ਕੈਨੇਡਾ ਸਕਿੱਲਡ ਵਰਕਰਾਂ ਦੀ ਮੰਗ ਪੂਰੀ ਕਰਨ ਲਈ ਤੇਜ਼ੀ ਨਾਲ ਕਰੇਗਾ ਵਰਕ ਪਰਮਿਟ ਵੀਜ਼ਾ ਦੀ ਪ੍ਰੋਸੈਸਿੰਗ
ਟੋਰਾਂਟੋ, ਚੰਡੀਗੜ੍ਹ : ਕੈਨੇਡੀਅਨ ਸਰਕਾਰ ਕੈਨੇਡਾ ਵਿਚ ਸਕਿੱਲਡ ਲੇਬਰ ਦੀ ਮੰਗ ਪੂਰੀ ਕਰਨ ਦੇ ਲਈ ਵਰਕ ਪਰਮਿਟ ਪ੍ਰੋਸੈਸ ਨੂੰ ਤੇਜ਼ ਕਰਨ ਜਾ ਰਹੀ ਹੈ। ਇੰਟਰਨੈਸ਼ਨਲ ਐਕਸਪੀਰੀਐਂਸ ਕੈਨੇਡਾ (ਆਈਈਸੀ) ਦੇ ਤਹਿਤ ਕੈਨੇਡੀਅਨ ਵਰਕ ਪਰਮਿਟ ਜਾਰੀ ਕਰਨ ਦੇ ਪ੍ਰੋਸੈਸ ਵਿਚ ਆਟੋਮੇਸ਼ਨ ਵਧਾਈ ਜਾ ਰਹੀ ਹੈ। ਇਸਦੇ ਨਾਲ ਹੀ ਵਰਕ ਪਰਮਿਟ ਜਾਰੀ ਕਰਨ ਦੇ ਲਈ ਨਿਯਮਾਂ ਵਿਚ ਵੀ ਸਖਤੀ ਨੂੰ ਘੱਟ ਕੀਤਾ ਜਾ ਰਿਹਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਕੈਨੇਡੀਅਨ ਸਕਿੱਲਡ ਲੇਬਰ ਫੋਰਸ ਵਿਚ ਸ਼ਾਮਲ ਕੀਤਾ ਜਾ ਸਕੇ। ਇਮੀਗਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜਨਸ਼ਿਪ ਕੈਨੇਡਾ (ਆਈਆਰਸੀਸੀ) ਵਲੋਂ ਆਈਈਸੀ ਦੇ ਤਹਿਤ ਵਰਕ ਪਰਮਿਟ ਜਾਰੀ ਕਰਨ ਦੇ ਲਈ ਇਕ ਨਵਾਂ ਆਟੋਮੇਸ਼ਨ ਟੂਲ ਲਾਗੂ ਕੀਤਾ ਗਿਆ ਹੈ। ਇਸ ਨਾਲ ਅਰਜ਼ੀਆਂ ਦੀ ਪ੍ਰੋਸੈਸਿੰਗ ਪਹਿਲਾਂ ਦੇ ਮੁਕਾਬਲੇ ਕਾਫੀ ਤੇਜ਼ੀ ਨਾਲ ਹੋਵੇਗੀ ਅਤੇ ਕਾਫੀ ਸਮਾਂ ਵੀ ਬਚਾਇਆ ਜਾ ਸਕੇਗਾ। ਇਸ ਆਟੋਮੇਸ਼ਨ ਟੂਲ ਦਾ ਉਪਯੋਗ ਐਲ.ਐਸ.ਆਈ.ਏ. ਬੇਸਡ ਵੀਜ਼ਾ ਅਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਿਚ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਦਾ ਕਹਿਣਾ ਹੈ ਕਿ ਕੈਨੇਡਾ ਵੀਜ਼ਾ ਪ੍ਰੋਸੈਸਿੰਗ ਵਿਚ ਹਿਊਮਨ ਰਿਸੋਰਸਜ਼ ਦੇ ਨਾਲ ਹੀ ਆਟੋਮੇਸ਼ਨ ਨੂੰ ਵੀ ਵਧਾ ਰਿਹਾ ਹੈ। ਨਵੀਂ ਆਈ.ਟੀ. ਟੈਕਨਾਲੋਜੀ ਨਾਲ ਵੀਜ਼ਾ ਪ੍ਰੋਸੈਸਿੰਗ ਤੇਜ਼ ਹੋ ਰਹੇ ਹਨ ਅਤੇ ਇਸ ਨਾਲ ਵੱਖ-ਵੱਖ ਕੈਟੇਗਰੀਆਂ ਵਿਚ ਬੈਕਲਾਗ ਨੂੰ ਵੀ ਘੱਟ ਕਰਨ ਵਿਚ ਮੱਦਦ ਮਿਲੇਗੀ। ਇਸ ਨਾਲ ਫਾਈਲਾਂ ਦੀ ਪੜਤਾਲ ਦਾ ਕੰਮ ਵੀ ਅਸਾਨ ਹੁੰਦਾ ਜਾ ਰਿਹਾ ਹੈ।
ਨੌਜਵਾਨਾਂ ਨੂੰ ਮਿਲਣਗੇ ਕੰਮ ਦੇ ਜ਼ਿਆਦਾ ਮੌਕੇ
ਮੈਡੀਕਲ ਤੋਂ ਲੈ ਕੇ ਆਈ.ਟੀ. ਅਤੇ ਕਈ ਹੋਰ ਸਕਿੱਲ ਕੈਟੇਗਰੀ ਵਿਚ ਵਰਕ ਪਰਮਿਟ ਵੀਜ਼ਾ ਪ੍ਰੋਸੈਸਿੰਗ ਤੇਜ਼ ਕਰਨ ਨਾਲ ਨੌਜਵਾਨਾਂ ਨੂੰ ਕੈਨੇਡਾ ਵਿਚ ਕੰਮ ਕਰਨ ਦੇ ਜ਼ਿਆਦਾ ਮੌਕੇ ਮਿਲਣਗੇ। ਇਸ ਦੇ ਨਾਲ ਹੀ ਉਹ ਕੈਨੇਡਾ ਦੀ ਵਿਜ਼ਿਟ ਵੀ ਕਾਫੀ ਤੇਜ਼ੀ ਨਾਲ ਕਰ ਸਕਣਗੇ ਅਤੇ ਕੰਮ ਵੀ ਤੇਜ਼ੀ ਨਾਲ ਸ਼ੁਰੂ ਕਰ ਸਕਣਗੇ। ਕੈਨੇਡਾ ਨੇ ਇਸੇ ਸਾਲ ਅਮਰੀਕਾ ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ 15 ਹਜ਼ਾਰ ਆਈ.ਟੀ. ਮਾਹਿਰਾਂ ਨੂੰ ਵੀ ਫਾਸਟ ਟਰੈਕ ਬੇਸ ‘ਤੇ ਕੈਨੇਡੀਅਨ ਵਰਕ ਪਰਮਿਟ ਅਤੇ ਪੀ.ਆਰ. ਦਿੱਤੀ ਹੈ।
ਕੈਂਸਲ ਨਹੀਂ ਕਰੇਗਾ ਆਟੋਮੇਸ਼ਨ ਟੂਲ
ਵਰਕ ਪਰਮਿਟ ਵੀਜ਼ਾ ਪ੍ਰੋਸੈਸ ਲਈ ਲਾਗੂ ਕੀਤਾ ਜਾ ਰਿਹਾ ਆਟੋਮੇਸ਼ਨ ਟੂਲ ਫਾਈਲਾਂ ਦੀ ਪ੍ਰੋਸੈਸਿੰਗ, ਅਪਰੂਵਲ ਹੀ ਦੇਵੇਗਾ। ਇਸ ਕੋਲ ਕਿਸੇ ਵੀ ਫਾਈਲ ਨੂੰ ਕੈਂਸਲ ਜਾਂ ਰਿਜੈਕਟ ਕਰਨ ਦਾ ਫੀਚਰ ਨਹੀਂ ਹੋਵੇਗਾ। ਰਿਜੈਕਟ ਕੀਤੀਆਂ ਗਈਆਂ ਫਾਈਲਾਂ ਨੂੰ ਇਮੀਗਰੇਸ਼ਨ ਅਧਿਕਾਰੀ ਰਿਵਿਊ ਕਰਨ ਤੋਂ ਬਾਅਦ ਹੀ ਆਖਰੀ ਫੈਸਲਾ ਕਰਨਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …