8.6 C
Toronto
Thursday, October 30, 2025
spot_img
Homeਹਫ਼ਤਾਵਾਰੀ ਫੇਰੀਜੱਲ੍ਹਿਆਂਵਾਲਾ ਬਾਗ਼ 'ਚ ਇਤਰਾਜ਼ਯੋਗ ਤਸਵੀਰਾਂ ਲਾਉਣ 'ਤੇ ਵਿਵਾਦ

ਜੱਲ੍ਹਿਆਂਵਾਲਾ ਬਾਗ਼ ‘ਚ ਇਤਰਾਜ਼ਯੋਗ ਤਸਵੀਰਾਂ ਲਾਉਣ ‘ਤੇ ਵਿਵਾਦ

ਅੰਮ੍ਰਿਤਸਰ/ਬਿਊਰੋ ਨਿਊਜ਼ : ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਚ ਸਾਂਭ-ਸੰਭਾਲ ਦੇ ਚੱਲ ਰਹੇ ਕੰਮ ਦੌਰਾਨ ਇਹ ਯਾਦਗਾਰ ਮੁੜ ਉਸ ਵੇਲੇ ਚਰਚਾ ਵਿਚ ਆ ਗਈ, ਜਦ ਇਸ ਦੀ ਇਕ ਗੈਲਰੀ ਵਿਚ ਅਰਧ ਨਗਨ ਔਰਤਾਂ ਦੀਆਂ ਕੁਝ ਮੂਰਤੀਆਂ/ਤਸਵੀਰਾਂ ਸਥਾਪਿਤ ਕਰਨ ਦਾ ਪਤਾ ਲੱਗਾ। ਇਸ ਸਬੰਧੀ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵੱਲੋਂ ਪ੍ਰਧਾਨ ਮੰਤਰੀ ਕੋਲ ਪੱਤਰ ਭੇਜ ਕੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਵੀ ਹਨ। ਉਨ੍ਹਾਂ ਵਲੋਂ ਲਗਭਗ ਵੀਹ ਕਰੋੜ ਰੁਪਏ ਦੀ ਕੇਂਦਰੀ ਯੋਜਨਾ ਨਾਲ ਇੱਥੇ ਸਾਂਭ-ਸੰਭਾਲ ਅਤੇ ਉਸਾਰੀ ਦੇ ਕਾਰਜ ਕਰਾਏ ਜਾ ਰਹੇ ਹਨ। ਇਹ ਕਾਰਜ ਸਾਕਾ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਹਨ। ਚੱਲ ਰਹੇ ਕੰਮ ਦੌਰਾਨ ਹੀ ਇੱਥੇ ਬਣਾਈਆਂ ਗੈਲਰੀਆਂ ਵਿਚੋਂ ਇਕ ਗੈਲਰੀ ਵਿਚ ਇਹ ਇਤਰਾਜ਼ਯੋਗ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਸੂਬਾ ਪ੍ਰਧਾਨ ਹਰਮੀਤ ਕੰਬੋਜ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਹੈ ਕਿ ਇਸ ਦੀ ਨਵ ਉਸਾਰੀ ਦੇ ਕੰਮ ਦੌਰਾਨ ਸ਼ਹੀਦਾਂ ਅਤੇ ਗੁਰੂ ਸਾਹਿਬਾਨ ਦੇ ਨਾਲ ਇਤਰਾਜ਼ਯੋਗ ਤਸਵੀਰਾਂ/ਮੂਰਤੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਬਣਾਈ ਜਾ ਰਹੀ ਟਿਕਟ ਖਿੜਕੀ ਦੀ ਇਮਾਰਤ ਨੂੰ ਵੀ ਹਟਾਉਣ ਦੀ ਮੰਗ ਕੀਤੀ ਹੈ। ਇਸ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਇੱਥੇ ਬਣੀ ਗੈਲਰੀ ਵਿਚ ਗੁਰੂ ਸਾਹਿਬ ਦੀ ਤਸਵੀਰ ਲੱਗੀ ਹੈ ਅਤੇ ਉਸੇ ਥਾਂ ‘ਤੇ ਹੀ ਇਤਰਾਜ਼ਯੋਗ ਤਸਵੀਰ ਲਾਈ ਗਈ ਹੈ, ਜੋ ਕਿ ਸ਼ਹੀਦਾਂ ਦਾ ਅਪਮਾਨ ਹੈ। ਉਨ੍ਹਾਂ ਇਸ ਮਾਮਲੇ ਵਿਚ ਟਰੱਸਟ ਦੇ ਮੈਂਬਰ ਅਤੇ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਨੂੰ ਦੋਸ਼ੀ ਠਹਿਰਾਉਂਦਿਆਂ ਆਖਿਆ ਕਿ ਇਹ ਕੰਮ ਉਨ੍ਹਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਇਸ ਲਈ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ। ਸਭਾ ਆਗੂ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਉਨ੍ਹਾਂ ਗ੍ਰਹਿ ਮੰਤਰੀ ਅਤੇ ਆਰਐੱਸਐੱਸ ਕੋਲ ਵੀ ਉਠਾਇਆ ਹੈ। ਮਿਲੇ ਵੇਰਵਿਆਂ ਮੁਤਾਬਕ ਇਹ ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ ਹੈ।
ਜੱਲ੍ਹਿਆਂਵਾਲਾ ਬਾਗ਼ ਵਿਚੋਂ ਇਤਰਾਜ਼ਯੋਗ ਤਸਵੀਰਾਂ ਹਟਾ ਕੇ ਨਵੀਆਂ ਲਗਾਈਆਂ
ਅੰਮ੍ਰਿਤਸਰ : ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਵ-ਉਸਾਰੀ ਦੇ ਕੰਮ ਦੌਰਾਨ ਲਾਈਆਂ ਗਈਆਂ ਇਤਰਾਜ਼ਯੋਗ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਜੱਲ੍ਹਿਆਂਵਾਲਾ ਬਾਗ਼ ਦੇ ਬਾਹਰ ਬਣਾਏ ਗਏ ਦਾਖ਼ਲਾ ਟਿਕਟ ਢਾਂਚੇ ਨੂੰ ਡੇਗਣ ਦੀ ਮੰਗ ਸ਼ੁਰੂ ਹੋ ਗਈ ਹੈ। ਸੂਤਰਾਂ ਮੁਤਾਬਕ ਜੱਲ੍ਹਿਆਂਵਾਲਾ ਬਾਗ਼ ਵਿਚ ਬਣਾਈ ਗਈ ਗੈਲਰੀ ਵਿਚ ਸਥਾਪਤ ਕੀਤੀਆਂ ਕੁਝ ਤਸਵੀਰਾਂ, ਜਿਨ੍ਹਾਂ ‘ਤੇ ਇਤਰਾਜ਼ ਕੀਤਾ ਗਿਆ ਹੈ, ਨੂੰ ਉਸਾਰੀ ਕਾਰਜ ਕਰ ਰਹੀ ਕੰਪਨੀ ਵੱਲੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਕੁਝ ਹੋਰ ਤਸਵੀਰਾਂ ਸਥਾਪਤ ਕੀਤੀਆਂ ਗਈਆਂ ਹਨ। ਮਾਮਲਾ ਭਖਣ ਮਗਰੋਂ ਐੱਸਡੀਐੱਮ ਵਿਕਾਸ ਹੀਰਾ ਨੇ ਦੌਰਾ ਕੀਤਾ ਸੀ। ਉਨ੍ਹਾਂ ਆਖਿਆ ਕਿ ਸਬੰਧਤ ਕੰਪਨੀ ਨੂੰ ਇਤਰਾਜ਼ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਉੱਚ ਅਧਿਕਾਰੀ ਮਾਮਲੇ ਵਿਚ ਕਾਰਵਾਈ ਕਰ ਰਹੇ ਹਨ। ਇਹ ਸਮੁੱਚਾ ਕੰਮ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਕਰਾਇਆ ਜਾ ਰਿਹਾ ਹੈ।ઠ
ਇਸ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜੱਲ੍ਹਿਆਂਵਾਲਾ ਬਾਗ਼ ਵਿਚੋਂ ਦਾਖ਼ਲਾ ਟਿਕਟ ਢਾਂਚੇ ਨੂੰ ਡੇਗਣ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਆਗੂਆਂ ਸੁਮੀਤ ਸਿੰਘ, ਜਸਪਾਲ ਬਾਸਰਕਾ ਤੇ ਐਡਵੋਕਟ ਅਮਰਜੀਤ ਬਾਈ ਨੇ ਆਖਿਆ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਦਾਖ਼ਲਾ ਟਿਕਟ ਦਾ ਵਿਰੋਧ ਕੀਤਾ ਜਾਵੇਗਾ।ઠ
ਸ਼ਵੇਤ ਮਲਿਕ ਖ਼ਿਲਾਫ਼ ਕਾਰਵਾਈ ਮੰਗੀ
ਚੰਡੀਗੜ੍ਹ :ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਸ਼ਹੀਦਾਂ ਨੂੰ ਅਪਮਾਨਿਤ ਕਰਨ ਦੇ ਇਲਜ਼ਾਮ ਲਗਾਉਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਜਪਾ ਆਗੂ ਸ਼ਵੇਤ ਮਲਿਕ ਖ਼ਿਲਾਫ਼ ઠਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ਼ ਵਿਚ ਤਸਵੀਰਾਂ ਦੇ ਮਾਮਲੇ ਦੀ ਜਾਂਚ ਮੰਗਦਿਆਂ ਕਿਹਾ ਕਿ ਇਸ ਅਨੈਤਿਕ ਕਾਰਜ ਲਈ ਭਾਜਪਾ ਆਗੂ ਸ਼ਵੇਤ ਮਲਿਕ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਟਿਕਟ ਲਾਉਣ ਬਾਰੇ ਕੋਈ ਫ਼ੈਸਲਾ ਨਹੀਂ
ਜੱਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ਵਿਚ ਯਾਤਰੂਆਂ ਦੀ ਆਮਦ ‘ਤੇ ਦਾਖ਼ਲਾ ਟਿਕਟ ਲਾਉਣ ਦਾ ਕੋਈ ਫ਼ੈਸਲਾ ਨਹੀਂ ਹੋਇਆ। ਉਸਾਰਿਆ ਗਿਆ ਢਾਂਚਾ ਸੁਰੱਖਿਆ ਕੰਮਾਂ ਲਈ ਵਰਤਿਆ ਜਾਵੇਗਾ। ਇਤਰਾਜ਼ਯੋਗ ਤਸਵੀਰਾਂ ਹਟਾਉਣ ਬਾਰੇ ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਅਪੀਲ ਕਰਨਗੇ ਕਿ ਸ਼ਹੀਦੀ ਯਾਦਗਾਰ ਨੂੰ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਇਸ ਦਾ ਸਮੁੱਚਾ ਮੁਆਇਨਾ ਕੀਤਾ ਜਾਵੇ।

RELATED ARTICLES
POPULAR POSTS