Breaking News
Home / ਰੈਗੂਲਰ ਕਾਲਮ / ਸੁਪਨੇ ਤੇ ਸੱਚ

ਸੁਪਨੇ ਤੇ ਸੱਚ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਚਾਲੀ ਸਾਲ ਨੂੰ ਉਮਰ ਢੁੱਕਣ ਤੋਂ ਬਾਅਦ ਮੈਨੂੰ ਨੀਂਦ ਤੋਂ ਭੈਅ ਆਉਣ ਲੱਗ ਪਿਆ। ਹੁਣ ਸੌਣ ਲੱਗਾ ਹਾਂ, ਮੁੜ ਉਠਾਂਗਾ ਕਿ ਨਹੀਂ? ਇਹੋ-ਜਿਹੇ ਸਵਾਲ ਤੇ ਖ਼ਿਆਲ ਮੈਨੂੰ ਸੌਣ ਵੇਲੇ ਅਕਸਰ ਹੀ ਪਰੇਸ਼ਾਨ ਕਰਨ ਲੱਗਦੇ। ਕਈ ਵਾਰ ਅੱਧ-ਨੀਂਦੇ ਪਏ ਹੋਏ ਨੂੰ ਵੀ ਇਉਂ ਲੱਗਦਾ ਕਿ ਹੁਣ ਜਿਵੇਂ ਸਦਾ ਦੀ ਨੀਂਦਰ ਸੌਂ ਗਿਆਂ, ਕਦੇ ਨਹੀਂ ਉੱਠਣਾ ਹੁਣ। ਨਿੱਕੇ-ਨਿੱਕੇ ਟੁੱਕੜਿਆਂ ਵਾਂਗ ਜਿਹੜੇ ਸੁਪਨੇ ਆਉਂਦੇ ਨੇ, ਉਹ ਤਾਂ ਕਿਸੇ ਅਜੀਬ ਜਗਤ ਦੀ ਬਾਤ ਪਾਉਣ ਵਾਲੇ ਨੇ!
ਕਦੀ ਨਹਿਰ ਵਗ ਰਹੀ ਹੈ। ਉਸਦੇ ਕਿਨਾਰੇ-ਕਿਨਾਰੇ ਭੱਜਦਾ ਜਾ ਰਿਹਾਂ। ਕਿਨਾਰਾ ਖੁਰਦਾ-ਖੁਰਦਾ ਹੇਠਾਂ ਨੂੰ ਬਹਿੰਦਾ ਜਾਂਦੈ, ਫਿਰ ਆਪਣੇ ਆਪ ਨੂੰ ਉੱਪਰ ਉੱਠਦਾ-ਉੱਠਦਾ ਉੱਪਰ ਨੂੰ ਹੀ ਉੱਠੀ ਜਾਂਦਾ ਹੈ। ਨਹਿਰ ਵਿੱਚ ਡਿੱਗਣੋਂ ਬਚ ਜਾਂਦਾ ਹਾਂ। ਜਦ ਅੱਖ ਖੁੱਲ੍ਹਦੀ ਹੈ, ਤਾਂ ਪਤਾ ਲੱਗਦੈ ਕਿ ਏਹ ਤਾਂ ਸੁਪਨਾ ਹੀ ਸੀ। ਰੱਬ ਦਾ ਸੌ-ਸੌ ਵਾਰ ਸ਼ੁਕਰਾਨਾ! ਕਦੀ ਕਿਸੇ ਸਮੁੰਦਰ ਦੇ ਕੰਢੇ-ਕੰਢੇ ਭੱਜਦਾ ਜਾ ਰਿਹਾਂ। ਸਮੁੰਦਰ ਉੱਤੋਂ ਜਹਾਜ਼ਾਂ ਦੀਆਂ ਡਾਰਾਂ ਉਡਦੀਆਂ ਜਾ ਰਹੀਆਂ। ਦੂਰੋਂ ਸਮੁੰਦਰ ਵਿੱਚੋਂ ਉੱਠਦੀ ਆ ਰਹੀ ਪਾਣੀ ਦੀ ਛੱਲ ਹਾਕਾਂ ਮਾਰ ਰਹੀ ਹੈ, ”ਰੁਕੀ ਜ਼ਰਾ, ਰੁਕੀਂ… ਮੈਂ ਏਨੀ ਦੂਰੋਂ ਤੈਨੂੰ ਮਿਲਣ ਆਈ ਆਂ… ਤੇ ਤੂੰ ਭੱਜ ਰਿਹੈਂ।”
ਛੱਲ ਨੂੰ ਦੇਖ ਮੈਂ ਅਗਲਵਾਂਢੀ ਭੱਜਣ ਲੱਗਦਾਂ। ਪਾਣੀ ਪੀਤੀ ਧਰਤੀ ਵਿੱਚ ਪੈਰ ਖੁੱਭਣ ਲੱਗਦੇ ਨੇ। ਪਿੱਛੇ ਭਉਂਕੇ ਦੇਖਦਾ ਹਾਂ, ਛੱਲ ਭੱਜੀ ਆ ਰਹੀ ਹੈ। ਚੀਕ ਨਿਕਲੀ… ਮਾਂ ਕਹਿੰਦੀ ਹੈ, ”ਵੇ ਪੁੱਤ, ਕੀ ਹੋਇਐ? ਵਾਖਰੂ-ਵਾਖਰੂ ਕਰ, ਘੁੱਟ ਪਾਣੀ ਦੀ ਭਰ ਲੈ…।” ਸਿਰਹਾਂਦੀ ਪਈ ਪਾਣੀ ਦੀ ਗੜਬੀ ਵਿੱਚੋਂ ਪਾਣੀ ਦੀਆਂ ਦੋ ਘੁੱਟਾਂ ਭਰਦਾਂ। ਲੰਮਾ ਹਉਕਾ ਖਿੱਚ੍ਹਦਾਂ… ਹੇ ਮੇਰਿਆ ਰੱਬਾ, ਏਹ ਤਾਂ ਸੁਪਨਾ ਈ ਸੀ। ਮਾਂ ਸਿਰ ਪਲੋਸ ਕੇ ਤੇ ਹਾਲ-ਚਾਲ ਪੁੱਛ ਕੇ ਫਿਰ ਆਪਣੇ ਮੰਜੇ ਉੱਤੇ ਜਾ ਪੈਂਦੀ ਹੈ। ਕਿਹੋ-ਜਿਹੇ ਦਿਨ ਨੇ, ਬੋਝਲ ਤੇ ਬੋਰੀਅਤ ਲੱਦੇ… ਉਦਾਸ…। ਕਿਹੋ ਜਿਹੀਆਂ ਰਾਤਾਂ ਨੇ ਭੈਅ-ਭਰੀਆਂ। ਗੀਤ ਰੁੱਸੇ ਹੋਏ ਨੇ। ਸਾਜ਼ ਸੁੱਤੇ ਹੋਏ ਨੇ। ਮੇਰੀਆਂ ਮੈਂ ਜਾਣਾ, ਤੇਰੀਆਂ ਤੂੰ ਜਾਣੇ!
ਮੈਂ ਆਲਸੀ ਬੰਦਾਂ…!
ਮੇਰੀ ਨੀਂਦ ਸਹੀ ਵਕਤ ‘ਤੇ ਖੁੱਲ੍ਹੀ।
ਪਤਾ ਨਹੀਂ ਕਿਉਂ, ਅੱਜ ਗੁਰਦਵਾਰਿਓਂ ਭਾਈ ਜੀ ਨਹੀਂ ਬੋਲਿਆ। ਮੈਂ ਰੋਜ਼ਾਨਾ ਵਾਂਗ ਭਾਈ ਜੀ ਦੇ ਬੋਲਣ ਤੋਂ ਪਹਿਲਾਂ, ਸਪੀਕਰ ਦੇ ਮਾਈਕ ਵਿੱਚੋਂ ઑਠੁਕ-ਠੁਕ-ਠੁਕ ਦੀ ਅਵਾਜ਼ ਉਡੀਕ ਰਿਹਾ ਹਾਂ। ਇਸ ઑਠੁਕ-ਠੁਕ ਦਾ ਮਤਲਬ ਹੈ-ਭਾਈ ਜੀ ਬੋਲਣ ਤੋਂ ਪਹਿਲਾਂ ਤਿੰਨ ਵਾਰੀ ਆਪਣੀ ਉਂਗਲੀ ਮਾਈਕ ਉੱਤੇ ਮਾਰਦਾ ਹੈ ਤੇ ਜਾਇਜ਼ਾ ਲੈਂਦਾ ਹੈ ਕਿ ਮਾਈਕ ਠੀਕ ਚੱਲ ਰਿਹੈ ਜਾਂ ਨਹੀਂ! ਜਿਊਂਦੇ-ਜਾਗਦੇ ਮਾਈਕ ਵਿੱਚੋਂ ਦੀ ਉਹ ਬੋਲਦਾ ਹੈ, ”ਹੇ ਗੁਰੂ ਕੀ ਪਿਆਰੀ ਤੇ ਸਾਜ਼ੀ-ਨਿਵਾਜੀ ਸੰਗਤੇ, ਉਠੋ ਭਾਈ, ਉਠੋ, ਅੰਮ੍ਰਿਤ ਵੇਲਾ ਹੋ ਗਿਐ, ਉੱਠ ਕੇ ਇਸ਼ਨਾਨ ਕਰੋ, ਗੁਰੂ ਘਰ ਹਾਜ਼ਰੀਆਂ ਭਰੋ, ਨਾਮ ਜਪੋ ਤੇ ਭੁੱਲਾਂ ਬਖ਼ਸ਼ਾਓ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਦਾ ਆਨੰਦ ਮਾਣੋ।” ਹਰ ਰੋਜ਼ ਇਹ ਸਾਰਾ ਕੁੱਝ ਬੜੇ ਧਿਆਨ ਨਾਲ਼ ਸੁਣਦਾ ਹਾਂ, ਪਰ ਮੈਂ ਉੱਠਦਾ ਕਦੇ ਨਹੀਂ। ਉੱਠਿਆ ਜਾਂਦਾ ਹੀ ਨਹੀਂ। ਸਿਆਲਾਂ ਦੇ ਦਿਨੀਂ ਤਾਂ ਬਿਲਕੁਲ ਹੀ ਨਹੀਂ। ਆਲਸ ਗੋਡੇ-ਗੋਡੇ। ਪਿਆ-ਪਿਆ ਹੀ ਸੋਚੀ ਜਾਂਦਾ ਹਾਂ ਕਿ ਮੇਰੇ ਨਗਰ (ਪਿੰਡ) ਦੇ ਕਿੰਨੇ ਕੁ ਵਾਸੀ ਅਜਿਹੇ ਹੋਣਗੇ, ਜੋ ਹੁਣੇ ਭਾਈ ਜੀ ਦੇ ਕਹੇ ‘ਤੇ ਉਠਣਗੇ ਤੇ ਗੁਰੂ ਘਰ ਜਾ ਕੇ ਭੁੱਲਾਂ ਬਖ਼ਸ਼ਾਉਣਗੇ? ਰਜਾਈ ਵਿੱਚ ਲੇਟਿਆ ਪਿੰਡ ਦੀ ਪੱਤੀ-ਦਰ-ਪੱਤੀ ਭੁੱਲਾਂ ਬਖ਼ਸ਼ਵਾਣਿਆਂ ਨੂੰ ਗਿਣਨ ਲੱਗਦਾ ਹਾਂ। ਭੁੱਲਾਂ ਬਖ਼ਸ਼ਾਵਣੇ ਗਿਣੇ ਨਹੀਂ ਜਾਂਦੇ ਮੈਥੋਂ। ਅਜਿਹੇ ਬੰਦੇ ਹੈ ਨਹੀਂ, ਜਾਂ ਫਿਰ ਮੇਰੀਆਂ ਅੱਖਾਂ ਅੰਨ੍ਹੀਆਂ ਨੇ? ਸਵਾਲ ਕਰਦਾ ਹਾਂ ਆਪਣੇ ਆਪ ਨੂੰ! ਕੁੱਝ-ਕੁੱਝ ਟਾਂਵੇਂ-ਟਾਂਵੇਂ ਬੰਦੇ, ਜੋ ਮੈਂ ਆਪ ਨਹੀਂ ਤੱਕੇ, ਪਰ ਮੇਰੀ ਗਲੀ ਦੇ ਲੋਕ ਦੱਸਦੇ ਨੇ ਕਿ ਉਹ ਰੋਜ਼ਾਨਾ ਗੁਰੂ-ਘਰ ਜਾਂਦੇ ਨੇ, ਹਾਜ਼ਰੀਆਂ ਭਰਦੇ ਨੇ, ਪਰ ઑਖ਼ੁਸ਼ੀਆਂ’ ਪ੍ਰਾਪਤ ਫਿਰ ਵੀ ਨਹੀਂ ਹੋ ਰਹੀਆਂ! ਉਨ੍ਹਾਂ ਦੱਸੇ ਗਏ ਬੰਦਿਆਂ ਬਾਰੇ ਮੈਂ ਸੋਚੀ ਜਾ ਰਿਹਾਂ। ਅਧ-ਉਣੀਂਦੇ ਜਿਹੇ ਹਾਸਾ ਨਿਕਲੂੰ-ਨਿਕਲੂੰ ਕਰਦੈ। ਉਦਾਸ ਹੋਣ ਨੂੰ ਵੀ ਦਿਲ ਕਰਦੈ, ਪਰ ਅੰਮ੍ਰਿਤ ਵੇਲਾ ਹੈ, ਮਨ ਤਰੋ-ਤਾਜ਼ਾ ਹੈ… ਉਦਾਸੀ ਵੱਲ ਚਾਹ ਕੇ ਵੀ ਨਹੀਂ ਜਾ ਰਿਹਾ ਦਿਲ। ਸੋਚਦਾ ਹਾਂ ਕਿ ਹੇ ਮੇਰੇ ਮਾਲਕਾ-ਈਸ਼ਵਰ ਮੇਰੇ! ਇਹ (ਬੰਦੇ) ਤੇਰੇ ਕੋਲ਼ ਆਣ ਕੇ ਕਿਸ ਗ਼ਲਤੀ ਦੀ ਖ਼ਿਮਾ-ਯਾਚਨਾ ਕਰਦੇ ਨੇ? ਮੇਰੇ ਮਾਲਕਾ! ਕੀ ਤੂੰ ਇਨ੍ਹਾਂ ਦੀਆਂ ઑਕੀਤੀਆਂ’ ਬਦੀਆਂ ਬਦਲੇ ਇਨ੍ਹਾਂ ਨੂੰ ਮਾਫ਼ ਵੀ ਕਰੇਂਗਾ? ਸਵਾਲ ‘ਤੇ ਸਵਾਲ ਨੇ, ਮੈਨੂੰ… ਮੈਂ… ਆਪੇ… ਆਪਣੇ ਆਪ ਨੂੰ ਕਰੀ ਜਾ ਰਿਹਾਂ! ਸਵਾਲ ਲੜ-ਲੜ ਕੇ ਆਪੇ ਇਹਦਾ ਜੁਆਬ ਢੂੰਡਦੇ ਨੇ। ਅੱਖਾਂ ਮੀਟੀ, ਪਾਸਾ ਪਲਟ ਕੇ ਹਾਲੇ ਹੋਰ ਨੀਂਦ ਲੈਣ ਦੇ ਆਹਰ ਵਿੱਚ ਹਾਂ! ਮੈਂ ਆਲਸੀ ਬੰਦਾ … ।
ੲ ੲ ੲ ੲ ੲ

Check Also

ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ…

ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਪੁਸਤਕ ਦਾ ਨਾਮ : ਸਫ਼ਰਨਾਮਾ-ਏ-ਪਾਕਿਸਤਾਨ ਅਤੇ …