ਟਰੂਡੋ ਨੇ ਬਿਡੇਨ ਨੂੰ ਫੋਨ ਕਰਕੇ ਸਭ ਤੋਂ ਪਹਿਲਾਂ ਦਿੱਤੀ ਸੀ ਵਧਾਈ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੀ ਸਰਕਾਰ ਵਲੋਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੱਦਾ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਅਮਰੀਕਾ ਤੇ ਕੈਨੇਡਾ ਗੁਆਂਢੀ ਮੁਲਕ ਹਨ ਅਤੇ ਦੋਵਾਂ ਦੇਸ਼ਾਂ ਦੇ ਸਦੀਆਂ ਤੋਂ ਗੂੜ੍ਹੇ ਦੋਸਤਾਂ ਵਾਲੇ ਰਿਸ਼ਤੇ ਰਹੇ ਹਨ ਪਰ ਬੀਤੇ ਚਾਰ ਕੁ ਸਾਲਾਂ ਦੌਰਾਨ ਟਰੰਪ ਪ੍ਰਸ਼ਾਸਨ ਦੇ ਚੱਲਦਿਆਂ ਇਨ੍ਹਾਂ ਰਿਸ਼ਤਿਆਂ ਵਿਚ ਖਟਾਸ ਪੈਦਾ ਹੁੰਦੀ ਰਹੀ। ਇਹ ਵੀ ਕਿ ਪ੍ਰੰਪਰਾ ਅਨੁਸਾਰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਲੋਂ ਆਪਣੀ ਪਹਿਲੀ ਵਿਦੇਸ਼ ਫੇਰੀ ‘ਤੇ ਕੈਨੇਡਾ ਜਾਇਆ ਜਾਂਦਾ ਰਿਹਾ ਹੈ। ਪਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰੰਪਰਾ ਨੂੰ ਵੀ ਤੋੜ ਦਿੱਤਾ ਸੀ ਤੇ ਉਨ੍ਹਾਂ ਨੇ ਕੈਨੇਡਾ ਦੀ ਸਰਕਾਰੀ ਫੇਰੀ ਨਹੀਂ ਕੀਤੀ। ਕੈਨੇਡਾ ਦੀ ਸੰਸਦ ਵਿਚ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਿਡੇਨ ਤੇ ਹੈਰਿਸ ਨੂੰ ਸਰਕਾਰੀ ਫੇਰੀ ‘ਤੇ ਕੈਨੇਡਾ ਆਉਣ ਦਾ ਸੱਦਾ ਭੇਜਣ ਵਾਸਤੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ। ਇਸ ਮਤੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਜਦੋਂ ਸੰਭਵ ਸਮਝਣ ਉਹ ਕੈਨੇਡਾ ਫੇਰੀ ‘ਤੇ ਆਉਣ। ਇਹ ਵੀ ਕਿ ਬਿਡੇਨ ਨੂੰ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਲੰਘੇ ਹਫਤੇ ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਨੇ ਇਕ ਵਿਸ਼ੇਸ਼ ਮੁਲਾਕਾਤ ਕਰਦਿਆਂ ਆਖਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਿਡੇਨ ਤੇ ਹੈਰਿਸ ਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਤਿਆਰ ਹੈ। ਇਥੇ ਜ਼ਿਕਰਯੋਗ ਹੈ ਕਿ ਚੋਣਾਂ ਵਿੱਚ ਜਿੱਤ ਤੋਂ ਤੁਰੰਤ ਬਾਅਦ ਜੋ ਬਿਡੇਨ ਅਤੇ ਕਮਲਾ ਹੈਰਿਸ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜੀ ਤੌਰ ‘ਤੇ ਵਧਾਈਆਂ ਦਿੱਤੀਆਂ ਸਨ। ਇੱਥੋਂ ਤੱਕ ਕਿ ਉਨ੍ਹਾਂ ਨੇ ਜੋ ਬਿਡੇਨ ਨਾਲ ਫੋਨ ‘ਤੇ ਗੱਲ ਵੀ ਕੀਤੀ ਸੀ। ਟਰੂਡੋ ਕਿਸੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਸਨ, ਜਿਨ੍ਹਾਂ ਨੇ ਚੋਣਾਂ ‘ਚ ਜਿੱਤ ਮਗਰੋਂ ਸਭ ਤੋਂ ਪਹਿਲਾਂ ਜੋ ਬਿਡੇਨ ਨੂੰ ਫੋਨ ਕੀਤਾ ਸੀ।
Check Also
ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ
ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …