ਛਠ ਪੂਜਾ ਤੋਂ ਪਹਿਲਾਂ ਸਪੈਸ਼ਲ ਟਰੇਨ ਕੀਤੀ ਰੱਦ , ਯਾਤਰੀਆਂ ਨੇ ਰੇਲ ਗੱਡੀ ‘ਤੇ ਕੀਤਾ ਪਥਰਾਅ
ਚੰਡੀਗੜ੍ਹ / ਬਿਊਰੋ ਨੀਊਜ਼
ਛਠ ਪੂਜਾ ਬਿਹਾਰ ਵਿੱਚ ਰਹਿਣ ਵਾਲੇ ਲੋਕਾਂ ਲਈ ਸਬ ਤੋਂ ਵੱਡਾ ਤਿਓਹਾਰ ਹੈ ਅਤੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਲੇਕਿਨ ਅਚਾਨਕ ਸਪੈਸ਼ਲ ਟ੍ਰੇਨ ਨੂੰ ਰੱਦ ਕਰ ਦਿੱਤਾ ਜਿਸ ਨਾਲ ਰੇਲਵੇ ਯਾਤਰੀ ਭੜਕ ਗਏ |
ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ ‘ਤੇ ਰੇਲਵੇ ਯਾਤਰੀਆਂ ਨੇ ਰੇਲ ਗੱਡੀ ‘ਤੇ ਪਥਰਾਅ ਕਰ ਦਿੱਤਾ। ਵੱਡੀ ਗਿਣਤੀ ਵਿੱਚ ਰੇਲਵੇ ਯਾਤਰੀਆਂ ਨੇ ਰੇਲਵੇ ਟਰੈਕ ਅਤੇ ਸਟੇਸ਼ਨ ‘ਤੇ ਹੰਗਾਮਾ ਕੀਤਾ। ਛਠ ਪੂਜਾ ਤੋਂ ਠੀਕ ਪਹਿਲਾਂ ਸਪੈਸ਼ਲ ਟਰੇਨ ਦੇ ਰੱਦ ਹੋਣ ਨਾਲ ਯਾਤਰੀ ਭੜਕ ਗਏ।
ਸਰਹਿੰਦ ਰੇਲਵੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਛੱਠ ਪੂਜਾ ਲਈ ਸਰਹਿੰਦ ਤੋਂ ਸਹਰਸਾ ਲਈ ਵਿਸ਼ੇਸ਼ ਰੇਲ ਗੱਡੀ ਨੰਬਰ 04526 ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ।
ਯਾਤਰੀਆਂ ਨੇ ਦੱਸਿਆ ਕਿ ਰੇਲ ਗੱਡੀ ਨੂੰ ਰੱਦ ਕਰਨ ਦਾ ਐਲਾਨ ਅਚਾਨਕ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਲੋਕ ਕਾਊਂਟਰ ‘ਤੇ ਪਹੁੰਚੇ ਤਾਂ ਉਥੇ ਕੋਈ ਵੀ ਰੇਲਵੇ ਕਰਮਚਾਰੀ ਮੌਜੂਦ ਨਹੀਂ ਸੀ। ਲੋਕਾਂ ਨੂੰ ਸਹੀ ਜਾਣਕਾਰੀ ਦੇਣ ਲਈ ਰੇਲਵੇ ਵੱਲੋਂ ਸਟੇਸ਼ਨ ‘ਤੇ ਕੋਈ ਵੀ ਮੌਜੂਦ ਨਹੀਂ ਸੀ। ਲੋਕਾਂ ਨੂੰ ਟਿਕਟਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ ਹਨ। ਇਸ ਕਾਰਨ ਉਹ ਸਰਹਿੰਦ ਸਟੇਸ਼ਨ ’ਤੇ ਹੀ ਫਸ ਕੇ ਰਹਿ ਗਏ, ਜਦੋਂਕਿ ਉਸ ਦੇ ਪਰਿਵਾਰਕ ਮੈਂਬਰ ਬਿਹਾਰ ’ਚ ਉਡੀਕ ਕਰ ਰਹੇ ਹਨ।