2.5 C
Toronto
Saturday, February 28, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਵਿਚ ਭਾਰਤ ਦੇ ਪੁਲਿਸ ਅਤੇ ਫੌਜੀ ਮੁਲਾਜ਼ਮਾਂ ਤੋਂ ਪੁੱਛਗਿੱਛ ਰਹਿੰਦੀ ਹੈ...

ਕੈਨੇਡਾ ਵਿਚ ਭਾਰਤ ਦੇ ਪੁਲਿਸ ਅਤੇ ਫੌਜੀ ਮੁਲਾਜ਼ਮਾਂ ਤੋਂ ਪੁੱਛਗਿੱਛ ਰਹਿੰਦੀ ਹੈ ਜਾਰੀ

ਮਨੁੱਖੀ ਹੱਕਾਂ ਦੀ ਉਲੰਘਣਾ ਕੀਤੀ ਹੋਵੇ ਤਾਂ ਦੇ ਦਿੱਤਾ ਜਾਂਦਾ ਹੈ ਦੇਸ਼ ਨਿਕਾਲਾ
ਟੋਰਾਂਟੋ/ਬਿਊਰੋ ਨਿਊਜ਼ : ਭਾਰਤ ਤੋਂ ਕੈਨੇਡਾ ਜਾਣ ਦੇ ਚਾਹਵਾਨ ਪੁਲਿਸ, ਅਰਧ ਸੈਨਿਕ ਬਲ, ਖੁਫੀਆ ਏਜੰਸੀਆਂ, ਤੇ ਫੌਜਾਂ ਦੇ ਮੁਲਾਜ਼ਮਾਂ ਤੋਂ ਐਂਟਰੀ ਦੇਣ ਸਮੇਂ ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ (ਸੀਬੀਐਸਏ) ਦੇ ਅਧਿਕਾਰੀਆਂ ਵਲੋਂ ਵਿਸਥਾਰਤ ਪੁੱਛਗਿੱਛ ਕੀਤੀ ਜਾਂਦੀ ਹੈ। ਦਹਿਸ਼ਤਵਾਦ ਦੇ ਸਮੇਂ ‘ਚ ਪੰਜਾਬ ਵਿਚ ਝੂਠੇ ਮੁਕਾਬਲੇ, ਤਸ਼ੱਦਦ, ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਦੇ ਘਾਣ, ਜੰਗੀ ਅਪਰਾਧ ਆਦਿਕ ਘਟਨਾਵਾਂ ‘ਚ ਸ਼ਾਮਲ ਰਹੇ ਅਧਿਕਾਰੀਆਂ ਦੀ ਪੁੱਛਗਿੱਛ ਅਕਸਰ ਕਈ ਘੰਟੇ ਤੇ ਕਈ ਹਫਤੇ/ਮਹੀਨੇ ਵੀ ਚੱਲਦੀ ਰਹਿਣ ਦੀ ਸੰਭਾਵਨਾ ਹੁੰਦੀ ਹੈ। ਸੀਬੀਐਸਏ ਅਫਸਰਾਂ ਦੀ ਤਸੱਲੀ ਨਾ ਹੋਣ ‘ਤੇ ਉਨ੍ਹਾਂ ਦੇ ਪਾਸਪੋਰਟ ਰੱਖ ਕੇ ਵਾਪਸ ਇੰਟਰਵਿਊ ਵਾਸਤੇ ਤਰੀਕ ਦਿੱਤੀ ਜਾਂਦੀ ਰਹਿੰਦੀ ਹੈ। ਜਿਹੜੇ ਭਾਰਤੀ ਸੁਰੱਖਿਆ ਮੁਲਾਜ਼ਮ ਵਿਭਾਗੀ ਛੁੱਟੀ ਲੈ ਕੇ ਕੁਝ ਸਮੇਂ ਲਈ ਕੈਨੇਡਾ ‘ਚ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਨ ਜਾਂ ਸੇਵਾਮੁਕਤੀ ਤੋਂ ਬਾਅਦ ਪੱਕੇ ਤੌਰ ‘ਤੇ ਕੈਨੇਡਾ ‘ਚ ਵਾਸਾ ਕਰਨ ਦੇ ਇਛੁੱਕ ਹੁੰਦੇ ਹਨ ਉਨ੍ਹਾਂ ਨੂੰ ਅਜਿਹੀ ਸਥਿਤੀ ਵਿਚੋਂ ਲੰਘਣਾ ਪੈਂਦਾ ਹੈ। ਲੰਬੀਆਂ ਤਰੀਕਾਂ ਪੈਣੀਆਂ ਹੋਣ ਤਾਂ ਪਾਸਪੋਰਟ ਰੱਖ ਕੇ ਆਰਜ਼ੀ ਐਂਟਰੀ ਤਾਂ ਦੇ ਦਿੱਤੀ ਜਾਂਦੀ ਹੈ, ਪਰ ਤਰੀਕ ‘ਤੇ ਪੇਸ਼ ਹੋਣਾ (ਆਪਣੇ ਖਰਚੇ ‘ਤੇ) ਲਾਜ਼ਮੀ ਹੁੰਦਾ ਹੈ।
ਆਮ ਤੌਰ ‘ਤੇ ਭਾਰਤੀ ਜਾਂਚ ਅਧਿਕਾਰੀਆਂ ਵਲੋਂ 1980 ਤੋਂ ਸੰਨ 2000 ਤੱਕ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ, ਪਰ ਮੌਜੂਦਾ ਸਰਕਾਰ ਦੇ ਦੌਰ ‘ਚ ਡਰੱਗ ਤਸਕਰਾਂ ਖਿਲਾਫ ਪੰਜਾਬ ਪੁਲਿਸ ਦੀ ਮੁਹਿੰਮ ਵਿਚ ਅਦਾਲਤੀ ਪ੍ਰਕਿਰਿਆ ਤੋਂ ਬਿਨਾ ਹੀ ਹੋ ਰਹੇ ਮੁਕਾਬਲਿਆਂ ਵਿਚ ਹੁੰਦੀਆਂ ਮੌਤਾਂ ਵੀ ਸ਼ੱਕ ਦੇ ਘੇਰੇ ਵਿਚ ਹਨ। ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਅੰਨ੍ਹਾ ਤਸ਼ੱਦਦ, ਲਾਪਤਾ ਕਰਨ, ਮੁਕਾਬਲੇ ਵਿਚ ਮੌਤ ਹੋਣ, ਤੇ ਚੁੱਪ ਚੁਪੀਤੇ ਸਸਕਾਰ ਕਰ ਦੇਣ ਦੇ ਹਾਲਾਤ ਬਾਰੇ ਕੈਨੇਡੀਅਨ ਅਧਿਕਾਰੀਆਂ ਵਲੋਂ ਵਿਸ਼ੇਸ਼ ਤੌਰ ‘ਤੇ ਪੰਜਾਬ ਪੁਲਿਸ ਦੀ ਜ਼ਿਲ੍ਹਿਆਂ ‘ਚ ਸਰਗਰਮ ‘ਕਰਾਈਮ ਇਨਵੈਸਟੀਗੇਸ਼ਨ ਏਜੰਸੀ’ (ਸੀਏਆਈ) ਦੇ ਸਟਾਫ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਬੀਤੇ ਸਮੇਂ ਵਿਚ ਲਾਵਾਰਿਸ ਲਾਸ਼ਾਂ ਦਾ ਹਿਸਾਬ ਰੱਖਣ ਕਰਕੇ ਆਪਣੀ ਜਾਨ ਵਾਰ ਗਏ ਸ. ਜਸਵੰਤ ਸਿੰਘ ਖਾਲੜਾ ਨੂੰ ਕੈਨੇਡੀਅਨ ਅਧਿਕਾਰੀਆਂ ਵਲੋਂ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਜੋਂ ਦੇਖਿਆ ਜਾਂਦਾ ਹੈ। ਮਨੁੱਖੀ ਤੇ ਅੰਤਰਰਾਸ਼ਟਰੀ ਹੱਕਾਂ ਦੀ ਉਲੰਘਣਾ ਦੇ ਮਾਮਲੇ ਵਿਚ ਕੈਨੇਡਾ ਦੇ ਇਮੀਗਰੇਸ਼ਨ, ਰਫਿਊਜ਼ੀ ਪ੍ਰੋਟੈਕਸ਼ਨ ਐਕਟ (ਇਰਪਾ) ਦੀ ਧਾਰਾ 35 (ਬੀ) ‘ਚ ਸਪੱਸ਼ਟ ਹੈ ਕਿ ਅਜਿਹੇ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਵਿਚ ਦਾਖਲ ਨਹੀਂ ਕੀਤਾ ਜਾ ਸਕਦਾ, ਜਿਸ ਦੀ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ‘ਚ ਸ਼ਮੂਲੀਅਤ ਜਾਂ ਭਾਗੀਦਾਰੀ ਹੋਵੇ ਕਿਉਂਕਿ ਅਜਿਹੀ ਅਣਮਨੁੱਖੀ ਕਾਰਵਾਈ ਕੈਨੇਡਾ ਦੇ ਕਾਨੂੰਨ ਅਨੁਸਾਰ ਜੁਰਮ ਹੈ।
ਕਮਾਲ ਦੀ ਗੱਲ ਇਹ ਵੀ ਹੈ ਕਿ ਜੇਕਰ ਕੋਈ ਅਜਿਹੇ ਜੁਰਮ ‘ਚ ਸ਼ਾਮਲ ਪਾਇਆ ਜਾਂਦਾ ਹੈ ਤੇ ਉਸਦੇ ਪਤੀ ਜਾਂ ਪਤਨੀ ਕੈਨੇਡਾ ‘ਚ ਨਾਲ ਹੋਣ ਤਾਂ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ।

 

RELATED ARTICLES
POPULAR POSTS