ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ ਰੂਬੀ ਸਹੋਤਾ ਬਣੇ ਰਾਜ ਮੰਤਰੀ, ਲੀਨਾ ਮੈਟਲਿਜ਼ ਡਿਆਬ ਨਵੇਂ ਇਮੀਗਰੇਸ਼ਨ ਮੰਤਰੀ ਬਣਾਏ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਲੰਘੇ ਮਹੀਨੇ 28 ਅਪ੍ਰੈਲ ਨੂੰ ਹੋਈ ਸੰਸਦੀ ਚੋਣ ਤੋਂ ਬਾਅਦ ਲਿਬਰਲ ਪਾਰਟੀ ਨੂੰ ਲਗਾਤਾਰ ਚੌਥੀ ਵਾਰੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਇਸੇ ਦੌਰਾਨ ਪਾਰਟੀ ਆਗੂ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਮਾਰਕ ਕਾਰਨੀ ਦੀ ਅਗਵਾਈ ਵਿਚ ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ 343 ਵਿਚੋਂ 170 ਸੀਟਾਂ ਲਿਬਰਲ ਪਾਰਟੀ ਨੇ ਜਿੱਤੀਆਂ ਹਨ, ਪਰ ਸਦਨ ਵਿਚ ਅਸਾਨ ਬਹੁਮਤ ਲਈ 172 ਸੀਟਾਂ ਜ਼ਰੂਰੀ ਹਨ। ਇਸੇ ਦੌਰਾਨ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੀ ਅਗਵਾਈ ਵਿਚ ਰਿਡੋ ਹਾਲ ਅੰਦਰ ਮਾਰਕ ਕਾਰਨੀ ਦੇ ਮੰਤਰੀ ਮੰਡਲ ਲਈ ਸਹੁੰ ਚੁੱਕ ਸਮਾਗਮ ਹੋਇਆ।
ਗਵਰਨਰ ਸਾਈਮਨ ਤੇ ਕਾਰਨੀ ਦੀ ਮੌਜੂਦਗੀ ਵਿਚ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ, ਜਿਨ੍ਹਾਂ ਵਿਚ ਓਕਵਿੱਲ ਤੋਂ ਭਾਰਤੀ ਭਾਈਚਾਰੇ ਦੀ ਚਰਚਿਤ ਸੰਸਦ ਮੈਂਬਰ ਅਨੀਤਾ ਇੰਦਰਾ ਆਨੰਦ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਲੀਨਾ ਮੈਟਲਿਜ਼ ਡਿਆਬ ਕੈਨੇਡਾ ਦੇ ਨਵੇਂ ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਬਣੇ ਹਨ। ਮੈਂਡੀ ਗੁਲ ਮੈਸਟੀ ਨੂੰ ਆਦੀਵਾਸੀ ਸੇਵਾਵਾਂ ਦਾ ਮੰਤਰਾਲਾ ਦਿੱਤਾ ਗਿਆ ਹੈ। ਸ਼ਾਨ ਫਰੇਜ਼ਰ (ਸਾਬਕਾ ਇੰਮੀਗਰੇਸ਼ਨ ਮੰਤਰੀ) ਹੁਣ ਦੇਸ਼ ਦੇ ਨਿਆਂ ਤੇ ਕਾਨੂੂੰਨ ਮੰਤਰੀ ਤੇ ਡੇਵਿਡ ਜੋਸਫ ਮਗਿੰਟੀ ਕੈਨੇਡਾ ਦੇ ਰੱਖਿਆ ਮੰਤਰੀ ਬਣੇ ਹਨ। ਸਟੀਵਨ ਗਿਲਬੋਲਟ ਨੂੰ ਕੈਨੇਡੀਅਨ ਪਛਾਣ, ਸਭਿਆਚਾਰ ਤੇ ਸਰਕਾਰੀ ਭਾਸ਼ਾਵਾਂ ਦਾ ਮੰਤਰੀ ਬਣਾਇਆ ਗਿਆ ਹੈ। ਕ੍ਰਿਸਟੀਆ ਫਰੀਲੈਂਡ (ਸਾਬਕਾ ਉਪ ਪ੍ਰਧਾਨ ਮੰਤਰੀ) ਆਵਾਜਾਈ ਮੰਤਰੀ ਬਣੇ ਹਨ। ਸਟੀਵਨ ਮੈਕਿਨਨ ਸਦਨ ਵਿਚ ਸਰਕਾਰ ਦੇ ਆਗੂ ਬਣੇ ਹਨ। ਸ੍ਰੀ ਲੰਕਾ ਤੋਂ ਤਾਮਿਲ ਭਾਈਚਾਰੇ ਨਾਲ ਸਬੰਧਿਤ ਸਕਾਰਬਰੋ ਦੇ ਸੰਸਦ ਮੈਂਬਰ ਗੈਰੀ ਆਨੰਦਾਸਾਂਗਰੀ ਦੇਸ਼ ਦੇ ਜਨਤਕ ਸੁਰੱਖਿਆ ਮੰਤਰੀ ਤੇ ਜੂਲੀ ਡਬਰੂਸਿਨ ਵਾਤਾਵਰਣ ਮੰਤਰੀ ਬਣੇ ਹਨ।
ਵੈਨਕੂਵਰ ਤੋਂ ਗਰੇਗੋਰ ਰੌਬਰਟਸਨ ਨੂੰ ਬੁਨਿਆਦੀ ਸਹੂਲਤਾਂ ਦੇ ਮੰਤਰੀ ਤੇ ਕਿਊਬਿਕ ‘ਚ ਜਸਟਿਨ ਟਰੂਡੋ ਵਲੋਂ ਖਾਲੀ ਗਈ ਸੰਸਦੀ ਸੀਟ, ਪਾਪੀਨੋ ਤੋਂ ਨਵੀਂ ਸੰਸਦ ਮੈਂਬਰ ਬਣੀ ਮਾਰਜੋਰੀ ਮਿਸ਼ੇਲ ਦੇਸ਼ ਦੇ ਸਿਹਤ ਮੰਤਰੀ ਬਣੇ ਹਨ। ਜਿਲ ਮੈਕਨਾਈਟ ਨੂੰ ਸਾਬਕਾ ਫੌਜੀਆਂ ਤੇ ਰੱਖਿਆ ਮਾਮਲਿਆਂ ਦੇ ਰਾਜ ਮੰਤਰੀ ਬਣਾਇਆ ਗਿਆ ਹੈ। ਹੀਥ ਮੈਕਡੋਨਾਲਡ ਕੈਨੇਡਾ ਦੇ ਨਵੇਂ ਖੇਤੀ, ਖੇਤੀ-ਖੁਰਾਕ ਮੰਤਰੀ ਬਣੇ ਹਨ। ਮਾਰਖਮ ਤੋਂ ਟਿਮ ਹੌਡਗਸਨ ਊਰਜਾ ਤੇ ਕੁਦਰਤੀ ਸਾਧਨਾਂ ਦੇ ਮੰਤਰੀ ਬਣੇ ਹਨ। ਮਨਿੰਦਰ ਸਿੱਧੂ ਨੂੰ ਕੈਨੇਡਾ ਦੇ ਇੰਟਰਨੈੵਨਲ ਟਰੇਡ ਮੰਤਰੀ ਬਣਾਇਆ ਗਿਆ ਹੈ। ਬਰੈਂਪਟਨ-ਚਿੰਗੂਜੀ ਤੋਂ ਪਾਕਿਸਤਾਨੀ ਪੰਜਾਬ ਮੂਲ ਦੇ ਸੰਸਦ ਮੈਂਬਰ ਸ਼ਫਕਤ ਅਲੀ ਕੈਨੇਡਾ ਦੇ ਖਜ਼ਾਨਾ ਬੋਰਡ ਦੇ ਮੁਖੀ ਭਾਵ ਟਰੈਜਰੀ ਬੋਰਡ ਦੇ ਪ੍ਰੈਜੀਡੈਂਟ ਬਣੇ ਹਨ। ਟੋਰਾਂਟੋ ਤੋਂ ਟੈਲੀਵਿਜ਼ਨ ਦੇ ਨਾਮਵਰ ਹਸਤੀ ਏਵਨ ਸੋਲੋਮਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਦੱਖਣੀ ਉਨਟਾਰੀਓ ਲਈ ਕੇਂਦਰੀ ਆਰਥਿਕ ਵਿਕਾਸ ਏਜੰਸੀ ਦੇ ਮੰਤਰੀ ਬਣਾਇਆ ਗਿਆ ਹੈ।
ਬਰੈਂਪਟਨ ਉਤਰੀ-ਕੈਲੇਡਨ ਹਲਕੇ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੂੰ ਜੁਰਮ ਨਾਲ ਸਿੱਝਣ ਲਈ ਰਾਜ ਮੰਤਰੀ ਬਣਾਇਆ ਗਿਆ ਹੈ। ਸਸਕੈਚਵਾਨ ਤੋਂ ਬਕਲੀ ਬੇਲਾਂਜਰ ਨੂੰ ਪੇਂਡੂ ਵਿਕਾਸ ਦੇ ਰਾਜ ਮੰਤਰੀ ਬਣਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਤੋਂ ਸਟੇਫਾਨੀ ਮੈਕਲੇਨ ਨੂੰ ਸੀਨੀਅਰ (ਬਜ਼ੁਰਗਾਂ) ਲਈ ਰਾਜ ਮੰਤਰੀ ਬਣਾਇਆ ਗਿਆ ਹੈ। ਵੇਅਨ ਲਾਂਗ ਨੂੰ ਕਰ ਤੇ ਵਿੱਤੀ ਅਦਾਰਿਆਂ ਦੇ ਰਾਜ ਮੰਤਰੀ ਬਣਾਇਆ ਗਿਆ ਹੈ। ਸਰੀ ਸੈਂਟਰ ਤੋਂ 2015 ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਅੰਤਰਰਾਸ਼ਟਰੀ ਵਿਕਾਸ ਦੇ ਰਾਜ ਮੰਤਰੀ ਬਣਾਇਆ ਗਿਆ ਹੈ। ਮਾਰਕ ਕਾਰਨੀ ਦੀ ਨਵੀਂ ਕੈਬਨਿਟ ਵਿਚ 28 ਮੰਤਰੀ ਤੇ 10 ਰਾਜ ਮੰਤਰੀ ਸ਼ਾਮਲ ਹਨ, ਜਿਨ੍ਹਾਂ ਵਿਚ 13 ਨਵੇਂ ਪਹਿਲੀ ਵਾਰ ਚੁਣੇ ਗਏ ਸੰਸਦ ਮੈਂਬਰ ਸ਼ਾਮਲ ਕੀਤੇ ਗਏ ਹਨ।
ਮੰਤਰੀਆਂ ਨੇ ਕਿੰਗ ਚਾਰਲਸ-ਤੀਸਰੇ ਪ੍ਰਤੀ ਫੇਥਫੁੱਲ ਰਹਿਣ ਤੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ ਹੈ। ਸੀਨੀਅਰ ਮੰਤਰੀਆਂ ਦੇ ਮੰਡਲ ਵਿਚ 14 ਆਦਮੀ ਅਤੇ 14 ਮਹਿਲਾਵਾਂ ਹਨ। ਭਾਰਤੀ ਮੂਲ ਦੇ ਸੰਸਦ ਮੈਂਬਰਾਂ ਵਿਚ ਅਨੀਤਾ ਆਨੰਦ ਤੇ ਮਨਿੰਦਰ ਸਿੱਧੂ ਨੂੰ ਕੈਬਨਿਟ ਵਿਚ ਸੁਤੰਤਰ ਮੰਤਰਾਲੇ ਦਿੱਤੇ ਗਏ ਹਨ। ਰਣਦੀਪ ਸਰਾਏ ਅਤੇ ਰੂਬੀ ਸਹੋਤਾ ਨੂੰ ਰਾਜ ਮੰਤਰੀਆਂ ਵਜੋਂ ਕੈਬਨਿਟ ਵਿਚ ਰੱਖਿਆ ਗਿਆ ਹੈ। ਮੇਲਾਨੀ ਜੌਲੀ ਨੂੰ ਉਦਯੋਗ ਮੰਤਰੀ ਬਣਾਇਆ ਗਿਆ ਹੈ। ਸਰਕਾਰ ਦਾ ਰਸਮੀ ਕਾਰਜ ਸੰਭਾਲਣ ਮਗਰੋਂ ਕਾਰਨੀ ਨੂੰ ਦੇਸ਼ ਤੇ ਵਿਦੇਸ਼ਾਂ ਤੋਂ ਵਧਾਈ ਸੰਦੇਸ਼ ਵੀ ਪ੍ਰਾਪਤ ਹੋ ਰਹੇ ਹਨ। ਕੈਨੇਡਾ ਦੀ ਨਵੀਂ ਚੁਣੀ ਹੋਈ 45ਵੀਂ ਸੰਸਦ ਦਾ ਪਹਿਲਾ ਸੈਸ਼ਨ 26 ਮਈ ਨੂੰ ਸ਼ੁਰੂ ਹੋਵੇਗਾ ਅਤੇ ਮਹਾਰਾਜਾ ਚਾਰਲਸ-ਤੀਸਰੇ 27 ਮਈ ਨੂੰ ਸੰਸਦ ਦੇ ਸੈਸ਼ਨ ਨੂੰ ਸੰਬੋਧਨ ਕਰਨਗੇ।