Breaking News
Home / ਪੰਜਾਬ / ਵਿਦੇਸ਼ ਭੱਜ ਸਕਦਾ ਹੈ ਬਾਦਲ ਪਰਿਵਾਰ ਅਤੇ ਮਜੀਠੀਆ

ਵਿਦੇਸ਼ ਭੱਜ ਸਕਦਾ ਹੈ ਬਾਦਲ ਪਰਿਵਾਰ ਅਤੇ ਮਜੀਠੀਆ

ਭਗਵੰਤ ਮਾਨ ਨੇ ਪਾਸਪੋਰਟ ਜ਼ਬਤ ਕਰਨ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਸੁਖਬੀਰ ਬਾਦਲ ਵਲੋਂ ਦਿੱਤੀ ਪੁਸ਼ਾਕ ‘ਤੇ ਸਵਾਲ ਉਠਾਏ। ਇਸ ਸਬੰਧੀ ਬਾਦਲ ਪਰਿਵਾਰ ਦੀ ਚੁੱਪੀ ‘ਤੇ ਸਵਾਲ ਚੁੱਕਦਿਆਂ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਨੇ ਗੰਭੀਰ ਇਲਜ਼ਾਮਾਂ ‘ਤੇ ਬਾਦਲਾਂ ਨੇ ਚੁੱਪੀ ਵੱਟੀ ਹੋਈ ਅਤੇ ਇਸ ਤੋਂ ਲੱਗਦਾ ਹੈ ਕਿ ਬਾਦਲਾਂ ਨੇ ਅੱਧਾ ਕਬੂਲਨਾਮਾ ਕਰ ਹੀ ਲਿਆ ਹੈ। ਮਾਨ ਨੇ ਕਿਹਾ ਕਿ ਆਰੋਪ ਬੇਹੱਦ ਗੰਭੀਰ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਤਾਰ-ਤਾਰ ਕਰਨ ਵਾਲੇ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਖੁਦ ਨੂੰ ਸਭ ਤੋਂ ਵੱਡੇ ਪੰਥਕ ਨੇਤਾ ਅਤੇ ‘ਫਖਰ ਏ ਕੌਮ’ ਕਹਾਉਣ ਵਾਲੇ ਪਰਕਾਸ਼ ਸਿੰਘ ਬਾਦਲ ਚੁੱਪ ਹਨ। ਕੀ ਇਹ ਚੁੱਪੀ ਅੱਧਾ ਕਬੂਲਨਾਮਾ ਨਹੀਂ ਹੈ ਅਤੇ ਸਿਰਫ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਾਦਲਾਂ ਨੂੰ ਕਲੀਨ ਚਿੱਟ ਕੇ ਸਫਾਈ ਦਿੱਤੀ ਹੈ। ਮਾਨ ਨੇ ਲੌਂਗੋਵਾਲ ਨੂੰ ਇਹ ਪੁੱਛਿਆ ਕਿ ਸਫਾਈ ਤੁਸੀਂ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਬਾਦਲਾਂ ਦੀ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਕਰਕੇ ਦਿੱਤੀ ਹੈ। ਮਾਨ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਮਾਮਲੇ ਦੀ ਜਾਂਚ ਬਾਦਲਾਂ ਤੱਕ ਜਾਵੇਗੀ ਅਤੇ ਹੁਣ ਡਰ ਇਹ ਹੈ ਕਿ ਕਿਤੇ ਬਾਦਲ ਪਰਿਵਾਰ ਦੇਸ਼ ਛੱਡ ਕੇ ਭੱਜ ਨਾ ਜਾਣ। ਇਸ ਲਈ ਇਨ੍ਹਾਂ ਦੇ ਪਾਸਪੋਰਟ ਜ਼ਬਤ ਹੋਣੇ ਚਾਹੀਦੇ ਹਨ। ਭਗਵੰਤ ਮਾਨ ਨੇ ਇਥੋਂ ਤੱਕ ਵੀ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਅਤੇ ਪੰਥ ਦਾ ਜਿੰਨਾ ਨੁਕਸਾਨ ਕੀਤਾ, ਓਨਾ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ।

Check Also

ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਵਿਧਾਨ ਸਭਾ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਸਿਹਰਾ ’ਚ ਵਾਪਰੀ ਘਟਨਾ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ …