ਪੰਜਾਬੀਆਂ ਬਾਰੇ ਬਹੁਤ ਸਾਰਾ ਪੜ੍ਹਿਆ ਲਿਖਿਆ ਅਤੇ ਸੁਣਿਆ ਬਹੁਤ ਵਾਰੀ ਗਿਆ। ਪਰ ਅੱਖੀਂ ਦੇਖਣ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਪੰਜਾਬੀਆਂ ਬਾਰੇ ਸੁਣਦੇ ਸੀ ਕਿ ਇਹਨਾਂ ਨੇ ਗਜ਼ਨੀ ਭਜਾਇਆ, ਅਬਦਾਲੀ ਭਜਾਇਆ, ਸਿਕੰਦਰ ਨੂੰ ਮੋੜਿਆ ਅਤੇ ਕਾਬਲ ਕੰਧਾਰ ਫਤਹਿ ਕੀਤਾ। ਪੰਜਾਬੀਆਂ ਨੇ ਹਮੇਸ਼ਾ ਜ਼ੁਲਮ ਵਿਰੁੱਧ ਅਵਾਜ਼ ਉਠਾਈ ਅਤੇ ਇੱਜ਼ਤਾਂ ਦੀ ਰਾਖੀ ਕੀਤੀ। ਅੱਜ ਦੇ ਸਮੇਂ ਚੱਲੇ ਕਿਸਾਨ ਅੰਦੋਲਨ ਨੇ ਸਾਲ ਬਾਅਦ ਜਿੱਤ ਪ੍ਰਾਪਤ ਕਰਕੇ ”ਪੱਗੜੀ ਸੰਭਾਲ ਓ ਜੱਟਾ” ਲਹਿਰ ਤੋਂ ਉੱਪਰ ਆਪਣਾ ਨਾਮ ਦਰਜ ਕਰਵਾ ਲਿਆ ਹੈ। ਪੰਜਾਬ ਨੇ ਪਿਛਲੇ ਸਾਲ ਬੀਂਡੀ ਜੁੜ ਕੇ ਕਿਸਾਨ ਅੰਦੋਲਨ ਆਰੰਭ ਕੀਤਾ। ਜੋ ਕਿ ਇੱਕ ਸਾਲ ਬਾਅਦ ਫਤਹਿ ਹਾਸਿਲ ਕਰ ਸਕਿਆ। ਹਾਂ ਇੱਕ ਗੱਲ ਪੱਕੀ ਹੈ ਜੇ ਪੰਜਾਬ ਬੀਂਡੀ ਨਾ ਜੁੜ੍ਹਦਾ ਤਾਂ ਅੰਦੋਲਨ ਸ਼ੁਰੂ ਨਾ ਹੁੰਦਾ ਤੇ ਨਾ ਹੀ ਜਿੱਤਿਆ ਜਾਂਦਾ। ਇਸ ਜਿੱਤ ਨੇ ”ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ” ਦਾ ਅਗਲਾ ਵਰਕਾ ਖੋਲ ਕੇ ਅੱਜ ਦੇ ਜ਼ਮਾਨੇ ਵਿੱਚ ਪ੍ਰਤੱਖ ਨੂੰ ਪ੍ਰਮਾਣ ਕਰ ਦਿੱਤਾ ਹੈ। ਇੱਕ ਗੱਲ ਹੋਰ ਜੇ ਪੰਜਾਬੀ ਕਿਸਾਨ ਜਥੇਬੰਦੀਆਂ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਮੀਟਿੰਗ ਵਿੱਚ ਇਸ ਦਾ ਵਿਰੋਧ ਨਾ ਕਰਦੀਆਂ ਤਾਂ ਵੀ ਅਸੀਂ ਸੁੱਤੇ ਰਹਿਣਾ ਸੀ।
ਇਹ ਅੰਦੋਲਨ ਬਹੁਤ ਹਿੰਮਤ ਨਾਲ ”ਹਾਸ਼ਿਮ ਫਤਹਿ ਨਸੀਬ ਤਿਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ ਹੂ” ਪੰਜਾਬੀਆਂ ਨੇ ਫਤਹਿ ਕਰਾਇਆ ਅਤੇ ਸੁਣਦੇ ਪੜ੍ਹਦੇ ਪੰਜਾਬੀਆਂ ਦੇ ਇਤਿਹਾਸ ਨੂੰ ”ਪ੍ਰਤੱਖ ਨੂੰ ਪ੍ਰਮਾਣ ਕੀ? ਹੱਥ ਕੰਗਣ ਨੂੰ ਆਰਸੀ ਕੀ” ਵਾਲਾ ਸਿਧਾਂਤ ਅਜੋਕੇ ਜ਼ਮਾਨੇ ਵਿੱਚ ਪੇਸ਼ ਕਰਕੇ ਆਪਣਾ ਇਤਿਹਾਸ ਦੁਹਰਾ ਦਿੱਤਾ ਹੈ।
-ਸੁਖਪਾਲ ਸਿੰਘ ਗਿੱਲ,ਅਬਿਆਣਾ
ਮੋਬਾਇਲ ਨੰ: 9878111445