-1.8 C
Toronto
Wednesday, December 3, 2025
spot_img
Homeਪੰਜਾਬ66 ਸਾਲ 'ਚ ਪਹਿਲੀ ਵਾਰ ਗੁਰਦਾਸਪੁਰ ਸੀਟ 'ਤੇ ਕਾਂਗਰਸ ਦੀ ਸਭ ਤੋਂ...

66 ਸਾਲ ‘ਚ ਪਹਿਲੀ ਵਾਰ ਗੁਰਦਾਸਪੁਰ ਸੀਟ ‘ਤੇ ਕਾਂਗਰਸ ਦੀ ਸਭ ਤੋਂ ਵੱਡੀ ਜਿੱਤ

ਜਾਖੜ ਨੇ ਸਲਾਰੀਆ ਨੂੰ 1,93,219 ਵੋਟਾਂ ਨਾਲ ਹਰਾਇਆ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੀ ਜ਼ਮਾਨਤ ਹੋਈ ਜ਼ਬਤ
ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਸ਼ਾਨ ਨਾਲ ਜਿੱਤ ਲਈ ਹੈ। ਉਨ੍ਹਾਂ ਆਪਣੇ ਮੁੱਖ ਵਿਰੋਧੀ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ 1,93219 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਜਾਖੜ ਨੂੰ ਕੁੱਲ 4,99,752 ਵੋਟਾਂ ਪਈਆਂ ਜਦੋਂਕਿ ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ 3,06,533 ਵੋਟਾਂ ਹੀ ਲੈ ਸਕੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜ਼ੂਰੀਆ 23,579 ਵੋਟਾਂ ਲੈ ਕੇ ਤੀਸਰੇ ਨੰਬਰ ਉੱਤੇ ਪਛੜ ਗਏ। ਇਸ ਚੋਣ ਵਿੱਚ ਖਜ਼ੂਰੀਆ ਸਣੇ 9 ਜਣਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। 7580 ਵੋਟਰਾਂ ਨੇ ਨੋਟਾ ਦਾ ਬਟਨ ਦਬਾ ਕੇ ਉਮੀਦਵਾਰਾਂ ਪ੍ਰਤੀ ਨਾਪਸੰਦਗੀ ਪ੍ਰਗਟਾਈ। ਗੁਰਦਾਸਪੁਰ ਦੀ ਸੀਟ ‘ਤੇ 66 ਸਾਲਾਂ ਵਿਚ ਪਹਿਲੀ ਵਾਰ ਕਾਂਗਰਸ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ। ਚੇਤੇ ਰਹੇ ਕਿ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਇਹ ਖਾਲੀ ਹੋਈ ਸੀ ਅਤੇ ਇਸ ‘ਤੇ ਜ਼ਿਮਨੀ ਚੋਣ ਹੋਈ ਸੀ।
ਵੋਟਾਂ ਦੀ ਗਿਣਤੀ ਸਵੇਰੇ ਠੀਕ ਅੱਠ ਵਜੇ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਸਥਾਪਿਤ ਗਿਣਤੀ ਕੇਂਦਰਾਂ ਉੱਤੇ ਸ਼ੁਰੂ ਹੋਈ। ਕਰੀਬ 9 ਵਜੇ ਗਿਣਤੀ ਦੇ ਪਹਿਲੇ ਗੇੜ ਦੀ ਸਮਾਪਤੀ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ 14316 ਵੋਟਾਂ ਦੇ ਫ਼ਰਕ ਨਾਲ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆਂ ਤੋਂ ਅੱਗੇ ਹੋ ਗਏ। ਇਸ ਤੋਂ ਬਾਅਦ ਆਖ਼ਰੀ 15ਵੇਂ ਗੇੜ ਤਕ ਹਰੇਕ ਵਿਧਾਨ ਸਭਾ ਹਲਕੇ ਤੋਂ ਹੀ ਲਗਾਤਾਰ ਆਪਣੇ ਵਿਰੋਧੀ ਤੋਂ ਲੀਡ ਲੈਂਦੇ ਰਹੇ।
ਜਿੱਤ ਦੇ ਰਸਮੀ ਐਲਾਨ ਤੋਂ ਬਾਅਦ ਜਾਖ਼ੜ ਨੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਸਮੇਤ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਪੁੱਜ ਕੇ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ। ਇਸ ਮੌਕੇ ਜਾਖੜ ਨੇ ਆਪਣੀ ਜਿੱਤ ਲਈ ਹਲਕੇ ਦੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕਾ ਵਾਸੀਆਂ ਦੇ ਭਰੋਸੇ ਉੱਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ, ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰਨਾਂ ਮਸਲਿਆਂ ਨੂੰ ਲੈ ਕੇ ਸਦਨ ਵਿੱਚ ਖੇਤਰ ਦੀ ਆਵਾਜ਼ ਚੁੱਕਣਗੇ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਗਏ ਸਨ ਅਤੇ ਲੋਕਾਂ ਨੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਉੱਤੇ ਮੋਹਰ ਲਾਉਣ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਫ਼ਤਵਾ ਦਿੱਤਾ ਹੈ। ਜਾਖ਼ੜ ਦੀ ਜਿੱਤ ਉਪਰੰਤ ਪਾਰਟੀਆਂ ઠਆਗੂਆਂ ਤੇ ਵਰਕਰਾਂ ਅੰਦਰ ਜਸ਼ਨ ਦਾ ਮਾਹੌਲ ਬਣਿਆ ਰਿਹਾ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ઠਗੁਰਲਵਲੀਨ ਸਿੰਘ ਸਿੱਧੂ ਨੇ ਜ਼ਿਮਨੀ ਚੋਣ ਦਾ ਨਤੀਜਾ ਐਲਾਨਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਵਿੱਚ ਕੁੱਲ 859462 ਵੋਟਰਾਂ ਵੱਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਨੀਲ ਜਾਖੜ ਨੂੰ ਕੁੱਲ 4,99,452, ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ઠ3,06,533 ਵੋਟਾਂ ਅਤੇ ‘ਆਪ’ ਦੇ ਉਮੀਦਵਾਰ ਸੁਰੇਸ਼ ਖਜ਼ੂਰੀਆ ਨੂੰ 23579 ਵੋਟਾਂ ਮਿਲੀਆਂ ਹਨ। ઠ
ਪੰਜੇ ਦੇ ਥੱਪੜ ਦੀ ਗੂੰਜ ਪੂਰੇ ਦੇਸ਼ ‘ਚ ਸੁਣਾਈ ਦੇਵੇਗੀ : ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਗੁਰਦਾਸਪੁਰ ਦਾ ਨਤੀਜਾ ਸੋਨੀਆ ਅਤੇ ਰਾਹੁਲ ਗਾਂਧੀ ਲਈ ਲਾਲ ਰੀਬਨ ਵਿਚ ਲਪੇਟਿਆ ਦੀਵਾਲੀ ਦਾ ਤੋਹਫਾ ਹੈ। ਗੁਰਦਾਸਪੁਰ ਤੋਂ ਇਕ ਗੂੰਜ ਉਠੀ ਹੈ। ਕਾਂਗਰਸ ਦੇ ਪੰਜੇ ਦੇ ਥੱਪੜ ਦੀ ਗੂੰਜ ਪੂਰੇ ਦੇਸ਼ ਵਿਚ ਸੁਣਾਈ ਦੇਵੇਗੀ। ਉਥੇ, ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਜਵਾਬ ਦਿੱਤਾ ਹੈ। ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਦਾ ਰਿਵਾਈਬਲ ਹੈ। ਪਾਰਟੀ ਹੁਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਵੀ ਇਸੇ ਤਰ੍ਹਾਂ ਜਿੱਤੇਗੀ।
ਸੁਖਬੀਰ ਬਾਦਲ ਅਤੇ ਮਜੀਠੀਆ ਵਲੋਂ ਕੀਤਾ ਧੂੰਆਂਧਾਰ ਪ੍ਰਚਾਰ ਵੀ ਕੰਮ ਨਾ ਆਇਆ
ਬਟਾਲਾ : ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿੱਚ ਕੀਤੇ ਧੂੰਆਂਧਾਰ ਪ੍ਰਚਾਰ ਦਾ ਅਸਰ ਵੋਟਰਾਂ ਨੇ ਬੇਅਸਰ ਕਰ ਦਿੱਤਾ। ਬਾਦਲ ਅਤੇ ਮਜੀਠੀਆ ਹਲਕੇ ਵਿੱਚ ਲਗਪਗ ਹਫ਼ਤੇ ਭਰ ਤੋਂ ਉਪਰ ਰਹੇ। ਹੈਰਾਨੀ ਦੀ ਗੱਲ ਇਹ ਰਹੀ ਕਿ ਬਾਦਲ ਨੇ ਜਿਸ ਹਲਕੇ ਡੇਰਾ ਬਾਬਾ ਨਾਨਕ ਤੋਂ ਮਜੀਠੀਆ ਨੂੰ ਕਮਾਨ ਦਿੱਤੀ ਸੀ, ਉਸ ਹਲਕੇ ਵਿੱਚ ਸਲਾਰੀਆ ਨੂੰ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਲਕੇ ਤੋਂ ਕਾਂਗਰਸ ਦੇ ਸੁਨੀਲ ਜਾਖੜ ਨੇ 44074 ਵੋਟਾਂ ਨਾਲ ਸਲਾਰੀਆ ਨੂੰ ਪਛਾੜਿਆ।
ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕੁਝ ਮਹੀਨੇ ਪਹਿਲਾਂ 1130 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਜਾਖੜ ਨੇ 32296 ਵੋਟਾਂ ਦੀ ਲੀਡ ਲਈ। ਇਸ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਨੂੰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੁਝ ਮਹੀਨੇ ਪਹਿਲਾਂ ਹੀ ਮਹਿਜ਼ ਦੋ ਹਜ਼ਾਰ ਤੋਂ ਘੱਟ ਵੋਟਾਂ ਨਾਲ ਹਰਾਇਆ ਸੀ। ਸੁਖਬੀਰ ਬਾਦਲ ਅਤੇ ਮਜੀਠੀਆ ਨੇ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਅੱਧੀ ਦਰਜਨ ਤੋਂ ਵੱਧ ਜਨਤਕ ਸਭਾਵਾਂ ਨੂੰ ਸੰਬੋਧਨ ਕੀਤਾ ਸੀ।
7586 ਵੋਟਰਾਂ ਨੇ ਦੱਬਿਆ ‘ਨੋਟਾ’ ਦਾ ਬਟਨ
ਵੋਟਿੰਗ ਦੌਰਾਨ 7586 ਲੋਕਾਂ ਨੇ ‘ਨੋਟਾ’ ਦਾ ਬਟਨ ਦਬਾਇਆ। ਪਹਿਲੀ ਵਾਰ ਕਿਸੇ ਚੋਣ ਵਿੱਚ ਐਨੇ ਵੱਡੇ ਪੱਧਰ ‘ਤੇ ਵੋਟਰਾਂ ਨੇ ਇਸ ਬਟਨ ਵਿਚ ਦਿਲਚਸਪੀ ਦਿਖਾਈ ਹੈ।
ਕਵਿਤਾ ਖੰਨਾ ਨੇ ਚੋਣ ਨਤੀਜੇ ‘ਤੇ ਪ੍ਰਗਟਾਈ ਨਿਰਾਸ਼ਾઠ
ਪਠਾਨਕੋਟ : ਗੁਰਦਾਸਪੁਰ ਦੇ ਮਰਹੂਮ ਸੰਸਦ ਮੈਂਬਰ ਤੇ ਭਾਜਪਾ ਆਗੂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਜ਼ਿਮਨੀ ਚੋਣ ਦੇ ਨਤੀਜੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਫੋਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਵਿਨੋਦ ਖੰਨਾ ਨੇ ਗੁਰਦਾਸਪੁਰ ਚੋਣ ਜਿੱਤ ਕੇ ਕਾਂਗਰਸ ਦੇ ਗੜ੍ਹ ਨੂੰ ਤੋੜਿਆ ਸੀ ਅਤੇ ਭਾਜਪਾ ਦਾ ਗੜ੍ਹ ਬਣਾਇਆ ਸੀ। ਵਿਨੋਦ ਖੰਨਾ ਨੇ 20 ਸਾਲ ਗੁਰਦਾਸਪੁਰ ਹਲਕੇ ਦੀ ਸੇਵਾ ਕੀਤੀ ਤੇ ਹਲਕੇ ਨੂੰ ਆਪਣਾ ਪੁੱਤ ਮੰਨਿਆ ਸੀ।
ਹੁਣ ਇਸ ਹਲਕੇ ਵਿੱਚ ਕਾਂਗਰਸ ਦਾ ਜਿੱਤਣਾ ਨਿਰਾਸ਼ਾਜਨਕ ਹੈ। ਕਵਿਤਾ ਖੰਨਾ ਨੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਹੁਣ ਸਾਰਿਆਂ ਨੂੰ ਮਿਲ ਜੁਲ ਕੇ ਕੰਮ ਕਰਨਾ ਪਵੇਗਾ ਤੇ ਪਾਰਟੀ ਨੂੰ ਪਹਿਲਾਂ ਵਾਂਗ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
ਕਾਂਗਰਸ ਦੀ ਨਹੀਂ, ਸੁਨੀਲ ਜਾਖੜ ਦੀ ਹੋਈ ਜਿੱਤ : ਸ਼ਾਹਨਵਾਜ਼ ਹੁਸੈਨ
ਸ੍ਰੀ ਮੁਕਤਸਰ ਸਾਹਿਬ : ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਜਿੱਤ ਅਸਲ ਵਿੱਚ ਕਾਂਗਰਸ ਦੀ ਨਹੀਂ, ਸਗੋਂ ਸੁਨੀਲ ਜਾਖੜ ਦੀ ਨਿੱਜੀ ਸ਼ਖ਼ਸੀਅਤ ਦੀ ਜਿੱਤ ਹੈ।
ਉਨ੍ਹਾਂ ਕਿਹਾ ਕਿ ਉਹ ਗੁਰਦਾਸਪੁਰ ਵਿੱਚ ਮਿਲੇ ਲੋਕ ਫਤਵੇ ਨੂੰ ਪ੍ਰਵਾਨ ਕਰਦਿਆਂ ਹਾਰ ਕਬੂਲ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਰਕਰਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਸਗੋਂ ਹੋਰ ਮਿਹਨਤ ਕਰਨ ਦੀ ਲੋੜ ਹੈ। ਪਿੰਡ ਸੰਗੂਧੋਨ ਵਿੱਚ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹਨਵਾਜ਼ ਨੇ ਕਿਹਾ ਕਿ ਕਾਂਗਰਸ ਵਿੱਚ ਵਰਕਰ ਦੀ ਕੋਈ ਵੁੱਕਤ ਨਹੀਂ। ਉਥੇ ਪਰਿਵਾਰਵਾਦ ਦਾ ਬੋਲਬਾਲਾ ਹੈ।
ਇਸ ਪਰਿਵਾਰਵਾਦ ਕਾਰਨ ਹੀ ਹੁਣ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਹੈ। ਇਸ ਦੌਰਾਨ ਭਾਜਪਾ ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ઠਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਪੰਜਾਬ ਵਿੱਚ ਕੀਤੇ, ਉਹ ਪੂਰੇ ਨਹੀਂ ਕੀਤੇ। ਇਸ ਦਾ ਪਤਾ ਆਮ ਚੋਣਾਂ ਵੇਲੇ ਲੱਗੇਗਾ।
ਕਾਂਗਰਸ ਲਈ ਸੰਜੀਵਨੀ ਬਣੇਗੀ ਜਿੱਤ : ਕੈਪਟਨ ਅਮਰਿੰਦਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਸੰਸਦੀ ਹਲਕੇ ਦੇ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਜਿੱਤ ਨਾਲ ਕਾਂਗਰਸ ਪਾਰਟੀ ਦੀ ਬਹਾਲੀ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ ਹੈ। ਜਾਖੜ ਨੇ ਆਪਣੀ ਜਿੱਤ ਦੀ ਤੁਲਨਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਚਿੱਕ ਮੰਗਲੂਰ ਦੀ ਸੀਟ ਤੋਂ ਹੋਈ ਜਿੱਤ ਨਾਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਣਾ ਠੀਕ ਨਹੀਂ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਪਰਾਲੀ ਸਾੜਣ ਵਾਲੇ ਕਿਸਾਨਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ। ਮੁੱਖ ਮੰਤਰੀ ਨੇ ਇਸ ਰਿਕਾਰਡ ਜਿੱਤ ਲਈ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਸਣੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਜ਼ਿਮਨੀ ਚੋਣ ਦੇ ਨਤੀਜੇ ਨੇ ਭਾਰਤੀ ਜਨਤਾ ਪਾਰਟੀ ਦੇ ਹੋ ਰਹੇ ਨਿਘਾਰ ਉੱਤੇ ਮੋਹਰ ਲਾ ਦਿੱਤੀ ਹੈ ਅਤੇ ਇਸ ਨੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦਿੱਤੀ ਹੈ।
ਜ਼ਿਮਨੀ ਚੋਣ ਦਾ ਨਤੀਜਾ ਜੀ.ਐੱਸ.ਟੀ ਤੇ ਨੋਟਬੰਦੀ ਕਾਰਨ ਲੋਕਾਂ ਦਾ ਅਕਾਲੀਆਂ ਤੋਂ ਮੋਹ ਭੰਗ ਹੋਣ ਦਾ ਸਿੱਟਾ ਹੈ। ਜਾਖੜ ਨੇ ਕਿਹਾ ਕਿ ਇਹ ਜਿੱਤ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਹੈ। ઠਇਸ ਜਿੱਤ ਨਾਲ ਵਿਰੋਧੀਆਂ ਦੀ ਬੋਲਤੀ ਬੰਦ ਹੋ ਗਈ ਹੈ।

 

RELATED ARTICLES
POPULAR POSTS