6 ਗੋਲਡ ਮੈਡਲ ਜਿੱਤਣ ਵਾਲੇ ਕਿਸਾਨ ਨੇ ਪਿਛਲੇ 50 ਸਾਲਾਂ ‘ਚ ਨਹੀਂ ਖਾਧੀ ਕੋਈ ਦਵਾਈ
ਫਿਰੋਜ਼ਪੁਰ/ਬਿਊਰੋ ਨਿਊਜ਼ : ਜਗਤਾਰ ਸਿੰਘ 98 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਪਰ ਇਸ ਉਮਰ ਵਿਚ ਵੀ ਉਹ ਦੌੜ ਲਗਾ ਕੇ ਲੋਕਾਂ ਲਈ ਪ੍ਰੇਰਨਾ ਦੇ ਸਰੋਤ ਬਣੇ ਹੋਏ ਹਨ। ਜਗਤਾਰ ਸਿੰਘ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਜਗਤਾਰ ਸਿੰਘ ਹੋਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਪਿਛਲੇ 50 ਸਾਲਾਂ ਵਿਚ ਕੋਈ ਵੀ ਦਵਾਈ ਲੈਣ ਦੀ ਜ਼ਰੂਰਤ ਇਸ ਲਈ ਨਹੀਂ ਪਈ, ਕਿਉਂਕਿ ਉਹ ਲਗਾਤਾਰ ਅਭਿਆਸ ਕਰਦੇ ਹਨ। ਜਗਤਾਰ ਸਿੰਘ ਦੌੜ ਲਗਾਉਂਦੇ-ਲਗਾਉਂਦੇ ਬੁਢਾਪੇ ਵਿਚ ਵੀ ਚੰਗੀ ਪਛਾਣ ਬਣਾ ਗਏ ਹਨ।
ਉਨ੍ਹਾਂ ਰਾਸ਼ਟਰੀ ਪੱਧਰ ‘ਤੇ ਵੈਟਰਨ ਐਥਲੈਟਿਕਸ ਮੁਕਾਬਲਿਆਂ ‘ਚ 6 ਗੋਲਡ ਮੈਡਲ ਵੀ ਜਿੱਤੇ ਹਨ। ਹੁਣ ਜਗਤਾਰ ਸਿੰਘ ਦੀ ਇੱਛਾ ਹੈ ਕਿ ਉਹ ਆਪਣੇ 100ਵੇਂ ਜਨਮ ਦਿਨ ਨੂੰ ਵੀ ਦੌੜ ਲਗਾ ਕੇ ਹੀ ਮਨਾਉਣ। 26 ਫਰਵਰੀ 1923 ਨੂੰ ਲਾਹੌਰ ਵਿਚ ਜਨਮੇ ਜਗਤਾਰ ਸਿੰਘ ਭਾਰਤ-ਪਾਕਿ ਵੰਡ ਤੋਂ ਬਾਅਦ ਫਿਰੋਜ਼ਪੁਰ ਦੇ ਪਿੰਡ ਸਿਆਲ ਵਿਚ ਆ ਵਸੇ। ਜਦ 1979 ਵਿਚ ਉਨ੍ਹਾਂ ਨੇ ਖੇਤੀ ਦਾ ਕੰਮ ਛੱਡਿਆ ਤਾਂ ਅਭਿਆਸ ਕਰਨ ਬਾਰੇ ਸੋਚਿਆ ਅਤੇ ਖੇਤਾਂ ਵਿਚ ਹੀ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਹੁਣ ਤੱਕ ਉਹ ਸਵੇਰੇ-ਸ਼ਾਮ ਰੋਜ਼ ਦੌੜ ਲਗਾ ਰਹੇ ਹਨ। ਜਗਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਆਪਣੀ ਸਰੀਰਕ ਜਾਂਚ ਡਾਕਟਰਾਂ ਕੋਲੋਂ ਕਰਵਾ ਰਹੇ ਹਨ ਅਤੇ ਹਰ ਪ੍ਰਕਾਰ ਦੀ ਜਾਂਚ ਵਿਚ ਫਿੱਟ ਹੀ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਭਿਆਸ ਲੰਬੀ ਉਮਰ ਅਤੇ ਨਿਰੋਗ ਰਹਿਣ ਦਾ ਸਭ ਤੋਂ ਵੱਡਾ ਸਾਧਨ ਹੈ।
98 ਸਾਲ ਦੀ ਉਮਰ ਪਾਰ ਕਰ ਚੁੱਕੇ ਜਗਤਾਰ ਸਿੰਘ ਹੁਣ ਆਪਣੇ 100ਵੇਂ ਜਨਮ ਦਿਨ ਨੂੰ ਇਸੇ ਤਰ੍ਹਾਂ ਐਕਟਿਵ ਰਹਿੰਦੇ ਹੋਏ ਮਨਾਉਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਤਾਂ ਦੋ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ, ਮੇਰੇ ਜਨਮ ਦਿਨ ਨੂੰ ਤਾਂ ਮੈਂ ਆਪਣੇ ਆਪ ਨੂੰ ਦੌੜ ਲਗਾ ਕੇ ਫਿੱਟ ਰੱਖਣ ਲਈ ਤਿਆਰ ਹਾਂ।
2010 ਤੋਂ ਬਾਅਦ ਉਨ੍ਹਾਂ ਨੇ ਵੈਟਰਨ ਅਥਲੈਟਿਕਸ ਮੁਕਾਬਲਿਆਂ ਵਿਚ ਸੂਬੇ ਦੀ ਪ੍ਰਤੀਨਿਧਤਾ ਕਰਦੇ ਹੋਏ 6 ਗੋਲਡ ਮੈਡਲ ਵੀ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮੈਡਲ 90 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਹੀ ਜਿੱਤੇ ਹਨ। ਜਗਤਾਰ ਸਿੰਘ ਨੇ ਦੱਸਿਆ ਕਿ ਕਰੋਨਾ ਕਾਲ ਵਿਚ ਤਾਂ ਸਰੀਰਕ ਅਭਿਆਸ ਦਾ ਮਹੱਤਵ ਹੋਰ ਵਧ ਗਿਆ ਹੈ। ਇਸ ਲਈ ਸਾਰਿਆਂ ਨੂੰ ਸਵੇਰੇ-ਸ਼ਾਮ ਆਪਣੇ ਕੰਮਕਾਜ ਵਿਚੋਂ ਸਮਾਂ ਕੱਢ ਕੇ ਅਭਿਆਸ ਜ਼ਰੂਰ ਕਰਨਾ ਚਾਹੀਦਾ ਹੈ।
ਹਰ ਰੋਜ਼ ਕਰੋ ਅਭਿਆਸ
ਜਗਤਾਰ ਸਿੰਘ ਨੇ ਲੋਕਾਂ ਨੂੰ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਅਭਿਆਸ ਕਰਨਾ ਚਾਹੀਦਾ ਹੈ। ਜਗਤਾਰ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬਾਰੇ ਵੀ ਪ੍ਰੇਰਿਤ ਕਰਨਾ ਕੀਤਾ ਜਾਣਾ ਚਾਹੀਦਾ ਤਾਂ ਕਿ ਉਹ ਵੀ ਆਪਣੇ ਜੀਵਨ ਨੂੰ ਸਿਹਤਮੰਦ ਤਰੀਕੇ ਨਾਲ ਬਿਤਾ ਸਕਣ।