7.7 C
Toronto
Friday, October 9, 2026
spot_img
Homeਹਫ਼ਤਾਵਾਰੀ ਫੇਰੀਮਾਰਕ ਕਾਰਨੀ ਸਰਕਾਰ ਵੱਲੋਂ ਹੀਟ ਪੰਪਾਂ ਲਈ 2 ਅਰਬ ਡਾਲਰ ਦੀ ਰਿਬੇਟ...

ਮਾਰਕ ਕਾਰਨੀ ਸਰਕਾਰ ਵੱਲੋਂ ਹੀਟ ਪੰਪਾਂ ਲਈ 2 ਅਰਬ ਡਾਲਰ ਦੀ ਰਿਬੇਟ ਯੋਜਨਾ ਦਾ ਐਲਾਨ

ਮਾਰਕ ਕਾਰਨੀ ਸਰਕਾਰ ਵੱਲੋਂ ਹੀਟ ਪੰਪਾਂ ਲਈ 2 ਅਰਬ ਡਾਲਰ ਦੀ ਰਿਬੇਟ ਯੋਜਨਾ ਦਾ ਐਲਾਨ2027 ਦੀ ਸ਼ੁਰੂਆਤ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਦੀ ਤਿਆਰੀ
ਓਟਵਾ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਘਰਾਂ ਵਿੱਚ ਊਰਜਾ-ਸਮਰੱਥ ਹੀਟ ਪੰਪ ਲਗਾਉਣ ਲਈ 2 ਅਰਬ ਡਾਲਰ ਦੀ ਨਵੀਂ ਰਾਸ਼ਟਰੀ ਰਿਬੇਟ ਯੋਜਨਾ ਸ਼ੁਰੂ ਕਰੇਗੀ। ਸਰਕਾਰ ਮੁਤਾਬਕ ਇਸ ਯੋਜਨਾ ਦਾ ਮਕਸਦ ਲੋਕਾਂ ਦੇ ਊਰਜਾ ਖਰਚੇ ਘਟਾਉਣਾ, ਪ੍ਰਦੂਸ਼ਣ ਵਿੱਚ ਕਮੀ ਲਿਆਉਣਾ ਅਤੇ ਘਰਾਂ ਦੀ ਊਰਜਾ ਸਮਰੱਥਾ ਵਧਾਉਣਾ ਹੈ। ਇਸ ਨਾਲ ਕਰੀਬ 8.2 ਲੱਖ ਘਰਾਂ ਨੂੰ ਹੀਟ ਪੰਪ ਲਗਾਉਣ ਲਈ ਸਹਾਇਤਾ ਮਿਲ ਸਕਦੀ ਹੈ, ਜਦਕਿ ਹੋਰ 2.8 ਲੱਖ ਬਹੁ-ਰਿਹਾਇਸ਼ੀ ਇਮਾਰਤਾਂ ਨੂੰ ਊਰਜਾ- ਸਮਰੱਥ ਸੁਧਾਰਾਂ ਲਈ ਮਦਦ ਮਿਲੇਗੀ।
ਘਰੇਲੂ ਆਮਦਨ ਦੇ ਆਧਾਰ ‘ਤੇ ਯੋਗ ਪਰਿਵਾਰਾਂ ਨੂੰ 10,000 ਡਾਲਰ ਤੱਕ ਦੀ ਰਿਬੇਟ ਮਿਲ ਸਕਦੀ ਹੈ, ਜਦਕਿ ਦਰਮਿਆਨੀ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਲਈ ਇਹ ਰਕਮ 2,000 ਡਾਲਰ ਤੱਕ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਤੇਲ ਜਾਂ ਬਿਜਲੀ ਨਾਲ ਹੀਟਿੰਗ ਕਰਨ ਵਾਲੇ ਘਰ ਔਸਤਨ ਸਾਲਾਨਾ ਕਰੀਬ 1,400 ਡਾਲਰ ਤੱਕ ਊਰਜਾ ਖਰਚ ਬਚਾ ਸਕਦੇ ਹਨ। ਅਰਜ਼ੀਆਂ ਲਈ ਆਨਲਾਈਨ ਪ੍ਰਣਾਲੀ ਬਣਾਈ ਜਾਵੇਗੀ ਅਤੇ ਸਰਕਾਰ ਇਸ ਯੋਜਨਾ ਨੂੰ 2027 ਦੀ ਸ਼ੁਰੂਆਤ ਵਿੱਚ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਸਮਾਂ ਕੈਨੇਡਾ ਲਈ ਬੇਹੱਦ ਅਹਿਮ : ਕਾਰਨੀ
ਕਿਊਬੈਕ ਵਿੱਚ ਪਾਰਟੀ ਕਿਊਬੈਕੁਆ ਵੱਲੋਂ ਘੱਟ ਗਿਣਤੀ ਸਰਕਾਰ ਬਣਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਅਤੇ ਕਿਊਬੈਕ ਇਸ ਸਮੇਂ ਇੱਕ ਬੇਹੱਦ ਅਹਿਮ ਦੌਰ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਕਿਊਬੈਕ ਦੇ ਨਵੇਂ ਪ੍ਰੀਮੀਅਰ ਬਣਨ ਜਾ ਰਹੇ ਪੌਲ ਸੇਂਟ-ਪੀਅਰ ਪਲਾਮੋਂਦੋਂ ਨਾਲ ਗੱਲਬਾਤ ਕਰਕੇ ਸਹਿਯੋਗੀ ਫੈਡਰਲ ਪ੍ਰਬੰਧ ਦੀ ਭਾਵਨਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਕਾਰਨੀ ਨੇ ਕਿਹਾ ਕਿ ਇਸ ਸਮੇਂ ਭਵਿੱਖ ਵਿੱਚ ਵੱਖ ਹੋਣ ਵਾਲੀ ਸੋਚ ਅਪਨਾਉਣ ਦੀ ਥਾਂ ਮੌਜੂਦਾ ਚੁਣੌਤੀਆਂ ‘ਤੇ ਧਿਆਨ ਦੇਣ ਦੀ ਲੋੜ ਹੈ। ਦੋਵਾਂ ਆਗੂਆਂ ਵਿਚਕਾਰ ਬੁਨਿਆਦੀ ਢਾਂਚੇ ਲਈ ਨਿਵੇਸ਼ ਅਤੇ ਅਮਰੀਕੀ ਟੈਰਿਫ਼ ਕਾਰਨ ਪ੍ਰਭਾਵਿਤ ਕਿਊਬੈਕ ਦੇ ਕਾਮਿਆਂ ਦੀ ਮਦਦ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਈ। ਪਾਰਟੀ ਕਿਊਬੈਕੁਆ ਨੇ ਸੋਮਵਾਰ ਦੀਆਂ ਚੋਣਾਂ ਵਿੱਚ 59 ਸੀਟਾਂ ਜਿੱਤੀਆਂ, ਜੋ ਬਹੁਮਤ ਲਈ ਲੋੜੀਂਦੀਆਂ 64 ਸੀਟਾਂ ਤੋਂ ਪੰਜ ਘੱਟ ਹਨ। ਪਾਰਟੀ ਕਿਊਬੈਕ ਦੀ ਆਜ਼ਾਦੀ ਦੀ ਹਮਾਇਤੀ ਹੈ ਅਤੇ ਨਵੇਂ ਆਗੂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਹੀ ਆਜ਼ਾਦੀ ਬਾਰੇ ਜਨਮਤ ਸੰਗ੍ਰਹਿ ਕਰਵਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਕਿਊਬੈਕ ਸਰਕਾਰ ਅਤੇ ਓਟਵਾ ਵਿਚਕਾਰ ਤੇਜ਼ ਰਫ਼ਤਾਰ ਰੇਲ ਪ੍ਰੋਜੈਕਟ ਅਤੇ ਚਰਚਿਲ ਫਾਲਜ਼ ਊਰਜਾ ਪ੍ਰੋਜੈਕਟ ਨੂੰ ਲੈ ਕੇ ਵੀ ਮਤਭੇਦ ਸਾਹਮਣੇ ਆ ਸਕਦੇ ਹਨ। ਓਟਵਾ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਕੈਨੇਡਾ ਅਤੇ ਕਿਊਬੈਕ ਦੋਵਾਂ ਦੇ ਹਿੱਤ ਵਿੱਚ ਹਨ ਅਤੇ ਉਹ ਇਨ੍ਹਾਂ ਨੂੰ ਅੱਗੇ ਵਧਾਉਣ ਲਈ ਪ੍ਰੋਵਿੰਸ ਨਾਲ ਗੱਲਬਾਤ ਜਾਰੀ ਰੱਖੇਗਾ।

 

RELATED ARTICLES
POPULAR POSTS