ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਸਿਆਸੀ ਤੌਰ ‘ਤੇ ਭਾਜਪਾ ਦੀ ਹਮਾਇਤ ਵਿਚ ਨਿੱਤਰ ਆਏ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਲਈ ਪ੍ਰਚਾਰ ਕਰਨਗੇ ਜਿਥੇ ਸਿੱਖ ਵਸੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਲਈ ਪੰਜਾਬ ਚੋਣਾਂ ਵਿਚ ਚੋਣ ਪ੍ਰਚਾਰ ਕਰਨ। ਅਮਰਿੰਦਰ ਨੇ ਕਿਹਾ ਕਿ ਉਹ ਆਪਣੀ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਹੋਣ ਦੀ ਉਡੀਕ ਕਰ ਰਹੇ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਹੁਣ ਅਗਲਾ ਨਿਸ਼ਾਨਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬਣਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਨਵੇਂ ਖੇਤੀ ਕਾਨੂੰਨ ਬਣਾਏ ਗਏ ਸਨ, ਉਹ ਕਿਸਾਨਾਂ ਦੇ ਹਿੱਤ ਵਿਚ ਨਹੀਂ ਸਨ, ਹੁਣ ਉਹ ਕਾਨੂੰਨ ਵਾਪਸੀ ਤੋਂ ਖੁਸ਼ ਹਨ। ਚੇਤੇ ਰਹੇ ਕਿ ਅਮਰਿੰਦਰ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਜਦੋਂ ਖੇਤੀ ਕਾਨੂੰਨਾਂ ਦਾ ਮਸਲਾ ਨਿਬੜ ਗਿਆ ਤਾਂ ਉਸ ਮਗਰੋਂ ਉਹ ਪੰਜਾਬ ਵਿਚ ਭਾਜਪਾ ਨਾਲ ਗੱਠਜੋੜ ਕਰ ਸਕਦੇ ਹਨ। ਸਿਆਸੀ ਮਾਹਿਰ ਆਖਦੇ ਹਨ ਕਿ ਅਗਲੀਆਂ ਪੰਜਾਬ ਚੋਣਾਂ ਵਿਚ ਇਹ ਗੱਠਜੋੜ ਸੰਭਵ ਹੈ। ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਪਟਿਆਲਾ ਵਿਚ ਆਪਣੇ ਕਰੀਬੀ ਮੇਅਰ ਦਾ ਅਹੁਦਾ ਵੀ ਨਹੀਂ ਬਚਾ ਸਕੇ। ਬਹੁਮਤ ਸਾਬਤ ਨਾ ਹੋਣ ਕਾਰਨ ਮੇਅਰ ਸੰਜੀਵ ਬਿੱਟੂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਯੋਗਿੰਦਰ ਸਿੰਘ ਯੋਗੀ ਨੂੰ ਐਕਟਿੰਗ ਮੇਅਰ ਬਣਾ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਲਈ ਇਹ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।