Breaking News
Home / ਨਜ਼ਰੀਆ / ਪੰਜ ਲੱਖਾ ਐਵਾਰਡੀ ਗੁਰਦੇਵ ਸਿੰਘ ਗਿੱਲ

ਪੰਜ ਲੱਖਾ ਐਵਾਰਡੀ ਗੁਰਦੇਵ ਸਿੰਘ ਗਿੱਲ

ਪ੍ਰਿੰ. ਸਰਵਣ ਸਿੰਘ
ਫੁੱਟਬਾਲ ਦੀ ਖੇਡ ਵਿਚ ਹਾਲਾਂ ਤਕ ਪੰਜਾਬ ਦੇ ਤਿੰਨ ਖਿਡਾਰੀਆਂ, ਜਰਨੈਲ ਸਿੰਘ, ਇੰਦਰ ਸਿੰਘ ਤੇ ਗੁਰਦੇਵ ਸਿੰਘ ਨੂੰ ਹੀ ਅਰਜਨਾ ਐਵਾਰਡ ਮਿਲਿਆ ਹੈ। ਪੰਜਾਬ ਦੇ ਇਹ ਤਿੰਨੇ ਖਿਡਾਰੀ ਭਾਰਤੀ ਫੁੱਟਬਾਲ ਟੀਮਾਂ ਦੇ ਕਪਤਾਨ ਬਣੇ ਸਨ। ਜਰਨੈਲ ਸਿੰਘ ਨੇ ਤਾਂ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਵੀ ਕੀਤੀ ਜਦ ਕਿ ਇੰਦਰ ਸਿੰਘ ਏਸ਼ੀਅਨ ਆਲ ਸਟਾਰਜ਼ ਟੀਮ ਦਾ ਮੈਂਬਰ ਬਣਿਆ। ਗੁਰਦੇਵ ਸਿੰਘ ਗਿੱਲ ਤੀਹ ਸਾਲ ਫੁੱਟਬਾਲ ਦਾ ਸਰਗਰਮ ਖਿਡਾਰੀ ਰਿਹਾ। ਵੀਹ ਸਾਲ ਉਹ ਕੌਮੀ ਤੇ ਕੌਮਾਂਤਰੀ ਪੱਧਰ ਦੀ ਫੁੱਟਬਾਲ ਖੇਡਿਆ। ਉਹਦੀਆਂ ਧੁੰਮਾਂ ਖੈਰੜ-ਅੱਛਰਵਾਲ ਤੇ ਮਾਹਿਲਪੁਰ ਤੋਂ ਲੈ ਕੇ ਕਲਕੱਤੇ, ਢਾਕੇ, ਰੰਗੂਨ, ਕਾਬਲ, ਜਕਾਰਤਾ, ਤਹਿਰਾਨ, ਜ਼ਾਂਬੀਆ, ਸਿਓਲ ਤੇ ਬੈਂਕਾਕ ਤਕ ਪੈਂਦੀਆਂ ਰਹੀਆਂ। ਉਹ ਉਮਰ ਦੇ 69ਵੇਂ ਸਾਲ ‘ਚ ਹੈ ਤੇ ਰਿਟਾਇਰ ਜੀਵਨ ਬਿਤਾ ਰਿਹੈ। ਕੁਝ ਸਾਲ ਪਹਿਲਾਂ ਉਸ ਦੀ ਜੀਵਨ ਸਾਥਣ ਗੁਰਦੇਵ ਕੌਰ ਗੁਜ਼ਰ ਗਈ ਸੀ। ਹੁਣ ਉਹ ਕੁਝ ਮਹੀਨੇ ਜਲੰਧਰ ਬਿਤਾਉਂਦੈ, ਕੁਝ ਸਮਾਂ ਆਪਣੇ ਵੱਡੇ ਪੁੱਤਰ ਪਾਸ ਵਿੰਡਜ਼ਰ ਤੇ ਕੁਝ ਸਮਾਂ ਛੋਟੇ ਪੁੱਤਰ ਪਾਸ ਵਿਨੀਪੈੱਗ। ਮਨੋਂ ਉਹ ਅਜੇ ਵੀ ਫੁੱਟਬਾਲ ਦੀ ਖੇਡ ਨਾਲ ਜੁੜਿਆ ਹੋਇਐ।
ਜਦੋਂ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਆਪਣੇ ਮਿੱਤਰਾਂ ਨੂੰ ਮਿਲਣ ਆਉਂਦੈ ਤਾਂ ਮੈਨੂੰ ਵੀ ਮਿਲ ਪੈਂਦੈ। ਸਵੇਰੇ ਸੈਰ ਕਰਦਿਆਂ ਮੈਂ ਜਿਸ ਗੁਰਦਵਾਰੇ ਅਖ਼ਬਾਰ ਚੁੱਕਣ ਜਾਂਦਾ ਹਾਂ ਉਹ ਵੀ ਉਸੇ ਗੁਰਦਵਾਰੇ ਮੱਥਾ ਟੇਕਣ ਆ ਜਾਂਦੈ। ਫਿਰ ਸੈਰ ਕਰਦੇ ਅਸੀਂ ਫੁੱਟਬਾਲ ਦੀਆਂ ਗੱਲਾਂ ਤੋਰ ਲੈਂਦੇ ਹਾਂ। ਕਦੇ ਫੀਫਾ ਫੁੱਟਬਾਲ ਕੱਪ ਦੀਆਂ, ਕਦੇ ਏਸ਼ੀਆ ਦਾ ਜਰਨੈਲ ਕਹੇ ਜਾਂਦੇ ਜੈਲੇ ਪਨਾਮੀਏ ਦੀਆਂ, ਕਦੇ ਏਸ਼ੀਅਨ ਆਲ ਸਟਾਰਜ਼ ਦੀ ਟੀਮ ਦੇ ਇੰਦਰ ਸਿੰਘ ਦੀਆਂ ਤੇ ਕਦੇ ਭਾਰਤ ਦੀ ਫੁੱਟਬਾਲ ਦੇ ਨਿਘਾਰ ਦੀਆਂ। 1956-60 ਦੌਰਾਨ ਭਾਰਤ ਦੀ ਫੁੱਟਬਾਲ ਟੀਮ ਵਿਸ਼ਵ ਦੀਆਂ ਉਪਰਲੀਆਂ ਚਾਰ ਟੀਮਾਂ ਵਿਚ ਜਾ ਪਹੁੰਚੀ ਸੀ ਜੋ ਹੁਣ ਸੌ ਦੇਸ਼ਾਂ ਦੀਆਂ ਟੀਮਾਂ ਤੋਂ ਵੀ ਪਿੱਛੇ ਰਹਿ ਗਈ ਹੈ। ਇਸ ਨੂੰ ਆਜ਼ਾਦ ਭਾਰਤ ਦੀ ਤਰੱਕੀ ਕਹੀਏ ਜਾਂ ਕੁਝ ਹੋਰ? ਫੁੱਟਬਾਲ ਵਰਗੀ ਸਸਤੀ ਖੇਡ ਜੋ ਗ਼ਰੀਬ ਮੁਲਕਾਂ ਦੇ ਸਭ ਤੋਂ ਵੱਧ ਅਨੁਕੂਲ ਹੈ, ਉਹਦੇ ਵਿਚ ਭਾਰਤ ਵਰਗਾ ਵਿਸ਼ਾਲ ਮੁਲਕ ਏਨਾ ਪਿੱਛੇ ਕਿਉਂ ਹੈ? ਫੁੱਟਬਾਲ ਖੇਡਣ ਲਈ 22 ਖਿਡਾਰੀਆਂ ਨੂੰ ਸਿਰਫ਼ ਇੱਕ ਬਾਲ, ਸਾਧਾਰਨ ਖੇਡ ਮੈਦਾਨ ਤੇ ਦੋ ਪੋਲ ਚਾਹੀਦੇ ਹਨ। ਸੇਫ ਗਾਰਡ ਜਾਂ ਕੋਈ ਹੋਰ ਮਹਿੰਗਾ ਸਾਮਾਨ ਤਾਂ ਚਾਹੀਦਾ ਹੀ ਨਹੀਂ। ਫੁੱਟਬਾਲ ਦੇ ਮੁਕਾਬਲੇ ਕ੍ਰਿਕਟ ਕਿਤੇ ਮਹਿੰਗੀ ਖੇਡ ਹੈ। ਕੀ ਕਾਰਨ ਹਨ ਕਿ ਭਾਰਤ ਮਹਿੰਗੀ ਵਿਚ ਖੇਡ ਅੱਗੇ ਹੈ ਤੇ ਸਸਤੀ ਖੇਡ ‘ਚ ਪਿੱਛੇ?
ਪਿਛਲੇ ਸਾਲ ਫੁੱਟਬਾਲ ਦਾ ਜੂਨੀਅਰ ਵਰਲਡ ਕੱਪ-2017 ਭਾਰਤ ਵਿਚ ਹੋਇਆ ਤਾਂ ਉਹਦੇ ਉਦਘਾਟਨ ਸਮੇਂ ਗੁਰਦੇਵ ਸਿੰਘ ਕੈਨੇਡਾ ਵਿਚ ਸੀ। ਉਸ ਸਮੇਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥੋਂ ਆਪਣਾ ਪੰਜ ਲੱਖਾ ਸਨਮਾਨ ਪ੍ਰਾਪਤ ਨਾ ਕਰ ਸਕਿਆ। ਉਹੀ ਸਨਮਾਨ ਫਿਰ ਭਾਰਤ ਦੇ ਖੇਡ ਮੰਤਰੀ ਕਰਨਲ ਰਾਜਵਰਧਨ ਰਠੌੜ ਨੇ 12 ਦਸੰਬਰ 2017 ਨੂੰ ਦਿੱਲੀ ਵਿਚ ਗੁਰਦੇਵ ਸਿੰਘ ਨੂੰ ਭੇਟ ਕੀਤਾ। ਇਸ ਸਨਮਾਨ ਵਿਚ ਸ਼ਾਲ ਅਤੇ ਮੋਮੈਂਟੋ ਦੇ ਨਾਲ ਪੰਜ ਲੱਖ ਰੁਪਈਏ ਵੀ ਸਨ। ਇਉਂ ਗੁਰਦੇਵ ਸਿੰਘ ਪੰਜ ਲੱਖਾ ਅਵਾਰਡੀ ਬਣ ਗਿਆ ਹੈ। ਇਹ ਸਨਮਾਨ ਸਿਰਫ਼ ਉਨ੍ਹਾਂ ਖਿਡਾਰੀਆਂ ਨੂੰ ਹੀ ਦਿੱਤਾ ਗਿਆ ਜਿਨ੍ਹਾਂ ਨੇ ਏਸ਼ਿਆਈ ਖੇਡਾਂ ਵਿਚ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ਸੀ। ਕਪਤਾਨੀ ਤਾਂ ਮਰਹੂਮ ਜਰਨੈਲ ਸਿੰਘ ਨੇ ਵੀ ਕੀਤੀ ਸੀ ਪਰ ਉਸ ਦਾ ਮਾਨ ਸਨਮਾਨ ਹਾਲੇ ਤਕ ਉਸ ਦੇ ਕਿਸੇ ਵਾਰਸ ਨੂੰ ਨਹੀਂ ਦਿੱਤਾ ਗਿਆ।
ਗੁਰਦੇਵ ਸਿੰਘ ਦਾ ਜਨਮ 20 ਅਪ੍ਰੈਲ 1950 ਨੂੰ ਮਾਹਿਲਪੁਰ ਇਲਾਕੇ ਦੇ ਪਿੰਡ ਖੈਰੜ-ਅੱਛਰਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕਿਸ਼ਨ ਸਿੰਘ ਗਿੱਲ ਦੇ ਘਰ ਮਾਤਾ ਚੰਨਣ ਕੌਰ ਦੀ ਕੁੱਖੋਂ ਹੋਇਆ ਸੀ। ਮਾਹਲਪੁਰ ਦਾ ਇਲਾਕਾ ਫੁੱਟਬਾਲ ਦਾ ਘਰ ਮੰਨਿਆ ਜਾਂਦੈ ਜਿਵੇਂ ਸੰਸਾਰਪੁਰ ਹਾਕੀ ਦਾ ਘਰ ਕਿਹਾ ਜਾਂਦੈ। ਗੁਰਦੇਵ ਸਿੰਘ ਹੋਰੀਂ ਪੰਜ ਭਰਾ ਸਨ ਜਿਨ੍ਹਾਂ ‘ਚੋਂ ਤਿੰਨ ਚੋਟੀ ਦੇ ਫੁੱਟਬਾਲਰ ਬਣੇ। ਉਸ ਦਾ ਵੱਡਾ ਲੜਕਾ ਸੁਰਜੀਤ ਸਿੰਘ ਵੀ ਨੈਸ਼ਨਲ ਪੱਧਰ ਦਾ ਖਿਡਾਰੀ ਬਣਿਆ। ਉਹ ਫੁੱਟਬਾਲ ਦੇ ਸਿਰ ‘ਤੇ ਪੰਜਾਬ ਪੁਲਿਸ ਦੀਆਂ ਚੰਗੀਆਂ ਪਦਵੀਆਂ ਉੱਤੇ ਰਹੇ। ਗੁਰਦੇਵ ਸਿੰਘ 1974 ਵਿਚ ਸਬ ਇੰਸਪੈਕਟਰ ਭਰਤੀ ਹੋਇਆ ਸੀ ਤੇ 2008 ਵਿਚ ਕਮਾਂਡੈਂਟ ਬਣ ਕੇ ਰਿਟਾਇਰ ਹੋਇਆ। ਉਸ ਦਾ ਇਕ ਭਰਾ ਅਜੇ ਵੀ ਡੀ. ਐੱਸ. ਪੀ. ਲੱਗਾ ਹੋਇਆ ਹੈ।
ਗੁਰਦੇਵ ਸਿੰਘ ਨੇ ਅੱਠਵੀਂ ਤਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਕਰ ਕੇ ਨੌਵੀਂ ਦਸਵੀਂ ਬਿੰਜੋ ਦੇ ਸਕੂਲ ਤੋਂ ਕੀਤੀ। ਸਕੂਲਾਂ ਦੀਆਂ ਫੁੱਟਬਾਲ ਟੀਮਾਂ ਦਾ ਉਹ ਕਪਤਾਨ ਹੁੰਦਾ ਸੀ ਜੋ ਜ਼ਿਲ੍ਹੇ ਦੇ ਸਕੂਲੀ ਟੂਰਨਾਮੈਂਟ ਜਿੱਤਦੀਆਂ ਰਹੀਆਂ। ਖ਼ਾਲਸਾ ਕਾਲਜ ਮਾਹਲਪੁਰ ਤੋਂ ਉਸ ਨੇ ਬੀ. ਏ. ਕੀਤੀ ਅਤੇ ਕਾਲਜ ਵੱਲੋਂ ਖੇਡਦਿਆਂ ਪੰਜਾਬ ਯੂਨੀਵਰਸਿਟੀ ਤੇ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪਾਂ ਜਿੱਤੀਆਂ। ਉਥੇ ਵੀ ਉਹ ਕਾਲਜ ਤੇ ਯੂਨੀਵਰਸਿਟੀ ਦੀਆਂ ਟੀਮਾਂ ਦਾ ਕਪਤਾਨ ਬਣਿਆ। ਫਿਰ ਪੁਲਿਸ ਵਿਚ ਭਰਤੀ ਹੋ ਕੇ ਪੰਜਾਬ ਪੁਲਿਸ ਦੀਆਂ ਟੀਮਾਂ ਦੀ ਕਪਤਾਨੀ ਕਰਦਾ ਰਿਹਾ ਅਤੇ ਕੱਪ ‘ਤੇ ਕੱਪ ਜਿੱਤਦਾ ਰਿਹਾ। ਉਹ ਜਲੰਧਰ ਦੇ ਲੀਡਰ ਕਲੱਬ ਤੋਂ ਖੇਡਣਾ ਸ਼ੁਰੂ ਕਰ ਕੇ ਕਲਕੱਤੇ ਦੇ ਈਸਟ ਬੰਗਾਲ ਕਲੱਬ ਵੱਲੋਂ ਵੀ ਖੇਡਿਆ। 1979 ਦਾ ਸੀਜ਼ਨ ਈਸਟ ਕਲੱਬ ਵੱਲੋਂ ਖੇਡਣ ਬਦਲੇ ਉਸ ਨੂੰ ਡੇਢ ਲੱਖ ਰੁਪਏ ਫੀਸ ਮਿਲੀ ਸੀ ਜਿਸ ਨਾਲ ਪਿੰਡ ਵਿਚ ਦਸ ਖੇਤ ਖਰੀਦੇ ਜਾ ਸਕਦੇ ਸਨ। ਉਸ ਸਾਲ ਉਹ ਸਭ ਤੋਂ ਮਹਿੰਗਾ ਖਿਡਾਰੀ ਸੀ। 1974 ਵਿਚ ਮੈਂ ਉਸ ਨੂੰ ਜਲੰਧਰ ਵਿਖੇ ਕੌਮੀ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਦਿਆਂ ਵੇਖਿਆ ਤਾਂ ਉਹਦੀ ਖੇਡ ਚਕਾਚੌਂਧ ਕਰਨ ਵਾਲੀ ਸੀ। ਫਾਈਨਲ ਮੈਚ ਵਿਚ ਪੰਜਾਬ ਦੀ ਟੀਮ ਪੱਛਮੀ ਬੰਗਾਲ ਦੀ ਟੀਮ ਨੂੰ 6-0 ਗੋਲਾਂ ‘ਤੇ ਹਰਾ ਕੇ ਨੈਸ਼ਨਲ ਚੈਂਪੀਅਨ ਬਣੀ ਸੀ। ਐਨੀ ਤਕੜੀ ਸੀ ਉਦੋਂ ਪੰਜਾਬ ਦੀ ਫੁੱਟਬਾਲ ਟੀਮ!
1970 ਵਿਚ ਗੁਰਦੇਵ ਸਿੰਘ ਭਾਰਤੀ ਟੀਮ ਵੱਲੋਂ ਪਹਿਲੀ ਵਾਰ ਬੈਂਕਾਕ ਦਾ ਏਸ਼ੀਆ ਕੱਪ ਖੇਡਿਆ। 1971 ਵਿਚ ਜਕਾਰਤਾ, 1972 ਵਿਚ ਪ੍ਰੀ ਓਲੰਪਿਕ ਰੰਗੂਨ, 1974 ਵਿਚ ਏਸ਼ਿਆਈ ਖੇਡਾਂ ਤਹਿਰਾਨ, 1976 ਵਿਚ ਜ਼ਾਂਬੀਆ, 1977 ਵਿਚ ਪ੍ਰੈਜ਼ੀਡੈਂਟ ਕੱਪ ਸਿਓਲ ਤੇ ਅਫਗ਼ਾਨ ਕੱਪ ਕਾਬਲ ਅਤੇ 1978 ਵਿਚ ਭਾਰਤੀ ਟੀਮ ਦਾ ਕਪਤਾਨ ਬਣ ਕੇ 8ਵੀਆਂ ਏਸ਼ਿਆਈ ਖੇਡਾਂ ਬੈਂਕਾਕ ਵਿਚ ਖੇਡਿਆ। 1973 ਵਿਚ ਵਿਆਹ ਕਰਾਉਣ ਲਈ ਕੈਨੇਡਾ ਜਾਣ ਕਰਕੇ ਉਹ ਭਾਰਤੀ ਟੀਮ ਵਿਚ ਖੇਡ ਨਹੀਂ ਸੀ ਸਕਿਆ ਅਤੇ 1975 ਵਿਚ ਗੰਭੀਰ ਸੱਟ ਲੱਗਣ ਕਾਰਨ ਟਰਾਇਲ ਨਹੀਂ ਸੀ ਦੇ ਸਕਿਆ। 1978 ਵਿਚ ਉਸ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਅਰਜਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਪੰਜਾਬ ਸਰਕਾਰ ਦਾ ਮਹਾਰਾਜਾ ਰਣਜੀਤ ਸਿੰਘ ਅਵਾਰਡ, ਪੰਡਤ ਜਵਾਹਰ ਲਾਲ ਨਹਿਰੂ ਦੇ ਨਾਂ ਦਾ ਪੀਸ ਐਂਡ ਸਪੋਰਟਸ ਅਵਾਰਡ, ਰਾਸ਼ਟਰਪਤੀ ਦਾ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਮੈਡਲ, ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਭਾਰਤ ਸਰਕਾਰ ਦਾ ਪੰਜ ਲੱਖਾ ਐਵਾਰਡ ਤੇ ਹੋਰ ਕਈ ਮਾਨ ਸਨਮਾਨ ਮਿਲ ਚੁੱਕੇ ਹਨ।
ਵਧੀਆ ਖਿਡਾਰੀ ਹੋਣ ਦੇ ਨਾਲ ਉਸ ਨੇ ਫੁੱਟਬਾਲ ਦਾ ਕੋਚ ਹੋਣ ਦੀਆਂ ਸੇਵਾਵਾਂ ਵੀ ਨਿਭਾਈਆਂ ਹਨ। 1985 ਵਿਚ ਉਸ ਨੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ ਤੋਂ ਫੁੱਟਬਾਲ ਦੀ ਕੋਚਿੰਗ ਦਾ ਡਿਪਲੋਮਾ ਫਸਟ ਡਿਵੀਜ਼ਨ ਵਿਚ ਪਾਸ ਕੀਤਾ ਸੀ। ਫਿਰ ਉਹ ਪੰਜਾਬ ਪੁਲਸ ਦੀਆਂ ਟੀਮਾਂ ਦਾ ਕੋਚ ਰਿਹਾ। ਉਸ ਦੇ ਦੋ ਪੁੱਤਰ ਹਨ ਜੋ ਕੈਨੇਡਾ ਦੇ ਪੱਕੇ ਵਸਨੀਕ ਹਨ। ਵੱਡਾ ਪੁੱਤਰ ਸੁਰਜੀਤ ਸਿੰਘ ਪਹਿਲਾਂ ਪੰਜਾਬ ਪੁਲਿਸ ਦਾ ਠਾਣੇਦਾਰ ਸੀ ਜੋ ਹੁਣ ਵਿੰਡਸਰ ਦਾ ਵਾਸੀ ਹੈ। ਉਸ ਦੀ ਪਤਨੀ ਫੋਰਡ ਵਿਚ ਇੰਜਨੀਅਰ ਹੈ। ਉਨ੍ਹਾਂ ਦੇ ਅੱਗੋਂ ਦੋ ਪੁੱਤਰ ਹਨ ਜਿਨ੍ਹਾਂ ਦੇ ਨਾਂ ਅੰਗਦ ਸਿੰਘ ਤੇ ਅਰਜਨ ਸਿੰਘ ਹਨ। ਗੁਰਦੇਵ ਸਿੰਘ ਦਾ ਛੋਟਾ ਲੜਕਾ ਅਜੀਤਪਾਲ ਸਿੰਘ ਵਿਨੀਪੈੱਗ, ਮਨੀਟੋਬਾ ਵਿਖੇ ਇੰਜਨੀਅਰ ਹੈ ਤੇ ਉਸ ਦੀ ਪਤਨੀ ਡਾਕਟਰ ਹੈ। ਉਨ੍ਹਾਂ ਦਾ ਪੁੱਤਰ ਕਿਸ਼ਨ ਸਿੰਘ ਗਿੱਲ ਹੈ ਜਿਸ ਦਾ ਨਾਂ ਦਾਦੇ ਦੇ ਨਾਂ ਉੱਤੇ ਰੱਖਿਆ ਗਿਆ।
ਗੁਰਦੇਵ ਸਿੰਘ ਗਿੱਲ ਆਪਣੀ ਨਿੱਜੀ ਪ੍ਰਾਪਤੀ ‘ਤੇ ਤਾਂ ਕਾਫੀ ਹੱਦ ਤੱਕ ਸੰਤੁਸ਼ਟ ਹੈ ਪਰ ਭਾਰਤ ਦੀ ਫੁੱਟਬਾਲ ਵਿਚ ਪ੍ਰਾਪਤੀ ਉੱਤੇ ਡਾਢਾ ਅਸੰਤੁਸ਼ਟ ਹੈ। ਪੰਜਾਬ ਦੀ ਅਜੋਕੀ ਪੀੜ੍ਹੀ ਦੀ ਕਾਰਗੁਜ਼ਾਰੀ ਉਤੇ ਤਾਂ ਕੁਝ ਵਧੇਰੇ ਹੀ ਨਿਰਾਸ਼ ਹੈ। ਮੁੜ-ਮੁੜ ਇਹੋ ਸੋਚਦਾ ਹੈ, ਕੀ ਪੰਜਾਬ ਮੁੜ ਫੁੱਟਬਾਲ ਦਾ ਕੌਮੀ ਚੈਂਪੀਅਨ ਬਣੇਗਾ? ਕੀ ਭਾਰਤ ਮੁੜ ਏਸ਼ੀਆ ਦਾ ਗੋਲਡ ਮੈਡਲ ਜਿੱਤੇਗਾ?ਕੀ ਭਾਰਤ ਵੀ ਕਦੇ ਫੀਫਾ ਦਾ ਵਰਲਡ ਕੱਪ ਖੇਡੇਗਾ ਅਤੇ ਓਲੰਪਿਕ ਖੇਡਾਂ ਵਿਚ ਸ਼ਾਮਲ ਹੋਵੇਗਾ?
ਜਦ ਉਹ ਪੰਜਾਬ ਜਾਂਦਾ ਹੈ ਤਾਂ ਕਦੇ ਬੰਗੇ, ਕਦੇ ਗੜ੍ਹਸ਼ੰਕਰ, ਕਦੇ ਮਾਹਿਲਪੁਰ ਤੇ ਕਦੇ ਕਿਸੇ ਹੋਰ ਥਾਂ ਫੁੱਟਬਾਲ ਦੇ ਕੱਪਾਂ ਵਿਚ ਹਾਜ਼ਰੀ ਭਰਦਾ ਹੈ। ਮੰਨਣਹਾਣੇ ਦੀਆਂ ਕੁਸ਼ਤੀਆਂ ਨਾਲ ਤਾਂ ਉਹ ਚਿਰੋਕਣਾ ਜੁੜਿਆ ਹੋਇਐ। ਚੰਗਾ ਹੋਵੇ ਜੇ ਉਹ ਕੈਨੇਡਾ ਦੇ ਖੇਡ ਮੇਲਿਆਂ ਤੇ ਕੈਨੇਡਾ ਦੀ ਸਾਕਰ ਨਾਲ ਵੀ ਜੁੜ ਜਾਵੇ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …