ਦਸਤਾਰ ਦਾ ਸਿਆਸੀ ਅਪਮਾਨ ਕਦੋਂ ਰੁਕੇਗਾ?
ਮੋਦੀ ਵੱਲੋਂ ਮਲੋਟ ਰੈਲੀ ‘ਚ ਦਸਤਾਰ ਤੁਰੰਤ ਉਤਾਰਨਾ ਬਣਿਆ ਮੁੱਦਾ, ਰਾਹੁਲ ਗਾਂਧੀ ਵੀ ਕਰ ਚੁੱਕੇ ਹਨ ਅਜਿਹਾ ਹੀ
ਚੰਡੀਗੜ੍ਹ/ਬਿਊਰੋ ਨਿਊਜ਼ : ਦਸਤਾਰ ਦਾ ਸਿਆਸੀ ਅਪਮਾਨ ਬੰਦ ਕਰਨ ਦੀ ਮੰਗ ਹੁਣ ਜ਼ੋਰ ਫੜਨ ਲੱਗੀ ਹੈ, ਪੰਜਾਬ ਆਉਣ ਵਾਲੇ ਬਾਹਰੀ ਸਿਆਸਤਦਾਨਾਂ ਨੂੰ ਸਿੱਖੀ ਦੀ ਸ਼ਾਨ ਦਸਤਾਰ ਸਨਮਾਨ ਵਜੋਂ ਸਜਾਉਣ ਦੇ ਨਾਂ ‘ਤੇ ਸਿਆਸੀ ਮੰਚ ‘ਤੇ ਅਕਸਰ ਦਸਤਾਰ ਦਾ ਅਪਮਾਨ ਹੁੰਦਾ ਹੈ। ਤਾਜ਼ੀ ਘਟਨਾ ਨਰਿੰਦਰ ਮੋਦੀ ਦੇ ਸਿਰ ‘ਤੇ ਸਜਾਈ ਪੱਗ ਦੀ ਹੈ ਕਿ ਉਨ੍ਹਾਂ 2 ਸਕਿੰਟ ਵਿਚ ਹੀ ਪੱਗ ਉਤਾਰ ਕੇ ਪਿਛਾਂਹ ਫੜਾ ਦਿੱਤੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵੀ ਅਜਿਹਾ ਹੀ ਕੁੱਝ ਕਰ ਚੁੱਕੇ ਹਨ। ਜਦੋਂਕਿ ਕੇਜਰੀਵਾਲ ਸਮੇਤ ਹੋਰ ਸਿਆਸਤਦਾਨਾਂ ਨੂੰ ਵੀ ਜਿਹੜੇ ਸਿੱਖ ਧਰਮ ਨਾਲ ਸਬੰਧ ਨਹੀਂ ਰੱਖਦੇ ਉਨ੍ਹਾਂ ਨੂੰ ਵੀ ਸਿਰ ‘ਤੇ ਸਨਮਾਨ ਵਜੋਂ ਦਸਤਾਰ ਸਜਾਈ ਜਾਂਦੀ ਰਹੀ ਹੈ ਪਰ ਮਸਲਾ ਇਹੋ ਹੈ ਕਿ ਉਹ ਇਸ ਦਸਤਾਰ ਨੂੰ ਕਿੰਨੀ ਕੁ ਸੰਜੀਦਗੀ ਨਾਲ ਲੈਂਦੇ ਹਨ।
ਪਿਛਲੇ ਮਹੀਨੇ ਮਲੋਟ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਸਤਾਰ ਸਜਾਉਣ ਅਤੇ ਉਨ੍ਹਾਂ ਵਲੋਂ ਤੁਰੰਤ ਹੀ ਇਸ ਨੂੰ ਉਤਾਰ ਦੇਣ ਦਾ ਮਾਮਲਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚ ਗਿਆ ਹੈ। ਇਕ ਅੰਮ੍ਰਿਤਧਾਰੀ ਸਿੱਖ ਨੇ ਉਸ ਘਟਨਾ ਨੂੰ ਸਿੱਖਾਂ ਦੀ ਦਸਤਾਰ ਦਾ ਅਪਮਾਨ ਕਰਾਰ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਮੰਗ ਕੀਤੀ ਹੈ ਕਿ ਸਿਆਸੀ ਸਮਾਗਮਾਂ ਵਿਚ ਬੰਨ੍ਹੀ ਹੋਈ ਦਸਤਾਰ ਕਿਸੇ ਦੇ ਵੀ ਸਿਰ ‘ਤੇ ਰੱਖ ਕੇ ਦਸਤਾਰ ਦਾ ਅਪਮਾਨ ਨਾ ਕੀਤਾ ਜਾਵੇ। ਇਸ ਪਰੰਪਰਾ ‘ਤੇ ਤੁਰੰਤ ਲਗਾਈ ਜਾਵੇ।
ਬਠਿੰਡਾ ਨਿਵਾਸੀ ਯਸ਼ਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੇਂਦਰ ਜਾਂ ਹੋਰ ਸੂਬਿਆਂ ਵਿਚ ਆਉਣ ਵਾਲੇ ਸਿਆਸੀ ਨੇਤਾਵਾਂ ਜਾਂ ਵਿਦੇਸ਼ ਤੋਂ ਆਉਣ ਵਾਲੇ ਰਾਜਸੀ ਵਿਅਕਤੀਆਂ ਦੇ ਸਿਰ ‘ਤੇ ‘ਬੰਨ੍ਹੀ ਹੋਈ ਟੋਪੀਨੁਮਾ’ ਪਗੜੀ ਰੱਖ ਦਿੱਤੀ ਜਾਂਦੀ ਹੈ। ਇਸ ਨੂੰ ਸਿੱਖਾਂ ਦੀ ਦਸਤਾਰ ਦਾ ਨਾਮ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਿਆਸੀ ਮੰਚਾਂ ‘ਤੇ ਦਸਤਾਰ ਦਾ ਅਪਮਾਨ ਹੁੰਦਾ ਹੈ, ਜਿਸ ‘ਤੇ ਰੋਕ ਲਗਾਉਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਦਸਤਾਰ ਸਿਰ ‘ਤੇ ਸਜਾਉਣਾ ਚਾਹੁੰਦਾ ਹੈ ਤਾਂ ਸਿਆਸੀ ਮੰਚਾਂ ‘ਤੇ ਵੀ ਪੰਜ ਮਿੰਟ ਦਾ ਸਮਾਂ ਕੱਢ ਕੇ ਪੂਰੇ ਆਦਰ ਨਾਲ ਇਸ ਨੂੰ ਸਜਾਇਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸਿਰੋਪਾ ਸਾਹਿਬ ਭੇਟ ਕਰਦੇ ਸਮੇਂ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਸਬੰਧਿਤ ਵਿਅਕਤੀ ਗੁਟਖਾ ਜਾਂ ਸਿਗਰਟਨੋਸ਼ੀ ਦਾ ਆਦੀ ਤਾਂ ਨਹੀਂ ਹੈ।
Check Also
ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ
ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …