Breaking News
Home / ਹਫ਼ਤਾਵਾਰੀ ਫੇਰੀ / ਪ੍ਰਧਾਨ ਮੰਤਰੀ ਜਸਟਿਨ ਟਰੂਡੋ 19 ਤੋਂ 23 ਫਰਵਰੀ ਤੱਕ ਜਾਣਗੇ ਭਾਰਤ ਦੌਰੇ ‘ਤੇ

ਪ੍ਰਧਾਨ ਮੰਤਰੀ ਜਸਟਿਨ ਟਰੂਡੋ 19 ਤੋਂ 23 ਫਰਵਰੀ ਤੱਕ ਜਾਣਗੇ ਭਾਰਤ ਦੌਰੇ ‘ਤੇ

ਟਰੂਡੋ ਦਰਬਾਰ ਸਾਹਿਬ ਝੁਕਾਉਣਗੇ ਸੀਸ
ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 19 ਤੋਂ 23 ਫਰਵਰੀ ਤੱਕ ਭਾਰਤ ਫੇਰੀ ‘ਤੇ ਜਾ ਰਹੇ ਹਨ। ਇਸ ਫੇਰੀ ਦੌਰਾਨ ਉਹ ਸਿੱਖ ਮੰਤਰੀਆਂ ਤੇ ਪੰਜਾਬੀ ਲੋਕ ਸਭਾ ਮੈਂਬਰਾਂ ਸਮੇਤ ਅੰਮ੍ਰਿਤਸਰ ਫੇਰੀ ‘ਤੇ ਵੀ ਆਉਣਗੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਪਹਿਲਾਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੀਸ ਝੁਕਾ ਚੁੱਕੇ ਹਨ। ਪ੍ਰਧਾਨ ਮੰਤਰੀ ਟਰੂਡੋ ਦੇ ਨਾਲ 150 ਮੈਂਬਰਾਂ ਦੇ ਵਫਦ ‘ਚ 120 ਸਨਅਤਕਾਰ ਵੀ ਸ਼ਾਮਲ ਹੋਣਗੇ, ਪਰ ਹਾਲੇ ਤੱਕ ਪੰਜਾਬ ਸਰਕਾਰ ਨਾਲ ਕੋਈ ਰਾਬਤਾ ਨਹੀਂ ਬਣਾਇਆ ਗਿਆ।ਪ੍ਰਧਾਨ ਮੰਤਰੀ ਟਰੂਡੋ ਦੀ ਇਸ ਫੇਰੀ ਦੌਰਾਨ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ ਤੇ ਅਮਰਜੀਤ ਸਿੰਘ ਸੋਹੀ ਉਨ੍ਹਾਂ ਦੇ ਨਾਲ ਹੋਣਗੇ। ਕਾਬਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡੀਅਨ ਸਿੱਖ ਮੰਤਰੀਆਂ ਨੂੰ ਪੰਜਾਬ ਦੀ ਅਮਨ ਸ਼ਾਂਤੀ ਦੇ ਦੁਸ਼ਮਣ ਦੱਸਿਆ ਗਿਆ ਸੀ। ਇਸਦੇ ਬਾਅਦ ਕੈਨੇਡਾ ਸਰਕਾਰ ਕੈਪਟਨ ਤੋਂ ਕਾਫੀ ਨਰਾਜ ਚੱਲ ਰਹੀ ਹੈ ਤੇ ਹੁਣ ਇਸਦਾ ਅਸਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ‘ਤੇ ਵੀ ਦਿਖਾਈ ਦੇ ਰਿਹਾ ਹੈ।
ਵੱਡਾ ਸਵਾਲ : ਕੀ ਕੈਪਟਨ ਅੜੀ ਛੱਡ ਟਰੂਡੋ ਨਾਲ ਪਾਉਣਗੇ ਆੜੀ
ਅੰਮ੍ਰਿਤਸਰ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਕੈਬਨਿਟ ਦੇ ਸਿੱਖ ਮੰਤਰੀਆਂ ਤੇ ਹੋਰ ਐਮਪੀਜ਼ ਨਾਲ ਇੱਕ ਵੱਡਾ ਡੈਲੀਗੇਸ਼ਨ ਲੈ ਕੇ ਭਾਰਤ ਆ ਰਹੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਫਰਵਰੀ ਦੇ ਤੀਸਰੇ ਹਫ਼ਤੇ ਹੋਵੇਗੀ, ਪਰ ਚਰਚਾ ਇਸ ਲਈ ਹੋ ਰਹੀ ਹੈ ਕਿ ਉਹ ਇਸ ਦੌਰਾਨ ਪੰਜਾਬ ਆਉਣਗੇ। ਨਵੇਂ ਸਾਲ ਦੇ ਫਰਵਰੀ ਮਹੀਨੇ ਦੀ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਆਪਣੇ ਭਾਰਤ ਦੌਰੇ ਦੌਰਾਨ ਉਹ ਪੰਜਾਬ ਆਉਣਗੇ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ, ਪਰ ਸਭ ਦੀਆਂ ਨਜ਼ਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਕ ਗਈਆਂ ਹਨ। ਕਿਉਕਿ ਅੱਜ ਕੱਲ੍ਹ ਅਮਰਿੰਦਰ ਸਿੰਘ ਦਾ ਕੈਨੇਡਾ ਨਾਲ 36 ਦਾ ਅੰਕੜਾ ਚੱਲ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਕੈਪਟਨ ਸਰਕਾਰ ਗੁਲਦਸਤਿਆਂ ਨਾਲ ਜਸਟਿਨ ਟਰੂਡੋ ਵਫਦ ਦਾ ਸਵਾਗਤ ਕਰੇਗੀ ਜਾਂ ਅਮਰਿੰਦਰ ਸਿੰਘ ਦੇ ਅੜੀਅਲ ਰੁਖ ‘ਤੇ ਚਲਦਿਆਂ ਕੈਨੇਡਾ ਦੀ ਪੰਜਾਬ ਆਈ ਸਰਕਾਰ ਨੂੰ ਪਿੱਠ ਦਿਖਾਵੇਗੀ।
ਧਿਆਨ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਅਮਰਿੰਦਰ ਸਿੰਘ ਨੂੰ ਕੈਨੇਡਾ ‘ਚ ਚੋਣ ਰੈਲੀਆਂ ਨਹੀਂ ਕਰਨ ਦਿੱਤੀਆਂ ਗਈਆਂ ਸਨ। ਜਿਸਦਾ ਕਾਰਨ ਉਹ ਹਰਜੀਤ ਸੱਜਣ ਤੇ ਹੋਰ ਉੱਥੋ ਦੇ ਪੰਜਾਬੀ ਨੁਮਾਇੰਦਿਆਂ ਨੂੰ ਮੰਨਦੇ ਹਨ। ਇਸਦਾ ਰੋਸਾ ਅਮਰਿੰਦਰ ਸਿੰਘ ਜਿੱਥੇ ਹਰਜੀਤ ਸੱਜਣ ਹੁਰਾਂ ਖਿਲਾਫ ਬਿਆਨਬਾਜ਼ੀ ਕਰਕੇ ਕੱਢ ਚੁੱਕੇ ਹਨ। ਉੱਥੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਦੀ ਪੰਜਾਬ ਫੇਰੀ ਮੌਕੇ ਵੀ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਇਸ ਲਈ ਹੁਣ ਮੀਡੀਆ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਤੋਂ ਇਹ ਕਨਸੋਆਂ ਲੈ ਰਿਹਾ ਹੈ ਕਿ ਅਮਰਿੰਦਰ ਸਿੰਘ ਖੁਦ ਦਾ ਅੜੀਅਲ ਰਵਈਆ ਛੱਡ ਕੇ ਆਪਣੇ ਆਪ ਨੂੰ ਬਦਲਣਗੇ ਜਾਂ ਫਿਰ ਹਾਲੇ ਵੀ ਬਦਲੇ ਦੀ ਭਾਵਨਾ ਨਾਲ ਸਵਾਗਤ ਕਰਨ ਤੋਂ ਪਿੱਛੇ ਹੱਟ ਜਾਣਗੇ।
ਕਾਬਲੇਗੌਰ ਹੈ ਕਿ ਫਿਲਹਾਲ ਅਜਿਹਾ ਕੋਈ ਪ੍ਰੋਗਰਾਮ ਦੋਵਾਂ ਦੇਸ਼ਾਂ ਦੇ ਦਰਮਿਆਨ ਤੈਅ ਸ਼ਡਿਊਲ ‘ਚ ਨਹੀਂ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਵੇਗੀ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਮੁੱਢਲੀ ਕਤਾਰ ਦੇ ਅਫਸਰ ਇਹ ਰੂਪ ਰੇਖਾ ਬਣਾ ਰਹੇ ਹਨ ਕਿ ਇਨ੍ਹਾਂ ਆਗੂਆਂ ਵਿਚਾਲੇ ਮੁਲਾਕਾਤ ਸੰਭਵ ਹੋ ਸਕੇ ਤਾਂ ਜੋ ਪੰਜਾਬ ਵਿਸ਼ਵ ਭਰ ਦੇ ਮੀਡੀਆ ‘ਚ ਹਾਸੇ ਦਾ ਕਾਰਨ ਨਾ ਬਣੇ, ਕਿਉਂਕਿ ਜੇ ਪੰਜਾਬ ਦੇ ਮੁੱਖ ਮੰਤਰੀ ਲੰਡਨ ਦੇ ਮੇਅਰ ਨਾਲ ਮੁਲਾਕਾਤ ਕਰ ਸਕਦੇ ਹਨ, ਉਸਨੂੰ ਰਾਤਰੀ ਭੋਜ ‘ਤੇ ਸੱਦ ਸਕਦੇ ਹਨ ਤਾਂ ਚੰਗਾ ਹੋਵੇ ਜੇ ਉਹ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਵਫਦ ਦਾ ਵੀ ਗਰਮਜੋਸ਼ੀ ਦਾ ਸਵਾਗਤ ਕਰਨ ਇਸ ਨਾਲ ਪੰਜਾਬ ਤੇ ਕੈਨੇਡਾ ਦੇ ਰਿਸ਼ਤੇ ਹੋਰ ਗੁੜ੍ਹੇ ਹੋਣਗੇ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …