15.6 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਮਾਨ ਸਰਕਾਰ 'RC' ਰਿਮੋਟ ਨਾਲ ਚੱਲ ਰਹੀ : ਰਾਹੁਲ ਗਾਂਧੀ

ਮਾਨ ਸਰਕਾਰ ‘RC’ ਰਿਮੋਟ ਨਾਲ ਚੱਲ ਰਹੀ : ਰਾਹੁਲ ਗਾਂਧੀ

ਪਠਾਨਕੋਟ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਵੀਰਵਾਰ ਨੂੰ ਪੰਜਾਬ ਵਿਚ ਆਖਰੀ ਦਿਨ ਸੀ ਅਤੇ ਇਹ ਯਾਤਰਾ ਹੁਣ ਜੰਮੂ ਕਸ਼ਮੀਰ ਵਿਚ ਦਾਖਲ ਹੋ ਚੁੱਕੀ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਵਲੋਂ ਪਠਾਨਕੋਟ ਵਿਚ ਇਕ ਰੈਲੀ ਵੀ ਕੀਤੀ ਗਈ। ਇਸ ਰੈਲੀ ਵਿਚ ਰਾਹੁਲ ਗਾਂਧੀ ਦੇ ਨਾਲ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਪਹੁੰਚੇ। ਇਸੇ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਦਿੱਲੀ ਤੋਂ ਨਾ ਚਲਾਇਆ ਜਾਵੇ। ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਆਰ.ਸੀ. (ਰਾਘਵ ਚੱਢਾ) ਰਿਮੋਟ ਕੰਟਰੋਲ ਨਾਲ ਭਗਵੰਤ ਮਾਨ ਸਰਕਾਰ ਚੱਲ ਰਹੀ ਹੈ। ਰਾਹੁਲ ਨੇ ਕਿਹਾ ਕਿ ਭਗਵੰਤ ਮਾਨ ਮੈਨੂੰ ਚੰਗੇ ਲੱਗਦੇ ਹਨ, ਪਰ ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ
ਨੂੰ ਰਿਮੋਟ ਕੰਟਰੋਲ ਨਾਲ ਨਾ ਚਲਣ ਦਿਓ। ਮੈਂ ਪੰਜਾਬ ਦੇ ਸੀਐਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਲੋਕ ਸਭਾ ਵਿਚ ਬੈਠੇ ਸੀ। ਤੁਹਾਡੇ ਅਤੇ ਅਰਵਿੰਦ ਕੇਜਰੀਵਾਲ ਵਿਚ ਬਹੁਤ ਫਰਕ ਹੈ ਅਤੇ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਡਰਾ ਕੇ ਉਨ੍ਹਾਂ ਦੀ ਮਿਹਨਤ ਦਾ ਫਲ ਦੋ-ਤਿੰਨ ਅਰਬਪਤੀਆਂ ਨੂੰ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਡਰ ਦਾ ਮਾਹੌਲ ਬਣਾ ਕੇ ਨਫਰਤ ਫੈਲਾਈ ਜਾ ਰਹੀ ਹੈ। ਮੀਡੀਆ ਵਿਚ ਹਰ ਵਕਤ ਨਰਿੰਦਰ ਮੋਦੀ ਦਾ ਚਿਹਰਾ ਦਿਸਦਾ ਹੈ। ਗਲਤ ਜੀਐਸਟੀ, ਨੋਟਬੰਦੀ, ਕਿਸਾਨਾਂ ਨੂੰ ਖਾਦ ਦੀ ਸਮੱਸਿਆ ਮੀਡੀਆ ਵਿਚ ਨਹੀਂ ਦਿਸਦੀ। ਰਾਹੁਲ ਨੇ ਭਾਜਪਾ ਅਤੇ ਆਰ.ਐਸ.ਐਸ. ‘ਤੇ ਸਿਆਸੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਨੇ ਦੇਸ਼ ਵਿਚ ਨਫਰਤ ਤੇ ਡਰ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਨੀਵੀਰ ਯੋਜਨਾ ਨਾਲ ਦੇਸ਼ ਦੇ ਨੌਜਵਾਨਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਨੂੰ ਕ੍ਰਾਂਤੀਕਾਰੀ ਲੀਡਰ ਦੱਸਿਆ। ਦੱਸਣਯੋਗ ਹੈ ਕਿ ਹੁਣ ਕਾਂਗਰਸ ਦੀ ਯਾਤਰਾ ਨੇ ਜੰਮੂ ਕਸ਼ਮੀਰ ਵਿਚ ਵਿਚਰਨਾ ਹੈ ਅਤੇ 30 ਜਨਵਰੀ ਨੂੰ ਇਸ ਯਾਤਰਾ ਦਾ ਸਮਾਪਤੀ ਸਮਾਰੋਹ ਵੀ ਜੰਮੂ ਕਸ਼ਮੀਰ ਵਿਚ ਹੀ ਹੋਣਾ ਹੈ।

 

RELATED ARTICLES
POPULAR POSTS