ਬੀਬੀ ਸਿੱਧੂ ਅਤੇ ਪਰਗਟ ਸਿੰਘ ਨੇ ਫੜਿਆ ਕਾਂਗਰਸ ਦਾ ਹੱਥ, ਫਿਲਹਾਲ ਨਵਜੋਤ ਸਿੱਧੂ ਕਾਂਗਰਸ ਦਾ ਸ਼ੋਅਪੀਸ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਵੱਲੋਂ ਬਣਾਇਆ ਗਿਆ ਆਵਾਜ਼-ਏ-ਪੰਜਾਬ ਫਰੰਟ 72 ਦਿਨਾਂ ਵਿਚ ਹੀ ਖਿੱਲਰ ਗਿਆ। ਹੁਣ ਤੱਕ ਕੋਈ ਫੈਸਲਾ ਨਾ ਲੈ ਸਕਣ ਵਾਲੇ ਸਿੱਧੂ ਨੇ ਬੈਂਸ ਭਰਾਵਾਂ ਦੇ ‘ਆਪ’ ‘ਚ ਜਾਣ ਤੋਂ ਦੂਜੇ ਦਿਨ ਹੀ ਆਪਣੇ ਵੱਲੋਂ ਸ਼ੌਟ ਮਾਰ ਦਿੱਤਾ। ਜਦੋਂ ਆਮ ਆਦਮੀ ਪਾਰਟੀ ਨਾਲ ਕੋਈ ਗੱਲ ਸਿਰੇ ਨਹੀਂ ਚੜ੍ਹੀ ਤਦ ਅੰਮ੍ਰਿਤਸਰ ਦੀ ਐਮਪੀ ਸੀਟ ਮੁੜ ਹਾਸਲ ਕਰਨ ਦਾ ਮਨ ਬਣਾ ਕੇ ਨਵਜੋਤ ਸਿੱਧੂ ਨੇ ਆਪਣੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਅਤੇ ਸਾਥੀ ਪਰਗਟ ਸਿੰਘ ਨੂੰ ਕਾਂਗਰਸ ਜੁਆਇੰਨ ਕਰਵਾ ਦਿੱਤੀ। ਬੀਬੀ ਸਿੱਧੂ ਅਤੇ ਪਰਗਟ ਸਿੰਘ 28 ਤਰੀਕ ਨੂੰ ਰਸਮੀ ਤੌਰ ‘ਤੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਖੁਦ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਟਵੀਟ ਕਰਕੇ ਦਿੱਤੀ। ਬੀਬੀ ਸਿੱਧੂ ਅੰਮ੍ਰਿਤਸਰ ਤੋਂ ਹੀ ਚੋਣ ਲੜੇਗੀ ਤੇ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਪੰਜਾਬ ‘ਚ ਮੰਤਰੀ ਬਣਾਇਆ ਜਾਵੇਗਾ ਜਦੋਂਕਿ ਪਰਗਟ ਸਿੰਘ ਵਿਧਾਇਕ ਦੀ ਹੀ ਚੋਣ ਲੜਨਗੇ ਤੇ ਅਮਰਿੰਦਰ ਦੇ ਅਸਤੀਫ਼ੇ ਨਾਲ ਖਾਲੀ ਹੋਈ ਅੰਮ੍ਰਿਤਸਰ ਦੀ ਸੰਸਦੀ ਸੀਟ ਤੋਂ ਸਿੱਧੂ ਨੂੰ ਕਾਂਗਰਸ ਮੈਦਾਨ ‘ਚ ਉਤਾਰੇਗੀ।
ਕਾਂਗਰਸ ਦੇ ਦੋਵੇਂ ਹੱਥ ਲੱਡੂ : ਨਾ ਤਾਂ ਸਿੱਧੂ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਅਹੁਦਾ ਦੇਣਾ ਪਿਆ ਤੇ ਨਾ ਹੀ ਉਸ ਦੇ ਲਈ ਕੋਈ ਦਰਜਨ ਭਰ ਸੀਟਾਂ ਛੱਡਣੀਆਂ ਪਈਆਂ। ਦੋ ਐਮ ਐਲ ਏ ਤੇ ਇਕ ਐਮ ਪੀ ਸੀਟ ਦੇ ਬਦਲੇ ਕਾਂਗਰਸ ਨੂੰ ਸਟਾਰ ਕੰਪੇਨਰ ਦੇ ਰੂਪ ਵਿਚ ਸ਼ੋਅਪੀਸ ਮਿਲ ਗਿਆ। ਨਵਜੋਤ ਸਿੱਧੂ ਕਹਿੰਦੇ ਸਨ ਕਿ ਭਾਜਪਾ ਤੋਂ ਬਾਅਦ ‘ਆਪ’ ਵੀ ਮੈਨੂੰ ਸ਼ੋਅਪੀਸ ਬਣਾਉਣਾ ਚਾਹੁੰਦੀ ਸੀ, ਫਿਲਹਾਲ ਉਹ ਕਾਂਗਰਸ ਵਿਚ ਸ਼ੋਅਪੀਸ ਹੀ ਬਣੇ ਲਗਦੇ ਹਨ।
ਕੈਪਟਨ ਦੀ ਕਪਤਾਨੀ ਕਬੂਲ ਨਹੀਂ : ਬੀਬੀ ਸਿੱਧੂ ਤੇ ਪਰਗਟ ਸਿੰਘ ਦੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਹੋਣਾ ਸੀ ਪਰ ਸਿੱਧੂ ਨੇ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ਕਾਂਗਰਸ ਜੁਆਇੰਨ ਕਰਨ ਦੀ ਇੱਛਾ ਪ੍ਰਗਟਾਈ। ਇਸ ਲਈ ਉਸ ਦੀ ਜੁਆਇੰਨਿੰਗ ਲਈ ਵੱਖਰਾ ਪ੍ਰੋਗਰਾਮ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ‘ਚ ਸ਼ਾਮਲ ਹੋਣਾ ਮਨਜ਼ੂਰ ਨਹੀਂ।
ਨਫੇ ਨੁਕਸਾਨ ਦਾ ਲੱਗਣ ਲੱਗਾ ਹਿਸਾਬ : ਕਾਂਗਰਸ ਨੂੰ ਸਟਾਰ ਕੰਪੇਨਰ ਮਿਲ ਗਿਆ। ਜੱਟ-ਸਿੱਖ ਤੇ ਭੀੜ ਇਕੱਠੀ ਕਰਨ ਵਾਲਾ ਲੀਡਰ ਮਿਲ ਗਿਆ। ‘ਆਪ’ ਨੂੰ ਬੈਂਸ ਭਰਾ ਵਰਗੇ ਧਾਕੜ ਲੀਡਰ ਮਿਲ ਗਏ। ਪਰ ਕਾਂਗਰਸ ਲਈ ਸਿੱਧੂ ਨਾਲ ਖਾਸ ਕਰਕੇ ਬੀਬੀ ਸਿੱਧੂ ਨਾਲ ਤਾਲਮੇਲ ਬਿਠਾਉਣਾ ਆਸਾਨ ਨਹੀਂ। ‘ਆਪ’ ਕੋਲ ਅਜੇ ਵੀ ਕੋਈ ਵੱਡਾ ਸਿੱਖ ਚਿਹਰਾ ਨਹੀਂ। ਅਕਾਲੀ ਦਲ 10 ਸਾਲਾਂ ਦੀ ਐਂਟੀ ਇਨਕੰਬੈਂਸੀ ਦੇ ਨਾਲ-ਨਾਲ ਟਿਕਟਾਂ ਤੋਂ ਵਾਂਝੇ ਲੀਡਰਾਂ ਦਾ ਵਿਰੋਧ ਝੱਲ ਰਿਹਾ ਹੈ।
ਸਿੱਧੂ ਨੂੰ ਬਿਨਾ ਦੱਸੇ ਬੈਂਸ ਭਰਾਵਾਂ ਨੇ ਚੁੱਕ ਲਿਆ ਸੀ ‘ਆਪ’ ਦਾ ਝਾੜੂ
ਚੰਡੀਗੜ੍ਹ : ਸਿੱਧੂ ਦੇ ਲਾਰੇ-ਲੱਪਿਆਂ ਤੋਂ ਤੰਗ ਆ ਕੇ ਬੈਂਸ ਭਰਾਵਾਂ ਨੇ ਉਨ੍ਹਾਂ ਨੂੰ ਬਿਨਾ ਦੱਸੇ ‘ਆਪ’ ਦਾ ਝਾੜੂ ਫੜ ਲਿਆ। ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਮਗਰੋਂ ਬੈਂਸ ਭਰਾਵਾਂ ਨੇ ਆਖਿਆ ਕਿ ਅਸੀਂ ਆਪਣੀ ਸੋਚ ਵਾਲੀ ਪਾਰਟੀ ਨਾਲ ਗੱਠਜੋੜ ਕੀਤਾ ਹੈ। ਆਮ ਆਦਮੀ ਪਾਰਟੀ ਨੇ ਦੋਵੇਂ ਬੈਂਸ ਭਰਾਵਾਂ ਸਮੇਤ ਇਨ੍ਹਾਂ ਲਈ ਲੁਧਿਆਣਾ ਖੇਤਰ ਦੀਆਂ ਪੰਜ ਸੀਟਾਂ ਛੱਡ ਦਿੱਤੀਆਂ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …