Breaking News
Home / ਹਫ਼ਤਾਵਾਰੀ ਫੇਰੀ / ਖਟਕੜ ਕਲਾਂ ‘ਚ ਭਗਤ ਸਿੰਘ ਦੀ ਤਸਵੀਰ ਹਟਾਈ ਭਗਵੰਤ ਮਾਨ ਦੀ ਲਗਾਈ

ਖਟਕੜ ਕਲਾਂ ‘ਚ ਭਗਤ ਸਿੰਘ ਦੀ ਤਸਵੀਰ ਹਟਾਈ ਭਗਵੰਤ ਮਾਨ ਦੀ ਲਗਾਈ

ਫਿਰ ਗਲਤੀ ਦਰੁਸਤ ਕੀਤੀ ‘ਆਪ’ ਸਰਕਾਰ ਨੇ ਪਰ ਤਿੰਨ ਨੌਜਵਾਨ ਕੀਤੇ ਗ੍ਰਿਫ਼ਤਾਰ
ਨਵਾਂਸ਼ਹਿਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂਅ ਵਰਤ ਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਤਸਵੀਰਾਂ ਲਗਾਉਣ ਦਾ ਐਨਾ ਚਸਕਾ ਪਿਆ ਹੈ ਕਿ ਸ਼ਹੀਦ ਭਗਤ ਸਿੰਘ ਦੇ ਹੀ ਜੱਦੀ ਪਿੰਡ ‘ਚ 1973 ਤੋਂ ਚੱਲ ਰਹੇ ਸਿਹਤ ਕੇਂਦਰ ‘ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ, ਚਾਚਾ ਅਜੀਤ ਸਿੰਘ ਦੀਆਂ ਤਸਵੀਰਾਂ ਉਤਾਰ ਕੇ ਉਥੇ ਕੇਵਲ ਮੁੱਖ ਮੰਤਰੀ ਦੀ ਤਸਵੀਰ ਲਗਾਈ ਗਈ ਹੈ।
ਇਹ ਤਸਵੀਰਾਂ ਜੋ ਮੁੱਖ ਮਾਰਗ ‘ਤੇ ਜਾਂਦਿਆਂ ਨੂੰ ਸ਼ਹੀਦ ਦੇ ਪਿੰਡ ਦੀ ਯਾਦ ਦਿਵਾਉਂਦੀਆਂ ਸਨ, ਇਥੋਂ ਹੁਣ ਉਹ ਤਸਵੀਰਾਂ ਗਾਇਬ ਕਰ ਦਿੱਤੀਆਂ ਗਈਆਂ ਹਨ। ਸਿਹਤ ਕੇਂਦਰ ਦੀ ਲਿਪਾਪੋਚੀ ਕਰਕੇ ਉਸ ਉਪਰ ਮੁਹੱਲਾ ਕਲੀਨਿਕ ਆਮ ਆਦਮੀ ਦਾ ਫੱਟਾ ਲਗਾਇਆ ਗਿਆ ਹੈ। ਕਾਂਗਰਸ ਦੀ ਤਤਕਾਲੀ ਸਰਕਾਰ ਸਮੇਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖਟਕੜ ਕਲਾਂ ਵਿਖੇ ਆ ਕੇ 100 ਬੈੱਡ ਦੇ ਹਸਪਤਾਲ ਦਾ 1973 ‘ਚ ਐਲਾਨ ਕੀਤਾ ਸੀ ਅਤੇ ਇਸ ਦਾ ਨੀਂਹ ਪੱਥਰ ਗਿਆਨੀ ਜੈਲ ਸਿੰਘ ਸਾਬਕਾ ਮੁੱਖ ਮੰਤਰੀ ਵਲੋਂ ਰੱਖਿਆ ਸੀ ਪਰ ਕਾਫੀ ਸਮਾਂ ਬੀਤਣ ‘ਤੇ ਹਸਪਤਾਲ ਨਾ ਬਣ ਸਕਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਥੇ 10 ਬੈੱਡ ਦੀ ਮਨਜੂਰੀ ਕਰਵਾਈ ਅਤੇ ਸਟਾਫ਼ ਤਾਇਨਾਤ ਕਰਵਾਇਆ। ਅਪਗ੍ਰੇਡ ਕਰਨ ਲਈ ਰਿਹਾਇਸ਼ੀ ਕਮਰੇ ਵੀ ਬਣਵਾਏ ਪਰ ਬਾਅਦ ‘ਚ ਸਰਕਾਰਾਂ ਨੇ ਮੁੜ ਸਾਰ ਨਹੀਂ ਲਈ। ਮੁੜ ਇਥੇ ਸਿਰਫ ਮਿੰਨੀ ਸਿਹਤ ਕੇਂਦਰ ਹੀ ਬਣਿਆ, ਜਿਥੇ 25 ਦੇ ਕਰੀਬ ਹਰ ਮਹੀਨੇ ਜਣੇਪੇ ਵੀ ਹੁੰਦੇ ਸਨ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਥੇ ਚੋਣਾਂ ਤੋਂ ਪਹਿਲਾਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਪਰ ਨਵੇਂ ਬਜਟ ‘ਚ ਇਸ ਸੰਬੰਧੀ ਕੋਈ ਤਜਵੀਜ਼ ਨਹੀਂ ਰੱਖੀ ਗਈ। ਪਿੰਡ ਵਾਸੀਆਂ ਅਨੁਸਾਰ ਇਥੇ ਮੈਡੀਕਲ ਕਾਲਜ ਤਾਂ ਕੀ ਬਣਾਉਣਾ ਸੀ ਇਥੇ ਤਾਂ ਪਹਿਲਾਂ ਹੀ ਚਲ ਰਹੇ ਸਫ਼ਲ ਸਿਹਤ ਕੇਂਦਰ ‘ਤੇ ਨਵੇਂ ਬੋਰਡ ਲਗਾ ਕੇ ਆਮ ਆਦਮੀ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ।

 

Check Also

ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਨਵੀਂ ਵਿਉਂਤਬੰਦੀ

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਤੋੜਨ ਦਾ ਕੀਤਾ ਵਾਅਦਾ …