Breaking News
Home / ਹਫ਼ਤਾਵਾਰੀ ਫੇਰੀ / ਪੀ ਸੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਲਈ ਮੈਂ ਜ਼ਿੰਮੇਵਾਰ ਨਹੀਂ : ਪੈਟਰਿਕ ਬਰਾਊਨ

ਪੀ ਸੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਲਈ ਮੈਂ ਜ਼ਿੰਮੇਵਾਰ ਨਹੀਂ : ਪੈਟਰਿਕ ਬਰਾਊਨ

‘ਪਰਵਾਸੀ ਰੇਡੀਓ’ ‘ਤੇ ਕੀਤਾ ਖੁਲਾਸਾ : ਸਾਜਿਸ਼ਕਾਰਾਂ ਦਾ ਪਰਦਾ ਫਾਸ਼ ਕਰਾਂਗਾ ਨਵੰਬਰ ਮਹੀਨੇ ਰਿਲੀਜ਼ ਹੋਣ ਵਾਲੀ ਕਿਤਾਬ ‘ਚ
ਵੀਰਵਾਰ ਨੂੰ ਪਰਵਾਸੀ ਰੇਡੀਓ ਦੇ ਸੰਚਾਲਕ ਰਜਿੰਦਰ ਸੈਣੀ ਨਾਲ ਇੱਕ ਖਾਸ ਗੱਲਬਾਤ ਦੌਰਾਨ ਪੀ ਸੀ ਪਾਰਟੀ ਦੇ ਸਾਬਕਾ ਲੀਡਰ ਪੈਟਰਿਕ ਬਰਾਊਨ ਨੇ ਮੌਜੂਦਾ ਲੀਡਰ ਡੱਗ ਫੋਰਡ ਦੇ ਉਸ ਬਿਆਨ ਨੂੰ ਨਕਾਰਿਆ ਜਿਸ ਵਿੱਚ ਉਨ੍ਹਾਂ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਵੱਖ-ਵੱਖ ਰਾਈਡਿੰਗਾਂ ਵਿੱਚ ਹੋਈਆਂ ਧਾਂਦਲੀਆਂ ਲਈ ਪੈਟਰਿਕ ਬਰਾਊਨ ਜ਼ਿੰਮੇਵਾਰ ਹੈ। ਬਲਕਿ ਉਨ੍ਹਾਂ ਨੇ ਕਈ ਹੋਰ ਮਹੱਤਵਪੂਰਣ ਖੁਲਾਸੇ ਵੀ ਕੀਤੇ। ਪੇਸ਼ ਹਨ ਇਸ ਇੰਟਰਵਿਊ ਦੇ ਕੁਝ ਅੰਸ਼:
ਪਾਰਟੀ ਲੀਡਰ ਡੱਗ ਫੋਰਡ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਵਿਚਲੇ ਮੌਜੂਦਾ ਵਿਵਾਦਾਂ ਲਈ ਸਾਬਕਾ ਲੀਡਰ ਪੈਟਰਿਕ ਬਰਾਊਨ ਜ਼ਿੰਮੇਵਾਰ ਹੈ। ਤੁਹਾਡਾ ਇਸ ਲਈ ਕੀ ਕਹਿਣਾ ਹੈ?
ਪੈਟਰਿਕ : ਮੈਂ ਇਸਨੂੰ ਨਕਾਰਦਾ ਹਾਂ ਕਿਉਂਕਿ ਜਦੋਂ ਮੈਂ ਪਾਰਟੀ ਦੀ ਲੀਡਰਸ਼ਿਪ ਸੰਭਾਲੀ ਸੀ, ਉਸ ਸਮੇਂ ਪਾਰਟੀ ਦੇ ਸਿਰਫ਼ 12 ਹਜ਼ਾਰ ਮੈਂਬਰ ਸਨ। ਜਦੋਂ ਪਾਰਟੀ ਛੱਡੀ ਤਾਂ 2 ਲੱਖ ਮੈਂਬਰ ਹੋ ਚੁੱਕੇ ਸਨ। ਉਸ ਸਮੇਂ ਪਾਰਟੀ ‘ਤੇ 7 ਮਿਲੀਅਨ ਦਾ ਕਰਜ਼ਾ ਸੀ। ਅਸੀਂ ਲਗਭਗ ਬੈਂਕਰਪਟ ਸੀ। ਜਦੋਂ ਮੈਂ ਛੱਡਿਆ ਤਾਂ 4 ਮਿਲੀਅਨ ਬੈਂਕ ਦੇ ਖਾਤੇ ਵਿੱਚ ਸਨ। ਜਦ ਮੈਂ ਲੀਡਰ ਬਣਿਆ, ਤਦ ਪਾਰਟੀ ਇੱਕ ਤੋਂ ਬਾਅਦ ਇੱਕ ਇਲੈਕਸ਼ਨ ਹਾਰ ਰਹੀ ਸੀ। ਕਈ ਵੱਡੇ ਲੀਡਰ ਹਾਰ ਚੁੱਕੇ ਸਨ । ਜਦ ਮੈਂ ਅਹੁਦਾ ਸੰਭਾਲਿਆ, ਅਸੀਂ ਸੂ ਸੇਂਟ ਮਰੀ ਅਤੇ ਸਕਾਰਬਰੋ ਰੂਜ਼ ਰਿਵਰ ਵਰਗੀਆਂ ਸੀਟਾਂ ਵੀ ਖੋਹ ਲਈਆਂ।
ਜਦੋਂ ਡੱਗ ਫੋਰਡ ਨੇ ਲੀਡਰਸ਼ਿਪ ਸੰਭਾਲੀ, ਉਸਨੂੰ ਮਜਬੂਤ ਸਥਿਤੀ ਵਿੱਚ ਪਾਰਟੀ ਮਿਲੀ। ਮੇਰੇ ਹੁੰਦਿਆਂ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਸਭ ਤੋਂ ਵੱਧ ਮੈਂਬਰ ਬਣੇ।
ਡੱਗ ਫੋਰਡ ‘ਤੇ ਲਿਬਰਲ ਪਾਰਟੀ ਨੇ ਦੋਸ਼ ਲਾਇਆ ਹੈ ਕਿ ਉਸਨੇ ਈਟੋਬੀਕੋ ਸੈਂਟਰ ਵਿੱਚ ਪਾਰਟੀ ਨਾਮੀਨੇਸ਼ਨ ਵਿੱਚ ਦਖਲਅੰਦਾਜ਼ੀ ਕੀਤੀ। ਤੁਹਾਡਾ ਕੀ ਕਹਿਣਾ ਹੈ?
ਪੈਟਰਿਕ : ਮੈਂ ਇਸ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੇਰੇ ਹੁੰਦਿਆਂ ਵੀ ਕਈ ਰਾਈਡਿੰਗਾਂ ਵਿੱਚ ਗੜਬੜ ਹੋਣ ਦੇ ਦੋਸ਼ ਲੱਗੇ ਸੀ, ਮੈਂ ਉਸਨੂੰ ਰੋਕਣ ਲਈ ਪਰਾਈਸ ਵਾਟਰ ਕੂਪਰ ਵਰਗੀਆਂ ਕੰਪਨੀਆਂ ਨੂੰ ਜ਼ਿੰਮੇਵਾਰੀ ਸੌਂਪੀ। ਅਸੀਂ 5 ਸਕਿਓਰਿਟੀ ਕੰਪਨੀਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ।
ਮੈਂ ਟੋਰਾਂਟੋ ਸਟਾਰ ਵਿੱਚ ਇੱਕ ਆਰਟੀਕਲ ਲਿੱਖ ਕੇ ਮੰਗ ਕੀਤੀ ਹੈ ਕਿ ਨਾਮੀਨੇਸ਼ਨ ਪ੍ਰਕ੍ਰਿਆ ਨੂੰ ਇਲੈਕਸ਼ਨ ਓਨਟਾਰੀਓ ਦੇ ਅਧੀਨ ਲਿਆਂਦਾ ਜਾਵੇ, ਕਿਉਂਕਿ ਰਾਜਨੀਤਕ ਪਾਰਟੀਆਂ ਵਲੰਟੀਅਰਾਂ ਕੋਲੋਂ ਕੰਮ ਲੈਂਦੀਆਂ ਹਨ, ਜੋ ਇਸਦੇ ਸਮਰਥ ਨਹੀਂ ਹੁੰਦੇ।
ਜਦੋਂ ਤੁਸੀਂ ਲੀਡਰ ਸੀ ਤਾਂ ਅਨੁਮਾਨ ਸੀ ਕਿ ਪੀ ਸੀ ਪਾਰਟੀ ਬਹੁਮਤ ਸਰਕਾਰ ਬਣਾਏਗੀ। ਹੁਣ ਜੋ ਹਾਲਾਤ ਹਨ, ਕੀ ਤੁਸੀਂ ਉਨ੍ਹਾਂ ਤੋਂ ਉਦਾਸੀਨ ਹੋ?
ਪੈਟਰਿਕ: ਹਾਂ ਮੈਂ ਉਦਾਸ ਹਾਂ ਕਿਉਂਕਿ ਉਸ ਸਮੇਂ ਪਾਰਟੀ 20 ਅੰਕਾਂ ਨਾਲ ਲੀਡ ਕਰ ਰਹੀ ਸੀ। ਅਸੀਂ ਸੁਖਾਲਿਆਂ ਹੀ ਬਹੁਮਤ ਸਰਕਾਰ ਬਨਾਉਣ ਵਾਲੇ ਸੀ। ਅਸੀਂ ਕਈ ਸਟਾਰ ਉਮੀਦਵਾਰ ਖੜ੍ਹੇ ਕੀਤੇ ਸੀ।
ਦੋ ਔਰਤਾਂ ਨੇ ਤੁਹਾਡੇ ਖਿਲਾਫ਼ ਦੋਸ਼ ਲਗਾਏ ਸਨ। ਉਸ ਤੋਂ ਬਾਅਦ ਇਸ ਬਾਰੇ ‘ਚ ਕੁਝ ਨਹੀਂ ਸੁਣਿਆ ਜਾ ਰਿਹਾ। ਕੀ ਇਹ ਤੁਹਾਡੇ ਖਿਲਾਫ਼ ਕੋਈ ਸਾਜਿਸ਼ ਸੀ?
ਪੈਟਰਿਕ: ਹਾਂ, ਇਹ ਇੱਕ ਗਹਿਰੀ ਸਾਜਿਸ਼ ਸੀ। ਮੇਰੇ ਰਾਜਨੀਤੀ ਵਿੱਚ ਕਈ ਦੁਸ਼ਮਣ ਸਨ। ਜਦੋਂ ਮੈਂ ਲੀਡਰਸ਼ਿਪ ਦੀ ਚੋਣ ਲੜੀ ਸੀ ਤਾਂ ਕਿਸੇ ਨੂੰ ਮੇਰੇ ਜਿੱਤਣ ਦੀ ਉਮੀਦ ਨਹੀਂ ਸੀ। ਮੈਂ ਤਾਂ ਸੂਬੇ ਨੂੰ ਮੁੜ ਲੀਹਾਂ ‘ਤੇ ਲਿਆਉਣਾ ਚਾਹੁੰਦਾ ਸੀ। ਇਹ ਸਾਰਾ ਕੁਝ ਮੈਂ ਨਵੰਬਰ ਮਹੀਨੇ ਰਿਲੀਜ਼ ਹੋਣ ਵਾਲੀ ਮੇਰੀ ਕਿਤਾਬ ਵਿੱਚ ਲਿੱਖ ਰਿਹਾ ਹਾਂ।
ਪੰਜਾਬੀ ਕਮਿਉਨਿਟੀ ਵਿੱਚ ਤੁਸੀਂ ਕਾਫੀ ਲੋਕਪ੍ਰਿਆ ਸੀ। ਕੀ ਲੀਡਰਸ਼ਿਪ ਜਾਣ ਤੋਂ ਬਾਅਦ ਵੀ ਲੋਕ ਤੁਹਾਡੇ ਨਾਲ ਖੜ੍ਹੇ ਰਹੇ?
ਪੈਟਰਿਕ: ਹਾਂ, ਕਈ ਲੋਕ ਮੇਰੇ ਨਾਲ ਚੰਗੇ ਸਨ। ਮੁਸ਼ਕਲ ਸਮੇਂ ਵਿੱਚ ਵੀ ਉਨ੍ਹਾਂ ਮੇਰਾ ਸਾਥ ਦਿੱਤਾ। ਜਿਨ੍ਹਾਂ ਵਿੱਚ ਪ੍ਰੇਮ ਵਤਸਾ, ਅਜੇ ਵਿਰਮਾਨੀ ਹਨ। ਮੈਂ 18 ਵਾਰ ਭਾਰਤ ਗਿਆ। ਕੁਝ ਬੰਦਿਆਂ ਨੇ ਮੇਰਾ ਸਾਥ ਛੱਡ ਦਿੱਤਾ। ਪਰ ਜਿਹਨਾਂ ਨੇ ਮੇਰਾ ਸਾਥ ਦਿੱਤਾ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ।
ਤੁਹਾਡੇ ਮਿੱਤਰ ਸਰੋਵਰ ਢਿੱਲੋਂ ‘ਤੇ ਕਾਫੀ ਦੋਸ਼ ਲੱਗ ਰਹੇ ਹਨ। ਅੱਜਕਲ੍ਹ ਤੁਹਾਡੇ ਸੰਬੰਧ ਕੈਸੇ ਹਨ?
ਪੈਟਰਿਕ: ਮੈਂ ਇਸ ਤੋਂ ਖੁਸ਼ ਨਹੀਂ ਹਾਂ। ਮੈਂ ਅਜਿਹੀ ਕਿਸੇ ਵੀ ਗੱਲ ਦਾ ਸਮਰਥਨ ਨਹੀਂ ਕਰਦਾ। ਇਸੇ ਕਰਕੇ ਮੈਂ ਇਸਦੀ ਪਰਵਾਹ ਨਹੀਂ ਕਰਦਾ ਕਿ ਕੌਣ ਤੁਹਾਡਾ ਮਿੱਤਰ ਹੈ।
ਕੀ ਤੁਸੀਂ ਮੁੜ ਤੋਂ ਰਾਜਨੀਤੀ ਵਿੱਚ ਆਓਗੇ?
ਪੈਟਰਿਕ: ਮੈਂ ਅੱਜਕਲ੍ਹ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹਾਂ। ਮੇਰਾ ਅਸਤੀਫਾ ਹੋ ਗਿਆ ਹੈ। ਇਸ ਲਈ ਪਰਿਵਾਰ ਮੇਰੀ ਪਹਿਲ ਹੈ।
7 ਜੂਨ ਦੇ ਨਤੀਜਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ?
ਪੈਟਰਿਕ: ਇਲੈਕਸ਼ਨ ਦੇ ਨਤੀਜਿਆਂ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਕਈ ਚੰਗੇ ਉਮੀਦਵਾਰ ਹਨ, ਜੋ ਮੇਰੇ ਮਿੱਤਰ ਹਨ, ਮੈਂ ਉਹਨਾਂ ਦੀ ਜਿੱਤ ਦਾ ਚਾਹਵਾਨ ਹਾਂ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …