Breaking News
Home / ਹਫ਼ਤਾਵਾਰੀ ਫੇਰੀ / ਵਿਸ਼ਵ ਭਰ ‘ਚ ਛਾਏ ਪੰਜਾਬੀ

ਵਿਸ਼ਵ ਭਰ ‘ਚ ਛਾਏ ਪੰਜਾਬੀ

ਮਲੇਸ਼ੀਆ ਦੇ ਪਹਿਲੇ ਸਿੱਖ ਮੰਤਰੀ ਬਣੇ ਗੋਬਿੰਦ ਸਿੰਘ ਦਿਓ
ਕੁਆਲਾਲੰਪੁਰ : ਮਲੇਸ਼ੀਆ ਵਿਚ ਭਾਰਤੀ ਮੂਲ ਦੇ ਇਕ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਮਲੇਸ਼ੀਆ ਦੇ ਇਤਿਹਾਸ ਵਿਚ ਮੰਤਰੀ ਵਜੋਂ ਨਿਯੁਕਤ ਹੋਣ ਵਾਲੇ ਸਿੱਖ ਭਾਈਚਾਰੇ ਦੇ ਉਹ ਪਹਿਲੇ ਵਿਅਕਤੀ ਹਨ। 45 ਸਾਲਾ ਗੋਬਿੰਦ ਸਿੰਘ ਦਿਓ ਨੂੰ ਸੰਚਾਰ ਅਤੇ ਮਲਟੀ ਮੀਡੀਆ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਡੈਮੋਕਰੇਟਿਕ ਐਕਸ਼ਨ ਪਾਰਟੀ ਦੇ ਭਾਰਤੀ ਮੂਲ ਦੇ ਐਮ ਪੀ ਕੁਲਾਸੇਗਰਨ ਨੂੰ ਮਨੁੱਖੀ ਸੋਮਿਆਂ ਬਾਰੇ ਮੰਤਰੀ ਬਣਾਇਆ ਗਿਆ ਹੈ। ਦਿਓ ਮਲੇਸ਼ੀਆ ਦੀ ਸੰਸਦ ਵਿਚ ਪੁਚੋਂਗ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ। ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਉਨ੍ਹਾਂ ਨੂੰ ਨਵੇਂ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ। ਉਸ ਤੋਂ ਬਾਅਦ ਉਨ੍ਹਾਂ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਦੌਰਾਨ ਗੋਬਿੰਦ ਸਿੰਘ ਦਿਓ ਨੂੰ ਦਸਤਾਰ ਵੀ ਭੇਟ ਕੀਤੀ ਗਈ। ਮਲੇਸ਼ੀਆ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਦਿਓ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ‘ਮਿਰੀ ਇੰਡੀਅਨ ਐਸੋਸੀਏਸ਼ਨ’ ਦੇ ਮੁਖੀ ਕਰਮਵੀਰ ਸਿੰਘ ਨੇ ਕਿਹਾ ਹੈ ਕਿ ਇਕ ਸਿੱਖ ਦੇ ਮਲੇਸ਼ੀਆ ਦਾ ਮੰਤਰੀ ਬਣਨ ‘ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਜ਼ਿਕਰਯੋਗ ਹੈ ਕਿ ਮਲੇਸ਼ੀਆ ਵਿਚ ਸਿੱਖਾਂ ਦੀ ਆਬਾਦੀ ਲਗਭਗ ਇਕ ਲੱਖ ਹੈ।
ਗੁਰਸੋਚ ਕੌਰ ਬਣੀ ਨਿਊਯਾਰਕ ਪੁਲਿਸ ਦੀ ਦਸਤਾਰਧਾਰੀ ਅਫ਼ਸਰ
ਨਿਊਯਾਰਕ : ਨਿਊਯਾਰਕ ਪੁਲਿਸ ਵਿਭਾਗ ਵਿਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਗੁਰਸੋਚ ਕੌਰ ਨੂੰ ਸਹਾਇਕ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਉਸ ਦੀ ਨਿਯੁਕਤੀ ਨਾਲ ਸਿੱਖੀ ਨੂੰ ਬਿਹਤਰ ਢੰਗ ਨਾਲ ਸਮਝਣ ਵਿਚ ਸਹਾਇਤਾ ਮਿਲਣ ਦੀ ਆਸ ਹੈ। ਨਿਊਯਾਰਕ ਸਿਟੀ ਪੁਲਿਸ ਅਕੈਡਮੀ ‘ਚੋਂ ਗਰੈਜੂਏਟ ਹੋਣ ਮਗਰੋਂ ਗੁਰਸੋਚ ਕੌਰ ਪੁਲਿਸ ਵਿਭਾਗ ‘ਚ ਏਪੀਓ ਵਜੋਂ ਸ਼ਾਮਲ ਹੋਵੇਗੀ। ਸਿੱਖ ਆਫ਼ਿਸਰਜ਼ ਐਸੋਸੀਏਸ਼ਨ ਨੇ ਟਵੀਟ ਕਰਕੇ ਗੁਰਸੋਚ ਕੌਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਨੇ ਫੇਸਬੁੱਕ ‘ਤੇ ਕਿਹਾ ਕਿ ਉਨ੍ਹਾਂ ਨੂੰ ਗੁਰਸੋਚ ਕੌਰ ਦੇ ਪੁਲਿਸ ਵਿਭਾਗ ਵਿਚ ਅਧਿਕਾਰੀ ਬਣਨ ‘ਤੇ ਮਾਣ ਹੈ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਆਸ ਜਤਾਈ ਕਿ ਦਸਤਾਰਧਾਰੀ ਮਹਿਲਾ ਅਧਿਕਾਰੀ ਅਮਰੀਕਾ ‘ਚ ਸਿੱਖੀ ਨੂੰ ਬਿਹਤਰ ਤਰੀਕੇ ਨਾਲ ਸਮਝਾਉਣ ਵਿਚ ਸਹਾਇਤਾ ਕਰੇਗੀ। ਪੁਰੀ ਨੇ ਕਿਹਾ, ”ਜਿਹੜੀਆਂ ਘਟਨਾਵਾਂ 2010 ‘ਚ ਮੇਰੇ ਨਾਲ ਤੇ ਹੁਣੇ ਜਿਹੇ ਕੈਨੇਡਾ ਦੇ ਮੰਤਰੀ ਨਵਦੀਪ ਬੈਂਸ ਨਾਲ ਵਾਪਰੀਆਂ ਹਨ, ਉਹ ਮੁੜ ਨਹੀਂ ਵਾਪਰਨਗੀਆਂ। ਗੁਰਸੋਚ ਕੌਰ ਦੀ ਨਿਯੁਕਤੀ ਨਾਲ ਅਮਰੀਕਾ ‘ਚ ਸਿੱਖਾਂ ਬਾਰੇ ਗਲਤ ਧਾਰਨਾਵਾਂ ਖ਼ਤਮ ਹੋ ਜਾਣਗੀਆਂ। ਸਿੱਖ ਤਾਂ ਇਕਸੁਰਤਾ ਦੇ ਸਫ਼ੀਰ ਹਨ।”

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …