Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ 3 ਮਹੀਨਿਆਂ ਦੌਰਾਨ ਪੱਕੇ ਹੋਏ 1 ਲੱਖ ਤੋਂ ਵੱਧ ਵਿਦੇਸ਼ੀ

ਕੈਨੇਡਾ ‘ਚ 3 ਮਹੀਨਿਆਂ ਦੌਰਾਨ ਪੱਕੇ ਹੋਏ 1 ਲੱਖ ਤੋਂ ਵੱਧ ਵਿਦੇਸ਼ੀ

ਹਰ ਮਹੀਨੇ 30 ਤੋਂ 35 ਹਜ਼ਾਰ ਦੇ ਕਰੀਬ ਵਿਦੇਸ਼ੀ ਪਰਵਾਸੀ ਪੱਕੇ ਹੋਣ ਲਈ ਆ ਰਹੇ ਹਨ ਕੈਨੇਡਾ
ਟੋਰਾਂਟੋ/ਸਤਪਾਲ ਸਿੰਘ ਜੌਹਲ
2022 ਦੇ ਬੀਤੇ 3 ਮਹੀਨਿਆਂ ਦੌਰਾਨ ਕੈਨੇਡਾ ‘ਚ ਤਕਰੀਬਨ 1,08,000 ਵਿਦੇਸ਼ੀਆਂ ਨੂੰ ਪੱਕੇ ਤੌਰ ‘ਤੇ ਵੱਸਣ ਦਾ ਮੌਕਾ ਮਿਲਿਆ ਹੈ। ਹਰੇਕ ਮਹੀਨੇ ਦੇਸ਼ ‘ਚ 30 ਤੋਂ 35 ਹਜ਼ਾਰ ਦੇ ਕਰੀਬ ਵਿਦੇਸ਼ੀ ਪਰਵਾਸੀ ਪੱਕੇ ਵੀਜ਼ੇ ਨਾਲ਼ ਸਥਾਪਿਤ ਹੋਣ ਲਈ ਕੈਨੇਡਾ ਜਾ ਰਹੇ ਹਨ, ਜਿਨ੍ਹਾਂ ‘ਚ ਭਾਰਤ ਅਤੇ ਚੀਨ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾਂਦੀ ਹੈ। ਬੀਤੇ ਸਵਾ ਕੁ ਸਾਲ ਦੇ ਸਮੇਂ ‘ਚ 210000 ਵਿਦੇਸ਼ੀ ਨਾਗਰਿਕਾਂ ਵਲੋਂ ਕੈਨੇਡਾ ਦੀ ਨਾਗਿਰਕਤਾ ਹਾਸਲ ਕੀਤੇ ਜਾਣ ਦੀ ਵੀ ਖਬਰ ਹੈ। ਇਸੇ ਦੌਰਾਨ ਦੇਸ਼ ਭਰ ‘ਚ ਕੀਤੇ ਗਏ ਇਕ ਤਾਜ਼ਾ ਲੀਜਰ ਸਰਵੇਖਣ ਅਨੁਸਾਰ ਆਰਥਿਕ ਅਤੇ ਰੁਜ਼ਗਾਰ ਦੇ ਹਾਲਾਤ ਤੋਂ ਸਥਾਨਕ ਨੌਜਵਾਨ ਪੀੜ੍ਹੀ ਦਾ ਕੈਨੇਡਾ ਤੋਂ ਭਰੋਸਾ ਖਤਮ ਹੋ ਰਿਹਾ ਹੈ ਅਤੇ ਉਹ ਆਪਣੇ ਭਵਿੱਖ ਬਾਰੇ ਚਿੰਤਤ ਹਨ। 18 ਤੋਂ 34 ਸਾਲ ਦੀ ਉਮਰ ਦੇ ਲਗਪਗ 30 ਫੀਸਦੀ ਕੈਨੇਡੀਅਨ, ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ (ਪ੍ਰਮੁੱਖਤਾ ਨਾਲ਼ ਅਮਰੀਕਾ) ‘ਚ ਵਾਸਾ ਕਰਨ ਦੇ ਇੱਛੁਕ ਹਨ। ਇਹ ਵੀ ਕਿ ਯੂਨੀਵਰਸਿਟੀਆਂ ਤੋਂ ਆਪਣੀ ਪੜ੍ਹਾਈ ਖਤਮ ਕਰ ਚੁੱਕੇ 23 ਫੀਸਦੀ ਕੈਨੇਡਾ ਦੇ ਜੰਮਪਲ ਨੌਜਵਾਨ ਵੀ ਕੈਨੇਡਾ ਨੂੰ ਛੱਡ ਕੇ ਕਿਸੇ ਹੋਰ ਦੇਸ਼ ‘ਚ ਆਪਣੀ ਜ਼ਿੰਦਗੀ ਸ਼ੁਰੂ ਕਰਨ ਨੂੰ ਪਹਿਲ ਦੇ ਰਹੇ ਹਨ। ਇਸ ਦੇ ਉਲਟ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ ਕੈਨੇਡਾ ਨੂੰ ਅਪਣਾ ਰਹੇ ਹਨ ਅਤੇ ਉਥੇ ਪੱਕੇ ਤੌਰ ‘ਤੇ ਰਹਿ ਰਹੇ ਲਗਪਗ 72 ਫੀਸਦੀ ਪਰਵਾਸੀਆਂ ਦਾ ਮੰਨਣਾ ਹੈ ਕਿ ਕੈਨੇਡਾ ਦੀ ਮੁੱਖਧਾਰਾ ਦੇ ਲੋਕ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ (ਖਾਸ ਤੌਰ ‘ਤੇ ਮਨਪਸੰਦ ਦੀ ਨੌਕਰੀ, ਰਿਹਾਇਸ਼ ਤੇ ਗੁਜ਼ਾਰਾ ਚਲਾ ਸਕਣ ਬਾਰੇ) ਨੂੰ ਨਹੀਂ ਸਮਝਦੇ। ਇਸ ਦੇ ਨਾਲ਼ ਹੀ ਸਰਵੇ ਵਿੱਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਤੋਂ ਕੈਨੇਡਾ ‘ਚ ਜਾ ਰਹੇ ਭਾਈਚਾਰਿਆਂ ‘ਚ ਗੁਰਬਤ ਵੱਧ ਰਹੀ ਹੈ, ਜਿਸ ‘ਚ ਚੀਨੀ ਮੂਲ ਦੇ ਤਕਰੀਬਨ 9.6 ਫੀਸਦੀ, ਭਾਰਤ ਸਮੇਤ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਤੋਂ 7.5 ਫੀਸਦੀ (ਬੇਘਰੇ) ਲੋਕ ਸ਼ਾਮਲ ਹਨ। ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਹੈ ਕਿ 2022 ਅਤੇ ਆਉਣ ਵਾਲੇ ਸਾਲਾਂ ਦੌਰਾਨ ਵਿਦੇਸ਼ੀਆਂ ਨੂੰ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿਣ ਦਾ ਮੌਕਾ ਦੇਣ ਦਾ ਮਿਥਿਆ ਗਿਆ ਟੀਚਾ ਹਾਸਲ ਕੀਤਾ ਜਾਵੇਗਾ।

 

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …