14.1 C
Toronto
Tuesday, May 26, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਇਤਿਹਾਸ ਸਿਰਜੇਗਾ ਨਵਾਂ ਮੰਤਰੀ ਮੰਡਲ : ਕਾਰਨੀ

ਕੈਨੇਡਾ ‘ਚ ਇਤਿਹਾਸ ਸਿਰਜੇਗਾ ਨਵਾਂ ਮੰਤਰੀ ਮੰਡਲ : ਕਾਰਨੀ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਦੇ ਗਠਨ ਮਗਰੋਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਤਰੀ ਮੰਡਲ ਅਮਰੀਕਾ ਨਾਲ ਪੁਰਾਣੇ ਰਿਸ਼ਤਿਆਂ ਦੀ ਬਹਾਲੀ ਦੇ ਨਾਲ-ਨਾਲ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇਗਾ। ਸਹੁੰ ਚੁੱਕ ਸਮਾਗਮ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰੀ ਮੰਡਲ ਆਪਣੇ ਕੰਮ ਸਦਕਾ ਕੈਨੇਡਾ ਦੇ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਮ ਦਰਜ ਕਰਵਾਏਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੋਟਰਾਂ ਦਾ ਭਰੋਸਾ ਕਾਇਮ ਰੱਖਣ ਲਈ ਉਨ੍ਹਾਂ ਦੇ ਵਜ਼ਾਰਤੀ ਭਾਈਵਾਲ ਪੂਰੀ ਦ੍ਰਿੜ੍ਹਤਾ ਨਾਲ ਕੰਮ ਕਰਨਗੇ। ਨੀਤੀਗਤ ਸੁਧਾਰ, ਵਿਕਾਸ ਅਤੇ ਬਦਲਾਅ ਕੈਨੇਡਿਆਈ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਮੰਤਰੀ ਨੂੰ ਉਸ ਦੀ ਮੁਹਾਰਤ ਅਨੁਸਾਰ ਵਿਭਾਗ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਅਮਰੀਕੀ ਸਦਰ ਨਾਲ ਗੱਲਬਾਤ ਦੌਰਾਨ ਮਿਲੇਨੀ ਜੌਲੀ ਦੇ ਠੋਸ ਤੇ ਬਾਦਲੀਲ ਰੋਲ ਕਰਕੇ ਉਨ੍ਹਾਂ ਨੂੰ ਸਨਅਤ ਅਤੇ ਆਰਥਿਕਤਾ ਵਿਕਾਸ ਵਿਭਾਗ ਸੌਂਪਿਆ ਗਿਆ ਹੈ। ਅਨੀਤਾ ਆਨੰਦ ਨੂੰ ਵਿਦੇਸ਼ ਵਿਭਾਗ ਦਿੰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਆਲਮੀ ਸੂਝ ਦਾ ਹਵਾਲਾ ਦਿੱਤਾ। ਵਿੱਤੀ ਮੁਹਾਰਤ ਕਰਕੇ ਫਰੈਂਕੋ ਫਿਲਿਪਸ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। 28 ਮੈਂਬਰੀ ਕੈਬਨਿਟ ਵਿੱਚ 14 ਔਰਤਾਂ ਸ਼ਾਮਲ ਕੀਤੇ ਜਾਣ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਔਰਤਾਂ ਨੂੰ ਬਰਾਬਰ ਦੀਆਂ ਭਾਈਵਾਲ ਬਣਾ ਕੇ ਲਿੰਗ ਵਿਤਕਰਾ ਖ਼ਤਮ ਕੀਤਾ ਹੈ।
ਮਾਰਕ ਕਾਰਨੀ ਵਜ਼ਾਰਤ ‘ਚ ਚਾਰ ਪੰਜਾਬੀ
ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਦੋ ਹਫਤੇ ਮਗਰੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਵਜ਼ਾਰਤ ਦਾ ਗਠਿਨ ਕੀਤਾ ਹੈ ਜਿਸ ਵਿੱਚ ਚਾਰ ਪੰਜਾਬੀਆਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਤੇ ਅਨੀਤਾ ਆਨੰਦ ਨੂੰ ਥਾਂ ਮਿਲੀ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੇ ਕਾਰਜਕਾਲ ਤੋਂ ਬਾਅਦ ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ (ਪ੍ਰਿੰਸੀਪਲ ਸਕੱਤਰ) ਬਣਾਇਆ ਗਿਆ ਹੈ। ਕਾਰਨੀ ਨੇ ਸਰੀ ਸੈਂਟਰ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ (ਪੱਗੜੀਧਾਰੀ) (ਰਾਜ ਮੰਤਰੀ ਕੌਮਾਂਤਰੀ ਵਿਕਾਸ ਵਿਭਾਗ), ਬਰੈਂਪਟਨ ਤੋਂ ਸੰਸਦ ਮੈਂਬਰ ਮਨਿੰਦਰ ਸਿੱਧੂ (ਕੌਮਾਂਤਰੀ ਵਪਾਰ ਵਿਭਾਗ) ਅਤੇ ਰੂਬੀ ਸਹੋਤਾ (ਰਾਜ ਮੰਤਰੀ ਅਪਰਾਧ ਰੋਕੂ ਵਿਭਾਗ) ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਟਰਾਂਸਪੋਰਟ ਤੇ ਵਪਾਰ ਵਿਭਾਗ ਦਿੱਤਾ ਗਿਆ ਹੈ। ਉਨਟਾਰੀਓ ਦੇ ਟੋਰਾਂਟੋ ਖੇਤਰ ਤੋਂ 12 ਸੰਸਦ ਮੈਂਬਰਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ।

 

RELATED ARTICLES
POPULAR POSTS