-0.2 C
Toronto
Monday, January 12, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਨੇ ਤਿੰਨ ਅਫਰੀਕੀ ਮੁਲਕਾਂ ਤੋਂ ਨਾਗਰਿਕਾਂ ਦੇ ਦਾਖ਼ਲੇ 'ਤੇ ਲਾਈ ਰੋਕ

ਕੈਨੇਡਾ ਨੇ ਤਿੰਨ ਅਫਰੀਕੀ ਮੁਲਕਾਂ ਤੋਂ ਨਾਗਰਿਕਾਂ ਦੇ ਦਾਖ਼ਲੇ ‘ਤੇ ਲਾਈ ਰੋਕ

ਓਮੀਕਰੋਨ ਨੇ ਫੈਲਾਈ ਦਹਿਸ਼ਤ, ਸਾਰੇ ਦੇਸ਼ ਫਿਕਰਮੰਦ
ਟੋਰਾਂਟੋ : ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਫਿਕਰਮੰਦ ਕੈਨੇਡਾ ਨੇ ਤਿੰਨ ਹੋਰ ਮੁਲਕਾਂ ਨਾਇਜੀਰੀਆ, ਮਲਾਵੀ ਤੇ ਮਿਸਰ ਦੇ ਨਾਗਰਿਕਾਂ ਦੇ ਦੇਸ਼ ਵਿੱਚ ਦਾਖ਼ਲੇ ‘ਤੇ ਰੋਕ ਲਾ ਦਿੱਤੀ ਹੈ। ਕੈਨੇਡਾ ਦੇ ਮੁੱਖ ਲੋਕ ਸਿਹਤ ਅਧਿਕਾਰੀ ਡਾ. ਥੈਰੇਸਾ ਟੈਮ ਨੇ ਕਿਹਾ ਕਿ ਕੈਨੇਡਾ ਵਿੱਚ ਹੁਣ ਤੱਕ ਮਿਲੇ ਓਮੀਕਰੋਨ ਦੇ ਸਾਰੇ ਕੇਸ ਨਾਇਜੀਰੀਆ ਤੋਂ ਆਏ ਹਨ, ਜਿੱਥੇ ਟੀਕਾਕਰਨ ਦੀ ਦਰ ਘੱਟ ਹੈ। ਓਟਵਾ ਦੱਖਣੀ ਅਫ਼ਰੀਕਾ ਨਾਲ ਸਬੰਧਤ ਸੱਤ ਮੁਲਕਾਂ ਦੇ ਵਿਦੇਸ਼ੀ ਨਾਗਰਿਕਾਂ ‘ਤੇ ਪਹਿਲਾਂ ਹੀ ਰੋਕ ਲਗਾ ਚੁੱਕਾ ਹੈ। ਸਿਹਤ ਮੰਤਰੀ ਜੀਨ-ਯੈੱਸ ਡਕਲੋਸ ਨੇ ਵੀ ਕਿਹਾ ਕਿ ਅਮਰੀਕਾ ਨੂੰ ਛੱਡ ਕੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦਾ ਹਵਾਈ ਅੱਡੇ ਉੱਤੇ ਹੀ ਕੋਵਿਡ-19 ਟੈਸਟ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਓਨਾ ਚਿਰ ਇਕਾਂਤਵਾਸ ‘ਚ ਰਹਿਣਾ ਪਏਗਾ, ਜਿੰਨਾ ਚਿਰ ਟੈਸਟ ਦਾ ਨਤੀਜਾ ਨਹੀਂ ਆ ਜਾਂਦਾ। ਉਨਟਾਰੀਓ ਸੂਬੇ ‘ਚ ਓਮੀਕਰੋਨ ਦਾ ਪਹਿਲਾ ਕੇਸ ਐਤਵਾਰ ਜਦੋਂਕਿ ਕਿਊਬਕ ‘ਚ ਸੋਮਵਾਰ ਨੂੰ ਰਿਪੋਰਟ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਨੇ ਵੀ ਕਰੋਨਾ ਵਾਇਰਸ ਦੇ ਇਸ ਨਵੇਂ ਸਰੂਪ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ।
ਭਾਰਤ ਵਿਚ ਵੀ ਪਹੁੰਚਿਆ ਓਮੀਕਰੋਨ
ਬੈਂਗਲੁਰੂ ‘ਚ ਦੋ ਵਿਦੇਸ਼ੀ ਵਿਅਕਤੀਆਂ ‘ਚ ਓਮੀਕਰੋਨ ਦੇ ਲੱਛਣ
ਨਵੀਂ ਦਿੱਲੀ : ਕਰੋਨਾ ਦਾ ਨਵਾਂ ਵੈਰੀਐਂਟ ਓਮੀਕਰੋਨ ਭਾਰਤ ਵਿਚ ਵੀ ਪਹੁੰਚ ਗਿਆ ਹੈ ਅਤੇ ਇਸਦੇ ਦੋ ਮਰੀਜ਼ ਬੈਂਗੂਲੁਰੂ ਵਿਚ ਮਿਲੇ ਹਨ। ਇਨ੍ਹਾਂ ਵਿਚੋਂ ਇਕ ਦੀ ਉਮਰ 46 ਸਾਲ ਅਤੇ ਦੂਜੇ ਦੀ ਉਮਰ 66 ਸਾਲ ਹੈ। ਜ਼ਿਕਰਯੋਗ ਹੈ ਇਹ ਦੋਵੇਂ ਵਿਅਕਤੀ ਵਿਦੇਸ਼ੀ ਹਨ। ਸਿਹਤ ਮੰਤਰਾਲੇ ਦੇ ਜਾਇੰਟ ਸੈਕਟਰੀ ਲਵ ਅਗਰਵਾਲ ਨੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਤੇਜ਼ੀ ਨਾਲ ਫੈਲਣ ਦਾ ਸ਼ੱਕ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਓਮੀਕਰੋਨ ਦੇ ਹੁਣ ਤੱਕ 29 ਦੇਸ਼ਾਂ ਵਿਚ ਕੇਸ ਮਿਲ ਚੁੱਕੇ ਹਨ। ਉਧਰ ਦੂਜੇ ਪਾਸੇ ਦੱਖਣੀ ਅਫਰੀਕਾ ਵਿਚ ਕਰੋਨਾ ਦੇ ਨਵੇਂ ਮਾਮਲੇ ਇਕ ਦਿਨ ਵਿਚ ਦੁੱਗਣੇ ਹੋ ਗਏ ਹਨ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੀ ਸਰਕਾਰ ‘ਤੇ ਦਬਾਅ ਵਧ ਗਿਆ ਹੈ ਕਿ ਉਹ ਬਿਨਾ ਵੈਕਸੀਨ ਵਾਲੇ ਲੋਕਾਂ ‘ਤੇ ਰੋਕ ਲਗਾਏ, ਤਾਂ ਕਿ ਤੈਅ ਸੰਖਿਆ ਤੋਂ ਜ਼ਿਆਦਾ ਐਨਵੈਕਸੀਨੇਟਿਡ ਵਿਅਕਤੀ ਇਕ ਜਗ੍ਹਾ ‘ਤੇ ਇਕੱਠੇ ਨਾ ਹੋ ਸਕਣ। ਇਸੇ ਦੌਰਾਨ ਨਵੇਂ ਵੈਰੀਐਂਟ ਦਾ ਅਮਰੀਕਾ ਵਿਚ ਵੀ ਪਹਿਲਾ ਮਾਮਲਾ ਕੈਲੀਫੋਰਨੀਆ ‘ਚ ਸਾਹਮਣੇ ਆਇਆ ਹੈ, ਜਿਸ ਦੀ ਪੁਸ਼ਟੀ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਰ ਦਿੱਤੀ ਹੈ।

 

RELATED ARTICLES
POPULAR POSTS