ਉੱਤੇ ਉਸ ਦਾ ਜਵਾਬ ਹੁੰਦਾ ‘ਚੱਲ ਠੀਕ ਏ। ………ਕਦੇ ਵਿਹਲ ਮਿਲੀ ਤਾਂ ਸੋਚਾਂਗੀ।……. ਅਜੇ ਅਜਿਹਾ ਵੀ ਤਾਂ ਕੋਈ ਨਹੀਂ ਮਿਲਿਆ ਜੋ ਮਨ ਦੀਆਂ ਤਰਬਾਂ ਨੂੰ ਛੂੰਹ ਸਕੇ।’
ਪ੍ਰੋਫੈਸ਼ਨ ਸੰਬੰਧੀ ਅਤਿ ਦਰਜੇ ਦੇ ਸਮਰਪਣ ਕਾਰਣ ਹੀ ਤਾਂ ਯੂਨਾਇਟਡ ਰੋਬੋਟੈੱਕ ਨੇ ਉਸ ਦੀ ਖਾਸ ਤੌਰ ਉੱਤੇ ਚੋਣ ਕੀਤੀ ਸੀ, ਮੈਨੇਜਿੰਗ ਡਾਇਰੈਕਟਰ (ਐਮ. ਡੀ.) ਦੇ ਚੁਣੌਤੀਪੂਰਣ ਅਹੁਦੇ ਲਈ।
ੲੲੲ
ਕੰਪਨੀ ਦੇ ਦਫ਼ਤਰ ਵਿਖੇ ਨਵੇਂ ਐਮ. ਡੀ. ਦੀ ਆਮਦ ਬਾਰੇ ਹਰ ਕੋਈ ਉਤਸੁਕਤਾ ਭਰੀ ਉਡੀਕ ਵਿਚ ਸੀ ਸਿਵਾਏ ਐਮ. ਡੀ. ਦੇ ਨਿੱਜੀ ਸਕੱਤਰ ਰੂਬਨ ਦੇ। ਜੋ ਮੌਜੂਦਾ ਮਾਹੌਲ ਤੋਂ ਅਣਭਿੱਜ ਆਪਣੇ ਰੋਜ਼-ਮਰ੍ਹਾ ਦੇ ਕੰਮਾਂ ਵਿਚ ਮਸਰੂਫ਼ ਸੀ।
ਜਿਵੇਂ ਹੀ ਮਿਸ ਰੂਹੀ ਦੀ ਕਾਰ ਕੰਪਨੀ ਦੇ ਮੇਨ-ਗੇਟ ਸਾਹਮਣੇ ਆ ਕੇ ਰੁਕੀ, ਸਮੂਹ ਸਟਾਫ ਹੱਥਾਂ ਵਿਚ ਗੁਲਦਸਤੇ ਫੜੀ ਸਵਾਗਤ ਲਈ ਲਾਮਬੰਦ ਸੀ। ਸੱਭ ਤੋਂ ਪਹਿਲਾਂ ਕੰਪਨੀ ਦੀ ਚੇਅਰ ਪਰਸਨ ਮਿਸਿਜ਼ ਈਰਾ ਅੰਬਾਨੀ ਨੇ ਮਿਸ ਰੂਹੀ ਨੂੰ ਗੁਲਸਦਤਾ ਭੇਂਟ ਕਰਦਿਆਂ ‘ਜੀ ਆਇਆ’ ਆਖਿਆ ਤੇ ਫਿਰ ਇਕ ਇਕ ਕਰਕੇ ਸਾਰਿਆਂ ਨਾਲ ਤੁਆਰਫ ਕਰਾਉਣ ਲੱਗੀ।
ਰੂਹੀ ਖੁਸ਼ ਸੀ। ਵਧਾਈ ਕਬੂਲਦਿਆਂ ਤੇ ਗੁਲਦਸਤੇ ਸਵੀਕਾਰ ਕਰਦਿਆਂ ਉਹ ਬਾਗੋ-ਬਾਗ ਸੀ। ਹੁਣ ਉਹ ਤੁਆਰਫ ਦੇ ਆਖਰੀ ਪੜ੍ਹਾਅ ਉੱਤੇ ਸੀ।
‘ਤੇ ਇਹ ਹੈ ਤੁਹਾਡਾ ਨਿੱਜੀ ਸਕੱਤਰ, ਰੂਬਨ।’ ਕਤਾਰ ਵਿਚ ਸੱਭ ਤੋਂ ਆਖਰ ਵਿਚ ਖੜ੍ਹੇ ਗੋਰੇ ਰੰਗ, ਲੰਮੇ ਕੱਦ ਤੇ ਹਲਕੀਆਂ ਨੀਲੀਆਂ ਅੱਖਾਂ ਵਾਲੇ ਨੌਜੁਆਨ ਵੱਲ ਇਸ਼ਾਰਾ ਕਰਦੇ ਹੋਏ ਮਿਸਿਜ਼ ਅੰਬਾਨੀ ਦੇ ਬੋਲ ਸਨ।
ਰੂਹੀ ਇਕ ਪਲ ਤਾਂ ਉਸ ਨੂੰ ਦੇਖਦੀ ਹੀ ਰਹਿ ਗਈ। ‘ਬੜੀ ਅਜਬ ਕਸ਼ਿਸ਼ ਹੈ ਇਸ ਦੀਆਂ ਨੀਲੀਆਂ ਅੱਖਾਂ ਵਿਚ।’ ਉਸ ਦੇ ਮਨ ਦਾ ਫੁਰਨਾ ਸੀ।
ਤੇ ਫਿਰ ਹੌਲੇ ਹੌਲੇ ਉਸ ਨੇ ਆਪਣਾ ਸੱਜਾ ਹੱਥ ਅੱਗੇ ਵਧਾਇਆ।
‘ਹਾਇ!’ ਰੂਹੀ ਦੇ ਆਪਮੁਹਾਰੇ ਬੋਲ ਸਨ।
‘ਰੂਬਨ! ਇਹ ਹੈ ਤੇਰੀ ਨਵੀਂ ਬੌਸ, ਮਿਸ ਰੂਹੀ ਨਿਓਈ। ਮੈਨੇਜਮੈਂਟ ਦੇ ਖੇਤਰ ਦੀ ਬੇਹਤਰੀਨ ਮਾਹਿਰ। ਆਸ ਹੈ ਇਹ, ਸਾਡੀ ਕੰਪਨੀ ਨੂੰ ਨਵੀਆਂ ਬੁਲੰਦੀਆਂ ਤਕ ਲੈ ਜਾਵੇਗੀ।’
ਰੂਬਨ ਨੇ ਆਪਣੀ ਨਵੀਂ ਬੌਸ ਵੱਲ ਨਿਗਾਹ ਮਾਰੀ…… ਰੂਹੀ ਉਸ ਵੱਲ ਹੀ ਦੇਖ ਰਹੀ ਸੀ। ਰੂਬਨ ਨੂੰ ਝੇਪ ਜਿਹੀ ਮਹਿਸੂਸ ਕੀਤੀ ਪਰ ਉਸ ਨੇ ਹਲਕੀ ਜਿਹੀ ਮੁਸਕਾਨ ਨਾਲ ਆਪਣਾ ਹੱਥ ਅੱਗੇ ਵਧਾ ਦਿੱਤਾ।
ਰੂਹੀ ਦੇ ਹੱਥ ਦੀ ਘੁੱਟਣ ਕੁਝ ਜ਼ਿਆਦਾ ਹੀ ਘੁੱਟਵੀਂ ਸੀ।
ਮਿਸਿਜ਼ ਅੰਬਾਨੀ ਬੋਲ ਰਹੀ ਸੀ; ‘ਤੇ ਰੂਬਨ!……. ਰੂਬਨ ਸਾਡੀ ਕੰਪਨੀ ਦਾ ਹੀਰਾ ਹੈ! ਮਿਹਨਤੀ, ਵਫਾਦਾਰ, ਸਿਆਣਾ ਤੇ ਹਾਂ ਸੁਹਣਾ-ਸੁਨੱਖਾ ਵੀ। ……. ਤੁਹਾਨੂੰ ਇਸ ਵਲੋਂ ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ, ਮਿਸ ਰੂਹੀ।’
‘ਥੈਂਕਸ, ਮਿਸਿਜ਼ ਅੰਬਾਨੀ!’ ਰੂਬਨ ਨੇ ਮੁਸਕਰਾ ਕੇ ਆਖਿਆ।
‘ਅੱਛਾ! ਮਿਸ ਰੂਹੀ! ਬੈੱਸਟ ਵਿਸ਼ਿਜ ਫਾਰ ਜੁਆਇਨਿੰਗ ਯੂਨਾਇਟਡ ਰੋਬੋਟੈੱਕ। ਹੁਣ ਮੈਂ ਚਲਦੀ ਹਾਂ।’ ਆਖ ਮਿਸਿਜ਼ ਅੰਬਾਨੀ ਆਪਣੇ ਆਫ਼ਿਸ ਵੱਲ ਤੁਰ ਗਈ।
ੲੲੲ
ਸ਼ੁਰੂ ਸ਼ੁਰੂ ਵਿਚ ਤਾਂ ਨਵੇਂ ਅਹੁਦੇ ਦੀਆਂ ਜੁੰਮੇਵਾਰੀਆਂ ਤੇ ਕੰਮ-ਕਾਜੀ ਰੁਝੇਵਿਆਂ ਵਿਚ ਰੂਹੀ ਨੇ ਰੂਬਨ ਵੱਲ ਵਧੇਰੇ ਧਿਆਨ ਨਹੀਂ ਸੀ ਦਿੱਤਾ। ਪਰ ਪਿਛਲੇ ਦੋ ਕੁ ਮਹੀਨਿਆਂ ਤੋਂ ਉਹ ਇਕ ਅਜਬ ਤਬਦੀਲੀ ਮਹਿਸੂਸ ਕਰ ਰਹੀ ਸੀ ਆਪਣੇ ਅੰਦਰ।
ਉਸ ਨੂੰ ਰੂਬਨ ਚੰਗਾ ਚੰਗਾ ਲੱਗਣ ਲੱਗ ਪਿਆ ਸੀ। …… ਆਗਿਆਕਾਰ, ਮਿਹਨਤੀ, ਲਗਨ ਭਰਪੂਰ, ਕਾਰਜ ਕੁਸ਼ਲ ਤੇ ਵਫ਼ਾਦਾਰ ਵੀ। ਕੋਈ ਵੀ ਕੰਮ ਆਖੋ……. ਨਾ ਕਹਿਣਾ ਤਾਂ ਉਸ ਨੇ ਸਿੱਖਿਆ ਹੀ ਨਹੀਂ ਸੀ। ਹਰ ਕੰਮ ਸਹੀ ਤੇ ਸਮੇਂ ਸਿਰ ਕਰਣ ਵਾਲਾ। ਹੌਲੇ ਹੌਲੇ ਉਹ, ਖੁਦ ਨੂੰ, ਉਸ ਉਪਰ ਨਿਰਭਰ ਹੁੰਦਾ ਮਹਿਸੂਸ ਕਰ ਰਹੀ ਸੀ। ‘……. ਤੇ ਭਲਾ ਬੁਰਾ ਵੀ ਕੀ ਹੈ ਇਸ ਵਿਚ?’ ਉਹ ਸੋਚਦੀ।
‘ਬੇਸ਼ਕ ਚੁੱਪ-ਚਾਪ ਰਹਿੰਦਾ ਏ। ਕਦੇ ਫਾਲਤੂ ਗੱਲ ਨਹੀਂ ਕਰਦਾ। ਪਰ ਹੈ ਭਰੋਸੇਯੋਗ। ……. ਕੋਈ ਭੈੜਾ ਸ਼ੌਕ ਵੀ ਨਜ਼ਰ ਨਹੀਂ ਆਉਂਦਾ। ਨਾ ਸਿਗਰਟਨੋਸ਼ੀ, ਨਾ ਸ਼ਰਾਬ ਦਾ ਚਸਕਾ। ………ਤੇ ਹਾਂ ਕਿੰਨਾਂ ਸੁਹਣਾ ਸੁਨੱਖਾ ਹੈ ਉਹ! ਸਟਾਫ਼ ਦੀਆਂ ਕਿੰਨੀਆਂ ਹੀ ਚੰਚਲ ਮੁਟਿਆਰਾਂ ਨੇ ਆਪਣੀਆਂ ਸ਼ੌਖ ਅਦਾਵਾਂ ਨਾਲ ਉਸ ਦਾ ਮਨ ਮੋਹਣ ਦੀ ਕੋਸ਼ਿਸ਼ ਕੀਤੀ ਏ ਪਰ ਅਸਫਲ ਹੀ ਰਹੀਆਂ ਨੇ ਹੁਣ ਤਕ। ਕਿਸੇ ਦਾ ਵੀ ਜਾਦੂ ਕੰਮ ਨਹੀਂ ਕੀਤਾ ਇਸ ਉੱਤੇ ਅਜੇ ਤਕ।’ ਵਿਚਾਰਾਂ ਦੀ ਉਥਲ-ਪੁਥਲ ਰੂਹੀ ਦੇ ਦਿਲੋ-ਦਿਮਾਗ ‘ਚ ਲਗਾਤਾਰ ਜਾਰੀ ਸੀ।
ਤੇ ਜਿਵੇਂ ਸਮਾਂ ਬੀਤਦਾ ਗਿਆ ਰੂਹੀ ਖੁੱਦ ਨੂੰ ਰੂਬਨ ਦੀ ਸਖ਼ਸ਼ੀਅਤ ਦਾ ਕਾਇਲ ਹੁੰਦਾ ਦੇਖ ਰਹੀ ਸੀ। ਦਿਲ ਤੇ ਦਿਮਾਗ ਦੀ ਟੱਕਰ ਵਿਚ ਦਿਲ ਦਾ ਪਲੜਾ ਭਾਰੀ ਹੁੰਦਾ ਜਾ ਰਿਹਾ ਸੀ।
ਤਦ ਹੀ ਇਕ ਦਿਨ, ਰੋਜ਼ਾਨਾ ਗੱਲਬਾਤ ਤੋਂ ਪਰ੍ਹੇ ਹਟ ਉਹ ਬੋਲੀ:
‘ਰੂਬਨ!’
‘ਜੈੱਸ ਮੈਡਮ!’
‘ਅੱਜ ਮਨ ਨਹੀਂ ਹੈ ਕੰਮ ਕਰਨ ਨੂੰ।’
‘ਜੀ!’
‘ਇੰਝ ਕਰ, ਇਨ੍ਹਾਂ ਫਾਇਲਾਂ ਉੱਤੇ ਕਿਸੇ ਵੇਲੇ ਨਜ਼ਰ ਮਾਰ ਛੱਡੀ ਤੇ ਭਲਕੇ ਮੈਨੂੰ ਦਿਖਾ ਦੇਈਂ।’ ਮੇਜ਼ ਉੱਤੇ ਪਈਆਂ ਫਾਇਲਾਂ ਵੱਲ ਇਸ਼ਾਰਾ ਕਰਦਿਆਂ ਰੂਹੀ ਦੇ ਬੋਲ ਸਨ।
‘ਜੀ, ਮੈਡਮ!’
‘ਤੇ ਅੱਜ ਕੰਮ ਦੀ ਥਾਂ, ਥੋੜ੍ਹੀ ਗਪਸ਼ਪ ਹੋ ਜਾਏ।’
‘ਕੀ ਮੈਡਮ?’ ਰੂਬਨ ਦੇ ਹੈਰਾਨੀ ਭਰੇ ਬੋਲ ਸਨ।
‘ਕੋਈ ਕੰਮ ਨਹੀਂ ਸਿਰਫ਼ ਗਪਸ਼ਪ!’ ਰੂਬਨ ਦੇ ਚਿਹਰੇ ਉੱਤੇ ਉਲਝਣ ਭਰਿਆ ਪ੍ਰਭਾਵ ਦੇਖ ਰੂਹੀ ਬੋਲੀ।
‘ਕੰਮ ਨਹੀਂ?…….ਗਪਸ਼ਪ?…….ਜੀ ਮੈਡਮ!’
‘ਖੂਬ ਮਿਹਨਤੀ ਏਂ ਤੂੰ!’
‘ਥੈਂਕਸ ਮੈਡਮ!’
‘ਕੰਪਨੀ ਬਾਰੇ ਕੀ ਰਾਏ ਏ ਤੇਰੀ?’
‘ਬਹੁਤ ਵਧੀਆ ਹੈ ਇਹ, ਮੈਡਮ! ਮੈਂਨੂੰ ਇਥੇ ਕੰਮ ਕਰਨਾ ਚੰਗਾ ਲੱਗਦਾ ਏ।’
‘ਅੱਛਾ! ਕਿੰਨੇ ਕੁ ਚਿਰ ਤੋਂ ਤੂੰ ਇਥੇ ਏ?’
‘ਇਕ ਸਾਲ ਛੇ ਮਹੀਨੇ ਤੇਰ੍ਹਾਂ ਦਿਨ ਤੇ ਚਾਰ ਘੰਟੇ, ਮੈਡਮ!’
‘ਵਾਹ! ਤੂੰ ਤਾਂ ਘੰਟਿਆਂ ਤਕ ਦਾ ਹਿਸਾਬ ਕਿਤਾਬ ਵੀ ਯਾਦ ਰੱਖਿਆ ਹੋਇਆ ਹੈ।’
‘ਜੀ ਮੈਡਮ! ਕਿਉਂ ਕਿ ਇਸ ਵੇਲੇ ਦੁਪਿਹਰ ਦੇ ਦੋ ਵੱਜ ਚੁੱਕੇ ਨੇ।’
‘ਜਾਪਦੇ ਤੈਨੂੰ ਗਿਣਤੀਆਂ ਮਿਣਤੀਆਂ ਨਾਲ ਖਾਸ ਮੋਹ ਹੈ।’
‘ਮੋਹ?…….ਜੀ ਮੈਡਮ!’
‘ਤੈਨੂੰ ਕੀ ਚੰਗਾ ਲੱਗਦਾ ਹੈ?’
‘ਕੰਪਨੀ, ਮੈਡਮ।’
‘ਅਤੇ ਹੋਰ?’
‘ਕੰਮ……. ਸੱਭ ਕੁਝ, ਮੈਡਮ!’
‘ਵਾਹ! ਬਹੁਤ ਖੂਬ! ਮੈਂ ਵੀ?’
‘ਜੀ ਮੈਡਮ!’
‘ਬਹੁਤ ਸੁਹਣਾ ਏਂ ਤੂੰ।’
‘ਕੀ?……..ਮੈਡਮ!’
‘ਤੂੰ!’
‘ਜੀ ਮੈਡਮ!’
‘ਕੀ ਪੀਏਗਾ? ਚਾਹ, ਜੂਸ ਜਾਂ ਕੋਲਡ ਡਰਿੰਕ?’
‘ਕੁਝ ਨਹੀਂ। ਮੈਡਮ!’
‘ਕੁਝ ਵੀ ਨਹੀਂ?’
‘ਜੀ।’
ਅਚਾਨਕ ਬਿਲਡਿੰਗ ਉਪਰੋਂ ਹਵਾਈ ਜਹਾਜ਼ ਦੇ ਲੰਘਣ ਦੀ ਚੀਖਵੀਂ ਆਵਾਜ਼ ਸੁਣਾਈ ਦਿੱਤੀ। ਰੂਬਨ ਇਕ ਦਮ ਘਬਰਾ ਗਿਆ। ਉਸ ਦੇ ਚਿਹਰੇ ਉੱਤੇ ਡਰ ਤੇ ਉਲਝਣ ਦੇ ਮਿਲੇ ਜੁਲੇ ਪ੍ਰਭਾਵ ਸਨ।
‘ਕਿਉਂ? ਕੀ ਗੱਲ ਏ?’
‘ਪਤਾ ਨਹੀਂ। ਜਦੋਂ ਕੋਈ ਹਵਾਈ ਜਹਾਜ਼ ਬਿਲਡਿੰਗ ਤੋਂ ਗੁਜ਼ਰਦਾ ਏ ਮੈਂਨੂੰ ਅਜੀਬ ਘਬਰਾਹਟ ਮਹਿਸੂਸ ਹੁੰਦੀ ਏ।’
‘ਪਰ ਕਿਉਂ? ਕੀ ਇਸ ਆਵਾਜ਼ ਨਾਲ ਕੋਈ ਬੁਰੀ ਘਟਨਾ ਯਾਦ ਆ ਜਾਂਦੀ ਏ?’
‘ਬੁਰੀ ਘਟਨਾ?…….ਮੈਡਮ!’
‘ਜੀਵਨ ਦਾ ਕੋਈ ਅਣਚਾਹਿਆ ਹਾਦਸਾ ਸ਼ਾਇਦ!’
‘ਹਾਦਸਾ?………ਨਹੀਂ! ਮੈਡਮ! ਅਜਿਹੀ ਕੋਈ ਗੱਲ ਨਹੀਂ।’
‘ਚੱਲ ਛੱਡ। ਘਰ ਵਿਚ ਕੌਣ ਕੌਣ ਹੈ?’
‘ਕੋਈ ਨਹੀਂ। ਮੈਡਮ!’
‘ਤੂੰ ਇੱਕਲਾ ਹੀ ਹੈ! ਪਤਨੀ? ਬੱਚੇ?……ਕੋਈ ਹੋਰ?’
‘ਕੋਈ ਨਹੀਂ।’ ……… ਸੁਣ ਰੂਹੀ ਦਾ ਮਨ ਖਿੜ ਗਿਆ ਸੀ।
‘ਹੂੰ! ਖਾਣੇ ਦਾ ਕੀ ਪ੍ਰੋਗ੍ਰਾਮ ਏ?’ ਮਾਰੇ ਖੁਸ਼ੀ ਦੇ ਰੂਹੀ ਦੀ ਭੁੱਖ ਚਮਕ ਪਈ ਸੀ।
‘ਖਾਣਾ? …… ਹੁਣੇ ਹੀ ਭਿਜਵਾ ਦਿੰਦਾ ਹਾਂ ਮੈਡਮ!’
ਤੇ ਉਸ ਨੇ ਤੁਰੰਤ ਕੰਪਨੀ ਦੇ ਕੈਫੇਟੇਰੀਆ ਨੂੰ ਮੈਡਮ ਲਈ ਖਾਣਾ ਭਿਜਵਾਣ ਦਾ ਹੁਕਮ ਸੁਣਾ ਦਿੱਤਾ ਤੇ ਖੁੱਦ ਮੇਜ਼ ਉੱਤੇ ਪਈਆਂ ਫਾਇਲਾਂ ਫਰੋਲਣ ਲੱਗ ਪਿਆ।
‘ਤੂੰ ਫਾਇਲਾਂ ਉੱਤੇ ਨਜ਼ਰ ਮਾਰਨੀ ਸ਼ੁਰੂ ਵੀ ਕਰ ਦਿੱਤੀ ਏ?’ ਉਸ ਨੂੰ ਫਾਇਲਾਂ ਘੋਖਦਿਆਂ ਦੇਖ ਰੂਹੀ ਦੇ ਬੋਲ ਸਨ।
‘ਜੀ ਮੈਡਮ!…….ਕਾਫ਼ੀ ਦੇਖ ਲਈਆਂ ਹਨ।’
‘ਲੱਗਦਾ ਹੈ ਕਿ ਤੂੰ ਤਾਂ ਕੰਪਨੀ ਨੂੰ ਪੂਰੀ ਤਰ੍ਹਾਂ ਹੀ ਸਮਰਪਿਤ ਹੈ। ਨਾ ਚਾਹ, ਨਾ ਕੋਲਡ ਡਰਿੰਕ, ਨਾ ਗਪਸ਼ਪ, ਨਾ ਖਾਣਾ। ਭਲਾ ਕੰਮ ਤੋਂ ਬਿਨ੍ਹਾਂ ਵੀ ਕੋਈ ਸ਼ੌਕ ਹੈ ਤੈਨੂੰ?’
‘ਸਿਰਫ਼ ਕੰਮ। ਮੈਡਮ!’
‘ਅੱਛਾ। ਆਫ਼ਿਸ ਤੋਂ ਛੁੱਟੀ ਪਿਛੋਂ ਕੀ ਕਰਦਾ ਏਂ?’
‘ਕੁਝ ਨਹੀਂ। ਘਰ ਜਾਂਦਾ ਹਾਂ……. ਆਪਣੀ ਥਾਂ।’
‘ਆਪਣੀ ਥਾਂ?…….ਹੋਰ ਕਿਹੜੀ ਕਿਹੜੀ ਥਾਂ ਦੇਖੀ ਏ ਤੂੰ?……..ਡਿਸਕੋ? ਪੱਬ? …… ਜਾਂ ਕੋਈ ਹੋਰ?’
‘ਕੋਈ ਨਹੀਂ। ਮੈਡਮ!’
‘ਤੈਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਘੱਟੋ ਘੱਟ। ਸਾਰਾ ਦਿਨ ਇੰਨਾ ਕੰਮ ਕਰਦਾ ਏ ਤੇ ਸ਼ਾਮ ਨੂੰ ਕੋਈ ਦਿਲ ਪਰਚਾਵਾ ਵੀ ਨਹੀਂ। ਕੋਈ ਪਿਕਨਿਕ ਵੀ ਨਹੀਂ। ਕੰਮ ਦੇ ਬੋਝ ਕਾਰਣ ਤਣਾਉ ਨਹੀਂ ਮਹਿਸੂਸ ਕਰਦਾ ਤੂੰ?’
‘ਬੋਝ?……..ਤਣਾਉ? ਮਾਫ਼ ਕਰਨਾ ……ਮੈਂ ਸਮਝ ਨਹੀਂ ਸਕਿਆ, ਮੈਡਮ! ਮੈਨੂੰ ਤਾਂ ਕੰਮ ਚੰਗਾ ਲੱਗਦਾ ਹੈ।’
‘ਇਹ ਤਾਂ ਠੀਕ ਹੈ ਰੂਬਨ! ਪਰ ਤੈਨੂੰ ਪਿਕਨਿਕ ‘ਤੇ ਜ਼ਰੂਰ ਜਾਣਾ ਚਾਹੀਦਾ ਹੈ। ਤੇਰੀ ਸਮਾਰਟਨੈੱਸ ਕਾਇਮ ਰਹੇਗੀ।’
‘ਸਮਾਰਟਨੈੱਸ?’
‘ਹਾਂ! ਕੀ ਮੂਡ ਏ? ਚਲ ਕਿਸੇ ਦਿਨ ਇਕੱਠੇ ਚਲਦੇ ਹਾਂ ਪਿਕਨਿਕ ‘ਤੇ।’
ੲੲੲ
‘ਇਹ ਨਵੀਂ ਐੱਮ. ਡੀ. ਤਾਂ ਬੜੀ ਸਮਾਰਟ ਹੈ!’
‘ਕਿਉਂ ਕੀ ਹੋਇਆ ਮੀਨੂੰ?’
‘ਕੀ ਹੋਇਆ?………ਦੇਖ ਟੀਨਾ, ਇਸ ਨੇ ਤਾਂ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਏ!………ਪਿੱਛੇ ਹੀ ਪੈ ਗਈ ਏ!’
‘ਪਿੱਛੇ ਹੀ ਪੈ ਗਈ ਏ?…….ਕਿਸ ਦੇ?’ ਟੀਨਾ ਦੇ ਹੈਰਾਨੀ ਭਰੇ ਬੋਲ ਸਨ।
‘ਉਸੇ ਚੀਨੇ ਕਬੂਤਰ ਦੇ, ਜਿਸ ਨੇ ਸਾਡੇ ਕਿਸੇ ਲਈ ਵੀ ਕਦੇ ਗੁਟਰਗੂੰ ਨਹੀਂ ਕੀਤੀ।’
‘ਕੌਣ ਚੀਨਾ ਕਬੂਤਰ?’
‘ਉਹੋ ਹੀ…… ਆਪਣਾ ਰੂਬਨ।’
‘ਹੂੰ! ਰੂਹੀ ਦਾ ਨਿੱਜੀ ਸਕੱਤਰ।’
‘ਅੱਜ ਤੋਂ ਹੀ ‘ਆਪਰੇਸ਼ਨ ਰੂਬਨ’ ਸ਼ੁਰੂ ਹੋ ਗਿਆ ਹੈ ਤਾਂ ਜੋ ਸਕੱਤਰ ਨੂੰ ‘ਨਿੱਜੀ’ ਬਣਾਇਆ ਜਾ ਸਕੇ।’
‘ਬੜੀ ਹੈਰਾਨੀ ਵਾਲੀ ਗੱਲ ਹੈ ਮੀਨੂੰ! ਆਈ ਮਗਰੋਂ ਹੈ ਤੇ ਸ਼ਿਕਾਰ ਮਾਰਨਾ ਚਾਹੁੰਦੀ ਏ ਸੱਭ ਤੋਂ ਪਹਿਲਾਂ।’
‘ਆਰ ਵੀ ਸਟੂਪੈੱਡ? ਪਿਛਲੇ ਸਾਲ ਭਰ ਤੋਂ ਅਸੀਂ ‘ਚੀਨੇ’ ਦੇ ਸ਼ਿਕਾਰ ਦੀ ਤਾਕ ਵਿਚ ਹਾਂ………ਪਰ ਮਜ਼ਾਲ ਹੈ ਕਿ ਕਦੇ ਇਸ ਨੇ ਸਾਡੇ ਵਲੋਂ ਸੁੱਟਿਆ ਦਾਣਾ ਚੁਗਿਆ ਵੀ ਹੋਵੇ। ਹੋਰ ਤਾਂ ਹੋਰ ਉਸ ਨੇ ਤਾਂ ਇਕ ਵਾਰ ਵੀ ਉਸ ਵੱਲ ਨਜ਼ਰ ਚੁੱਕ ਕੇ ਨਹੀਂ ਦੇਖਿਆ।’
‘ਚਲ, ਦੱਸ ਤਾਂ ਸਹੀ, ਹੋਇਆ ਕੀ ਏ? ਕੀ ਦੇਖਿਆ ਏ ਤੂੰ?’
‘ਬਸ ਥੋੜ੍ਹਾ ਹੀ। ਰੂਹੀ ‘ਚੀਨੇ’ ਦੇ ਨੇੜੇ ਬੈਠੀ ਉਸ ਦੀ ਪਸੰਦ ਜਾਨਣ ਲਈ ਪੁੱਛ ਰਹੀ ਸੀ, ਅਖੇ…… ਤੂੰ ਖਾਂਦਾ ਕੀ ਏ? ਤੂੰ ਪੀਂਦਾ ਕੀ ਏ? ਕਿਥੇ ਜਾਂਦਾ ਏ? ਕੀ ਕਰਦਾ ਏ?………ਤੈਨੂੰ ਕੀ ਚੰਗਾ ਲੱਗਦਾ ਏ?………ਘਰ ਵਿਚ ਕੌਣ ਕੌਣ ਹੈ?………’
‘ਹੂੰ…… ਤੇ ਚੀਨਾ? ਕੀ ਉਸ ਨੇ ਦਾਣਾ ਚੁਗ ਲਿਆ?’
‘ਓਹ ਨੋ!…….ਇਹੀ ਤਾਂ ਖਾਸ ਗੱਲ ਹੈ। ……. ਪੰਛੀ ਬਿਲਕੁਲ ਬੇਅਸਰ ਸੀ। ਉਸ ਨੇ ਦਾਣੇ ਨੂੰ ਉੱਕਾਂ ਹੀ ਮੂੰਹ ਨਹੀਂ ਮਾਰਿਆ। ……ਫਿਰ ਵੀ ਮੈਡਮ ਦੀ ਕੋਸ਼ਿਸ਼ ਜਾਰੀ ਹੈ।’
‘ਡੌਂਟ ਵਰੀ ਮਾਈ ਡੀਅਰ! ਅਸੀਂ ਵੀ ਘੱਟ ਨਹੀਂ। ਸਾਡੀ ਵੀ ਕੋਸ਼ਿਸ਼ ਜਾਰੀ ਹੈ।’
‘ਵਾਹ ਇਹ ਹੋਈ ਨਾ ਗੱਲ। ……ਹੋਪ ਸੁਸਟੇਨਜ਼ ਲਾਈਫ!……..ਖੈਰ ਕਦੇ ਤਾਂ ਆਏਗਾ ਹੀ ਪੰਛੀ ਜਾਲ ਵਿਚ।’
‘ਵਾਇ ਨਾੱਟ! ……… ਹਾਂ ਸੱਚ ਕੁਝ ਪਤਾ ਲੱਗਾ ਕਿ ਇਹ ਰਹਿੰਦਾ ਕਿਥੇ ਏ?’
‘ਓਹ ਨੋ! ਹਰ ਸ਼ਾਮ ਠੀਕ ਪੰਜ ਵਜੇ, ਬਿਨ੍ਹਾਂ ਕਿਸੇ ਨਾਲ ਹੈਲੋ ਹਾਇ ਕੀਤੇ ਕਾਲੀ ਕਾਰ ਵਿਚ ਬੈਠ ਉਡਣ ਛੂੰ ਹੋ ਜਾਂਦਾ ਹੈ। ਕਈ ਵਾਰ ਤਾਂ ਇਸ ਤੋਂ ਰਾਈਡ ਲੈਣ ਲਈ ਦਿਲ ਵੀ ਕੀਤਾ ਪਰ ਇਸ ਦੀ ਚੁੱਪ ਕਾਰਣ ਪੁੱਛਣ ਦਾ ਹੌਂਸਲਾ ਹੀ ਨਹੀਂ ਪਿਆ।’
‘ਪਰ ਰਾਈਡ ਦਾ ਵੀ ਕੀ ਫਾਇਦਾ? ………ਉਸ ਦਿਨ ਮੈਂਨੂੰ ਇਸ ਦੀ ਕਾਰ ਵਿਚ ਰਾਈਡ ਮਿਲ ਤਾਂ ਗਈ ਪਰ ਇਹ ਭਲਾਮਾਣਸ ਸਾਰੇ ਰਾਹ ਚੁੱਪ ਹੀ ਰਿਹਾ, ਤੇ ਫਿਰ ਘਰ ਸਾਹਮਣੇ ਉਤਾਰ ਚੁੱਪਚਾਪ ਤੁਰ ਗਿਆ। ……ਮੇਰੇ ਬਹੁਤ ਇਸਰਾਰ ਕਰਣ ਤੇ ਵੀ ਅੰਦਰ ਨਾ ਆਇਆ ……. ਚਾਹ ਦੇ ਕੱਪ ਲਈ ਵੀ ਨਾ। ਜੇ ਕਿਤੇ ਉਸ ਦਿਨ ਦੋ ਪਲ ਬੈਠ ਜਾਂਦਾ ਮੇਰੇ ਕੋਲ, ਤਾਂ ਖੋਲ ਲੈਣੇ ਸਨ ਉਸ ਦੇ ਦਿਲ ਦੇ ਭੇਤ ਮੈਂ ਤਾਂ।’ ‘ਜੂ ਡੇਵਿਲ! ਤੂੰ ਤਾਂ ਕਮਾਲ ਕਰ ਦਿੱਤੀ। ਅੱਜ ਤਕ ਨਹੀਂ ਦੱਸਿਆ ਕਿ ਤੂੰ ਇਥੋਂ ਤਕ ਪਹੁੰਚ ਚੁੱਕੀ ਏ?”ਓਹ ਮਾਈ ਗਾਡ! ਵਟ ਏ ਸੇਡ ਥਿੰਗ! ਛੁਪਾ ਛੁਪਾ ਰੱਖੀ ਗੱਲ ਅਚਾਨਕ ਮੂੰਹੋ ਨਿਕਲ ਗਈ। ……ਚਲ ਤੂੰ ਵੀ ਕਰ ਲੈ ਟ੍ਰਾਈ। ਮੈਨੂੰ ਕਿਹੜਾ ਮੋਤੀ ਮਿਲ ਗਏ ਜੋ ਤੈਨੂੰ ਨਹੀਂ ਮਿਲੇ।’ ‘ਕਰਾਂਗੀ! ਓਹ ਡੀਅਰ! ਜ਼ਰੂਰ ਕਰਾਂਗੀ ਤੇ ਤੈਨੂੰ ਦਿਖਾ ਕੇ ਰਹੂੰਗੀ ਆਪਣੇ ਜਾਦੂ ਦਾ ਅਸਰ ਇਕ ਦਿਨ।’
(ਚਲਦਾ)
Website: drdpsinghauthor.wordpress.com