ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਸਰਕਾਰ ਵਲੋਂ ਬੀਤੇ ਦਿਨਾਂ ਤੋਂ ਕਰੋਨਾ ਵਾਇਰਸ ਦੇ ਨਵੇਂ ਰੂਪ, ਓਮੀਕਰੋਨ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਪਲ-ਪਲ ਦੀ ਸਥਿਤੀ ਉਪਰ ਨਜ਼ਰ ਰੱਖੀ ਜਾ ਰਹੀ ਹੈ। ਇਸ ਸਥਿਤੀ ਤਹਿਤ ਹੀ ਵਿਦੇਸ਼ਾਂ ਤੋਂ ਹਵਾਈ ਅੱਡਿਆਂ ਅੰਦਰ ਪੁੱਜ ਰਹੇ ਯਾਤਰੀਆਂ ਦੇ ਕਰੋਨਾ ਵਾਇਰਸ ਟੈਸਟ ਕੀਤੇ ਜਾਣ ਲੱਗੇ ਅਤੇ ਹਾਲ ਦੀ ਘੜੀ ਵਿਸ਼ਵ ਸਿਹਤ ਸੰਗਠਨ ਤੋਂ ਮਾਨਤਾ ਪ੍ਰਾਪਤ ਕਿਸੇ ਵੈਕਸੀਨ ਦੇ ਦੋ ਟੀਕੇ ਲੱਗੇ ਹੋਣ ਨੂੰ ਕੋਵਿਡ ਤੋਂ ਬਚਾਅ ਦੇ ਮੁਕੰਮਲ ਟੀਕਾਕਰਨ ਵਜੋਂ ਮਾਨਤਾ ਹੈ ਪਰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਗਵਾ ਲੈਣ ਦੀ ਸਲਾਹ ਦਿੱਤੀ ਗਈ ਹੈ, ਜਦਕਿ 50 ਸਾਲਾਂ ਜਾਂ ਇਸ ਤੋਂ ਵੱਧ ਉਮਰ ਦੇ ਕੈਨੇਡਾ ਵਾਸੀਆਂ ਨੂੰ ਕੋਵਿਡ ਤੋਂ ਬਚਾਅ ਲਈ ਵੱਧ ਸਰੀਰਕ ਸਮਰੱਥਾ ਵਾਸਤੇ ਤੀਸਰਾ ਟੀਕਾ (ਭਾਵ ਬੂਸਟਰ ਟੀਕਾ) ਲਗਵਾ ਲੈਣ ਦੀ ਸਿਫਾਰਸ਼ ਕੀਤੀ ਗਈ ਗਈ ਹੈ। ਇਕ ਨਵੀਂ ਸੋਧ ਮੁਤਾਬਿਕ ਬੀਤੇ ਹਫ਼ਤਿਆਂ ਤੋਂ ਕੈਨੇਡਾ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਵੈਕਸੀਨ ਟੀਕਾਕਰਨ ਨੂੰ ਵੀ ਮਾਨਤਾ ਦਿੱਤੀ ਜਾ ਰਹੀ ਹੈ। ਕੈਨੇਡਾ ‘ਚ ਆ ਰਹੇ ਲੋਕਾਂ ਨੂੰ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਆ ਜਾਣ ਤੱਕ ਹਵਾਈ ਅੱਡੇ ਤੋਂ ਬਾਹਰ ਜਾ ਕੇ ਆਪਣੇ ਘਰਾਂ ‘ਚ ਇਕਾਂਤਵਾਸ ਹੋਣਾ ਜ਼ਰੂਰੀ ਹੈ। ਇਸੇ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਵਿਭਾਗ ਵਲੋਂ ਖੇਤੀਬਾੜੀ, ਸਿਹਤ ਸੇਵਾਵਾਂ, ਪਰਿਵਾਰਕ ਸ਼੍ਰੇਣੀ ਅਤੇ ਸਟੱਡੀ ਪਰਮਿਟ ਦੀਆਂ ਅਰਜੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਤਾਂ ਕਿ ਕੋਵਿਡ ਦੀ ਮੌਜੂਦਾ ਸਥਿਤੀ ਦੌਰਾਨ ਵੀ ਕੈਨੇਡਾ ਨੂੰ ਲੋੜੀਂਦੇ ਕਾਮੇ ਅਤੇ ਵਿਦਿਆਰਥੀ ਮਿਲਦੇ ਰਹਿਣ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …