Breaking News
Home / ਹਫ਼ਤਾਵਾਰੀ ਫੇਰੀ / ਨਿੱਕੀ ਹੇਲੀ ਯੂਐਨ ਵਿੱਚ ਅਮਰੀਕੀ ਰਾਜਦੂਤ

ਨਿੱਕੀ ਹੇਲੀ ਯੂਐਨ ਵਿੱਚ ਅਮਰੀਕੀ ਰਾਜਦੂਤ

nikki-hely-copy-copyਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਥ ਕੈਰੋਲਾਈਨਾ ਦੀ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੇਲੀ ਨੂੰ ਆਪਣੀ ਹਕੂਮਤ ਦੌਰਾਨ ਸੰਯੁਕਤ ਰਾਸ਼ਟਰ (ਯੂਐਨ) ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਆਈਆਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਰਿਪਬਲਿਕਨ ਪਾਰਟੀ ਨਾਲ ਸਬੰਧਤ 44 ਸਾਲਾ ਬੀਬੀ ਹੇਲੀ ઠਨੇ ਇਸ ਕੈਬਨਿਟ ਰੁਤਬੇ ਵਾਲੇ ਅਹੁਦੇ ਲਈ ਟਰੰਪ ਦੀ ਪੇਸ਼ਕਸ਼ ਮਨਜ਼ੂਰ ਕਰ ਲਈ ਸੀ। ਬੀਬੀ ਹੇਲੀ ਅਮਰੀਕਾ ਵਿੱਚ ਕੈਬਨਿਟ ਰੁਤਬਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਆਗੂ ਹੋਵੇਗੀ। ਇਹ ਕੈਬਨਿਟ ਰੈਂਕ ਵਾਲਾ ਅਹੁਦਾ ਮਿਲਣ ਨਾਲ ਉਸ ਦਾ ਸਿਆਸੀ ਰੁਤਬਾ ਹੋਰ ਉੱਚਾ ਹੋਵੇਗਾ, ਜਿਸ ਨੂੰ ਰਿਪਬਲਿਕਨ ਪਾਰਟੀ ਦੀ ਇਕ ਉਭਰਦੀ ਵੱਡੀ ਆਗੂ ਵਜੋਂ ਦੇਖਿਆ ਜਾ ਰਿਹਾ ਹੈ। ਉਹ ਛੇ ਸਾਲ ਪਹਿਲਾਂ ਸਾਊਥ ਕੈਰੋਲਾਈਨਾ ਦੀ ਪਹਿਲੀ ‘ਮਹਿਲਾ ਤੇ ਘੱਟ-ਗਿਣਤੀ ਨਾਲ ਸਬੰਧਤ’ ਗਵਰਨਰ ਬਣੀ ਸੀ, ਜਿਸ ਨੇ ਗਵਰਨਰ ਵਜੋਂ ਵਪਾਰ ਤੇ ਕਿਰਤ ਮੁੱਦਿਆਂ ਉਤੇ ਕਾਫ਼ੀ ਕੰਮ ਕੀਤਾ ਹੈ, ਪਰ ਉਸ ਦਾ ਵਿਦੇਸ਼ ਨੀਤੀ ਸਬੰਧੀ ਬਹੁਤਾ ਤਜਰਬਾ ਨਹੀਂ ਹੈ। ਬੀਬੀ ਹੇਲੀ ਦੀ ਪਿਛਲੇ ਦਿਨੀਂ ਨਿਊਯਾਰਕ ਸਥਿਤ ਟਰੰਪ ਟਾਵਰ ਵਿੱਚ ਟਰੰਪ ਨਾਲ ਮੁਲਾਕਾਤ ਹੋਈ ਸੀ। ਇਹ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਹੀ ਹਿੱਸਾ ਸੀ। ਜ਼ਿਕਰਯੋਗ ਹੈ ਕਿ ਕੈਬਨਿਟ ਰੁਤਬੇ ਵਾਲੀਆਂ ਨਿਯੁਕਤੀਆਂ ਨੂੰ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੀ ਮਨਜ਼ੂਰੀ ਮਿਲਣੀ ਲਾਜ਼ਮੀ ਹੁੰਦੀ ਹੈ।
ਅੰਮ੍ਰਿਤਸਰ ‘ਚ ਹਨ ਜੜ੍ਹਾਂ
ਨਿੱਕੀ ਹੇਲੀ ਦਾ ਪੂਰਾ ਨਾਂ ਅੰਮ੍ਰਿਤਾ ਨਿੱਕੀ ਰੰਧਾਵਾ ਹੈ। ਉਹ ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਨਗਰੀ ਅੰਮ੍ਰਿਤਸਰ ਨਾਲ ਸਬੰਧ ਰੱਖਦੀ ਹੈ। ਨਿੱਕੀ ਹੇਲੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਅਤੇ ਮਾਤਾ ਰਾਜ ਕੌਰ ਰੰਧਾਵਾ ਅੰਮ੍ਰਿਤਸਰ ਤੋਂ ਆ ਕੇ ਅਮਰੀਕਾ ਵਿਚ ਵਸ ਗਏ ਸਨ। ਪੰਜਾਬੀ ਸਿੱਖ ਪਰਿਵਾਰ ਦੀ ਇਸ ਧੀ ਨੇ ਭਾਰਤੀਆਂ ਦਾ ਅਮਰੀਕਾ ‘ਚ ਸਿਰ ਉਚਾ ਕਰ ਦਿੱਤਾ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …