Breaking News
Home / ਹਫ਼ਤਾਵਾਰੀ ਫੇਰੀ / ‘ਸਾਧੂ’ 157 ਕਿੱਲਿਆਂ ਦਾ ਮਾਲਕ!

‘ਸਾਧੂ’ 157 ਕਿੱਲਿਆਂ ਦਾ ਮਾਲਕ!

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਧੂ ਸਿੰਘ ਧਰਮਸੋਤ ਮੁੜ ਗ੍ਰਿਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਹੇਠ ਮੁੜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹ ਪੁਲਿਸ ਰਿਮਾਂਡ ‘ਤੇ ਚੱਲ ਰਿਹਾ ਹੈ। ਸੱਤਾ ਵਿਚ ਰਹਿੰਦੇ ਹੋਏ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਆਰੋਪਾਂ ਤਹਿਤ ਗ੍ਰਿਫਤਾਰ ਕੀਤੇ ਗਏ ਸਾਧੂ ਸਿੰਘ ਧਰਮਸੋਤ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਸਾਹਮਣੇ ਕਈ ਖੁਲਾਸੇ ਕੀਤੇ।
ਧਰਮਸੋਤ ਦੀਆਂ ਚਾਰ ਰਿਹਾਇਸ਼ੀ ਜਾਇਦਾਦਾਂ, ਪ੍ਰਾਈਮ ਲੋਕੇਸ਼ਨ ਵਿਚ ਪਲਾਟ, 157 ਕਿੱਲੇ ਖੇਤੀ ਵਾਲੀ ਜ਼ਮੀਨ ਅਤੇ ਬੇਨਾਮੀ ਜਾਇਦਾਦ ਦੀ ਡੂੰਘਾਈ ਨਾਲ ਜਾਂਚ ਦੀ ਜ਼ਿੰਮੇਵਾਰੀ ਏਆਈਜੀ ਪੱਧਰ ਦੇ ਅਫਸਰ ਨੂੰ ਸੌਂਪੀ ਗਈ ਹੈ। ਮੁੱਢਲੀ ਜਾਂਚ ਵਿਚ ਇਹ ਜਾਇਦਾਦਾਂ ਚੰਡੀਗੜ੍ਹ ਸਣੇ ਟਰਾਈਸਿਟੀ ਵਿਚ ਹਨ।
ਜਾਂਚ ਅਧਿਕਾਰੀਆਂ ਨੇ ਸਬੰਧਤ ਜਾਇਦਾਦਾਂ ਦੇ ਦਸਤਾਵੇਜ਼ ਤਲਬ ਕੀਤੇ ਹਨ। ਵਿਭਾਗ ਨੇ ਏਆਈਜੀ ਦੀ ਅਗਵਾਈ ਵਿਚ ਤਿੰਨ ਡੀਐਸਪੀ ਅਤੇ ਤਿੰਨ ਇੰਸਪੈਕਟਰਾਂ ਦੀ ਟੀਮ ਜਾਇਦਾਦ ਦੇ ਰਿਕਾਰਡ ਦੀ ਜਾਂਚ ਕਰੇਗੀ। ਵਿਜੀਲੈਂਸ ਨੇ ਧਰਮਸੋਤ ਦੇ 13 ਨਜ਼ਦੀਕੀਆਂ ਦੀ ਵੀ ਪਹਿਚਾਣ ਕੀਤੀ ਹੈ, ਜੋ ਇਸ ਹੇਰਾਫੇਰੀ ਵਿਚ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਸ਼ਾਮਲ ਰਹੇ ਹਨ। ਧਰਮਸੋਤ ਦੇ ਨਾਮ ਹਿਮਾਚਲ ਵਿਚ ਕਮਰਸ਼ੀਅਲ ਜਾਇਦਾਦ ਹੋਣ ਦੀ ਵੀ ਜਾਂਚ ਜਾਰੀ ਹੈ। ਜਾਣਕਾਰੀ ਦੇ ਮੁਤਾਬਕ ਸਕਾਲਰਸ਼ਿਪ ਘੋਟਾਲੇ ਵਿਚ ਉਨ੍ਹਾਂ ਦੇ ਨਾਲ ਪੰਜ ਅਫਸਰ ਰਹੇ ਹਨ। ਹਾਲਾਂਕਿ ਵਿਜੀਲੈਂਸ ਨੇ ਉਨ੍ਹਾਂ ਅਫਸਰਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਇਨ੍ਹਾਂ ਅਫਸਰਾਂ ਨੂੰ ਵੀ ਜਲਦੀ ਪੁੱਛਗਿੱਛ ਲਈ ਬੁਲਾ ਸਕਦੀ ਹੈ। ਇਸੇ ਦੌਰਾਨ ਧਰਮਸੋਤ ਦੇ ਨਾਮ ‘ਤੇ ਇੰਡੀਅਨ ਬੈਂਕ, ਐਸਬੀਆਈ ਮੰਡੀ ਗੋਬਿੰਦਗੜ੍ਹ, ਆਈਡੀਬੀਆਈ ਬੈਂਕ ਨਾਭਾ ਗੇਟ, ਐਚਡੀਐਫਸੀ ਬੈਂਕ ਪਟਿਆਲਾ, ਐਸਬੀਆਈ ਐਚਸੀਐਸ ਸ਼ਾਖਾ ਵਿਚ ਖਾਤਾ ਮਿਲਿਆ ਹੈ।
ਧਰਮਸੋਤ ‘ਤੇ ਆਮਦਨੀ ਤੋਂ 6 ਕਰੋੜ ਰੁਪਏ ਜ਼ਿਆਦਾ ਖਰਚਣ ਦਾ ਆਰੋਪ
ਚੰਡੀਗੜ੍ਹ : ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਹੁਣ ਤੱਕ ਹੋਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਸਮੇਂ ਦੌਰਾਨ ਧਰਮਸੋਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2 ਕਰੋੜ 37 ਲੱਖ 12 ਹਜ਼ਾਰ 596 ਰੁਪਏ ਸੀ, ਜਦਕਿ ਖਰਚ 8 ਕਰੋੜ 76 ਲੱਖ 30 ਹਜ਼ਾਰ 888 ਰੁਪਏ ਹੈ। ਸਾਧੂ ਸਿੰਘ ਧਰਮਸੋਤ ‘ਤੇ ਆਰੋਪ ਹੈ ਕਿ ਉਨ੍ਹਾਂ ਨੇ 6 ਕਰੋੜ 39 ਲੱਖ ਰੁਪਏ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਖਰਚੇ ਹਨ। ਧਿਆਨ ਰਹੇ ਕਿ ਧਰਮਸੋਤ ਦਾ ਦੂਜਾ ਘੁਟਾਲਾ ਜੰਗਲਾਤ ਵਿਭਾਗ ਘੁਟਾਲਾ ਹੈ, ਜਿਸ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਪਹਿਲਾਂ ਹੋਈ ਸੀ ਤੇ ਉਹ ਹੁਣ ਜ਼ਮਾਨਤ ‘ਤੇ ਬਾਹਰ ਹਨ। ਧਰਮਸੋਤ ‘ਤੇ ਆਰੋਪ ਹਨ ਕਿ ਉਨ੍ਹਾਂ ਇਕ ਦਰੱਖਤ ਦੀ ਕਟਾਈ ਦੇ ਬਦਲੇ 500 ਰੁਪਏ ਰਿਸ਼ਵਤ ਲਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਹੈ। ਇਹ ਸਰਕਾਰ ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰ ਸਮੇਂ ਦੇ ਮੰਤਰੀਆਂ ਅਤੇ ਵਿਧਾਇਕਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਆਰੋਪਾਂ ਸਬੰਧੀ ਜਾਂਚ ਕਰਵਾ ਰਹੀ ਹੈ। ਇਸੇ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਮੰਤਰੀ ਤੇ ਆਗੂ ਭ੍ਰਿਸ਼ਟਾਚਾਰ ਦੇ ਮਾਮਲੇ ੇ ‘ਚ ਘਿਰਦੇ ਜਾ ਰਹੇ ਹਨ।

 

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …