Breaking News
Home / ਹਫ਼ਤਾਵਾਰੀ ਫੇਰੀ / ਰੇਤ ਮਾਫ਼ੀਆ ਨੇ ‘ਆਪ’ ਦਾ ਐਮ ਐਲ ਏ ਕੁੱਟਿਆ

ਰੇਤ ਮਾਫ਼ੀਆ ਨੇ ‘ਆਪ’ ਦਾ ਐਮ ਐਲ ਏ ਕੁੱਟਿਆ

ਵਿਧਾਇਕ ਸੰਦੋਆ ਤੇ ਉਸਦੇ ਗੰਨਮੈਨ ਸਮੇਤ ਹਮਲਾਵਰ ਦੀ ਵੀ ਲੱਥੀ ਪੱਗ
ਨੂਰਪੁਰ ਬੇਦੀ/ਬਿਊਰੋ ਨਿਊਜ਼
ਨੂਰਪੁਰ ਬੇਦੀ ਖੇਤਰ ‘ਚ ਲੰਬੇ ਸਮੇਂ ਤੋਂ ਚੱਲ ਰਹੀ ਨਾਜਾਇਜ਼ ਮਾਈਨਿੰਗ ਪ੍ਰਤੀ ਪੁਲਿਸ ਤੇ ਪ੍ਰਸ਼ਾਸਨ ਦੀ ਸੁਸਤ ਤੇ ਢਿੱਲੀ ਕਾਰਗੁਜ਼ਾਰੀ ਦਾ ਖਾਮਿਆਜਾ ਵੀਰਵਾਰ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਉਦੋਂ ਭੁਗਤਣਾ ਪਿਆ ਜਦੋਂ ਉਹ ਸਤਲੁਜ ਦਰਿਆ ‘ਚ ਆਪਣੇ ਸਮਰਥਕਾਂ ਸਹਿਤ ਮਾਈਨਿੰਗ ਗਤੀਵਿਧੀਆਂ ਦਾ ਜਾਇਜ਼ਾ ਲੈਣ ਪਹੁੰਚੇ। ਵਿਧਾਇਕ ‘ਤੇ ਮਾਫੀਆ ਵੱਲੋਂ ਲਾਠੀਆਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਵਿਧਾਇਕ ਸੰਦੋਆ ਨੂੰ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਮੁੱਢਲੇ ਇਲਾਜ ਉਪਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਦੁਪਹਿਰ ਸਮੇਂ ਮਾਈਨਿੰਗ ਮਾਫੀਆ ਦੀਆਂ ਗਤੀਵਿਧੀਆਂ ਦਾ ਪਤਾ ਚੱਲਣ ‘ਤੇ ਵਿਧਾਇਕ ਸੰਦੋਆ ਆਪਣੇ ਸਮਰਥਕਾਂ ਤੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਬੇਈਂਹਾਰਾ ਖੱਡ ‘ਚ ਪਹੁੰਚੇ। ਜਦੋਂ ਇਸ ਦੀ ਭਿਣਕ ਖਣਨ ਕਾਰਿੰਦਿਆਂ ਨੂੰ ਲੱਗੀ ਤਾਂ ਉਨ੍ਹਾਂ ਇਸ ਸਬੰਧੀ ਆਪਣੇ ਮਾਲਕਾਂ ਨੂੰ ਇਤਲਾਹ ਦਿੱਤੀ ਤੇ ਦਰਜਨ ਭਰ ਵਿਅਕਤੀਆਂ ਨੇ ਵਿਧਾਇਕ ਤੇ ਉਨ੍ਹਾਂ ਦੇ ਸਾਥੀਆਂ ‘ਤੇ ਹਮਲਾ ਬੋਲ ਦਿੱਤਾ। ਇਸ ਦੌਰਾਨ, ਵਿਧਾਇਕ ਦੀ ਪੱਗ ਵੀ ਲੱਥ ਗਈ। ਭਾਵੇਂ ਉਨ੍ਹਾਂ ਦੇ ਗੰਨਮੈਨ ਨੇ ਹੌਸਲਾ ਦਿਖਾਉਂਦੇ ਹੋਏ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਇਕੱਲੇ ਗੰਨਮੈਨ ਦੀ ਪੇਸ਼ ਨਾ ਜਾਣ ਦਿੱਤੀ ਤੇ ਮਾਰਕੁੱਟ ਕਰ ਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਹਮਲਾਵਰਾਂ ਨੇ ਵਿਧਾਇਕ ਦੇ ਪੀ.ਏ. ਨੂੰ ਬੁਰੀ ਤਰ੍ਹਾਂ ਕੁੱਟਿਆ। ਕੁਝ ਦਿਨ ਪਹਿਲਾਂ ਸੰਦੋਆ ਵੱਲੋਂ ਸਤਲੁਜ ਦਰਿਆ ‘ਚ ਛਾਪਾ ਮਾਰ ਕੇ ਦਰਜਨ ਦੇ ਕਰੀਬ ਜੇ.ਸੀ.ਬੀ. ਮਸ਼ੀਨਾਂ ਤੇ ਟਿੱਪਰਾਂ ਨੂੰ ਕਾਬੂ ਕਰ ਕੇ ਪੁਲਿਸ ਪ੍ਰਸ਼ਾਸਨ ਹਵਾਲੇ ਕੀਤਾ ਸੀ। ਇਸ ਦੌਰਾਨ ਸੰਦੋਆ ਨੇ ਪੁਲਿਸ ‘ਤੇ ਢਿੱਲੀ ਕਾਰਗੁਜ਼ਾਰੀ ਦਿਖਾਉਣ ਦਾ ਦੋਸ਼ ਲਾਇਆ ਸੀ। ਹਮਲਾਵਰਾਂ ‘ਚੋਂ ਕੁਝ ‘ਤੇ ਕਤਲ ਤੇ ਇਰਾਦਾ ਕਤਲ ਸਹਿਤ ਦਰਜਨ-ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ।
ਵਿਧਾਇਕ ਦੇ ਨਾਲ ਜਾ ਰਹੇ ਰੂਪਨਗਰ, ਆਨੰਦਪੁਰ ਸਾਹਿਬ ਤੇ ਨੰਗਲ ਦੇ ਮੀਡੀਆ ਕਰਮੀਆਂ ਦੀ ਗੱਡੀ ਰੇਤਲੀ ਜ਼ਮੀਨ ‘ਚ ਧਸ ਜਾਣ ਕਰ ਕੇ ਕੁਝ ਸਮੇਂ ਬਾਅਦ ਪੁੱਜੀ। ਸੂਚਨਾ ਮਿਲਣ ‘ਤੇ ਪਹੁੰਚੀ ਨੂਰਪੁਰ ਬੇਦੀ ਦੀ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਅਤ ਸਤਲੁਜ ਦਰਿਆ ਦੇ ਮਾਈਨਿੰਗ ਖੇਤਰ ‘ਚੋਂ ਬਾਹਰ ਭੇਜਿਆ। ਇਸ ਦੌਰਾਨ, ਹਮਲਾਵਰਾਂ ਵੱਲੋਂ ਮੀਡੀਆ ਕਰਮੀਆਂ ਤੋਂ ਫੁਟੇਜ ਨੂੰ ਡਿਲੀਟ ਕਰਨ ਤੇ ਸਮੁੱਚਾ ਰਿਕਾਰਡ ਨਸ਼ਟ ਕਰਨ ਨੂੰ ਲੈ ਕੇ ਕਾਫੀ ਦਬਾਅ ਪਾਇਆ ਗਿਆ। ਇੱਥੋਂ ਤੱਕ ਕੇ ਉਨਾਂ ਨੂੰ ਡਰਾ-ਧਮਕਾ ਕੇ ਕੈਮਰੇ ਖੋਹਣ ਦਾ ਵੀ ਯਤਨ ਕੀਤਾ ਗਿਆ।
ਇਸ ਘਟਨਾ ਸਬੰਧੀ ਪੁਲਿਸ ਥਾਣਾ ਨੂਰਪੁਰ ਬੇਦੀ ਦੇ ਐਸਐਚਓ ਦੇਸਰਾਜ ਨੇ ਦੱਸਿਆ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੰਜ ਵਿਅਕਤੀਆਂ ‘ਚ ਸ਼ਾਮਲ ਅਜਵਿੰਦਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਗੋਲਡੀ ਵਾਸੀ ਬੇਈਂਹਾਰਾ ਤੇ ਬਚਿੱਤਰ ਸਿੰਘ ਵਾਸੀ ਭਾਓਵਾਲ ਸਹਿਤ ਦਰਜਨ ਭਰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਰੂਪਨਗਰ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਅਜੇ ਤਾਈਂ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਟੀਮਾਂ ਵੱਲੋਂ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਤਿੰਨ ਹਮਲਾਵਰ ਗ੍ਰਿਫ਼ਤਾਰ, ਕੈਪਟਨ ਨੇ ਮੰਗੀ ਸਾਰੀ ਰਿਪੋਰਟ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਣਨ ਮਾਫੀਆ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ‘ਤੇ ਕੀਤੇ ਹਮਲੇ ਬਾਰੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਰਿਪੋਰਟ ਤਲਬ ਕੀਤੀ ਹੈ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਸੂਬੇ ‘ਚ ਬਦਅਮਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਤੱਥਾਂ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਹਮਲੇ ਸਬੰਧੀ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੁੱਖ ਮੰਤਰੀ ਨੇ ਬਾਕੀ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਆਖਿਆ ਹੈ। ਦੋ ਪੀਐਸਓ ਵੀ ਮੁੱਖ ਮੰਤਰੀ ਦੀ ਨਜ਼ਰ ਵਿੱਚ ਹਨ, ਜੋ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਨੂੰ ਪੁਲਿਸ ਲਾਈਨ ਤਬਦੀਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਸ ਘਟਨਾਕ੍ਰਮ ਵਿੱਚ ਪੀਐਸਓ ਦੀ ਭੂਮਿਕਾ ਦੀ ਜਾਂਚ ਦੇ ਵੀ ਹੁਕਮ ਦਿੱਤੇ ਹਨ।
ਪੁਲਿਸ ਨੇ ਪਿੰਡ ਬੇਈਂਹਾਰਾ ਦੇ ਅਜਵਿੰਦਰ ਸਿੰਘ ਦੇ ਤਿੰਨ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਅਜਵਿੰਦਰ ਅਤੇ ਇੱਕ ਹੋਰ ਮੁਲਜ਼ਮ ਬਚਿੱਤਰ ਸਿੰਘ ਪਿੰਡ ਭਾਉਵਾਲ ਘਟਨਾ ਤੋਂ ਬਾਅਦ ਫਰਾਰ ਹੋ ਗਏ ਹਨ। ਗ੍ਰਿਫਤਾਰ ਮੁਲਜ਼ਮਾਂ ਵਿੱਚ ਜਸਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਸਾਰੇ ਵਾਸੀ ਪਿੰਡ ਬੇਈਂਹਾਰਾ ਸ਼ਾਮਲ ਹਨ। ਉਨਾਂ ਕੋਲੋਂ ਕਾਲੇ ਰੰਗ ਦੀ ਐਕਸਯੂਵੀ ਗੱਡੀ ਅਤੇ 12 ਬੋਰ ਦੀਆਂ ਦੋ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਧਰ ‘ਆਪ’ ਨੇ ਇਸ ਘਟਨਾ ਖ਼ਿਲਾਫ਼ ਰੋਪੜ ਵਿਚ ਧਰਨਾ ਮਾਰਨ ਦਾ ਐਲਾਨ ਕਰਦਿਆਂ ਸਰਕਾਰ ਤੋਂ ਪਿਛਲੇ 15 ਸਾਲਾਂ ਤੋਂ ਚੱਲ ਰਹੇ ਰੇਤ ਮਾਫੀਆ ਦੇ ਰਾਜ ਬਾਰੇ ਵਾਈਟ ਪੇਪਰ ਜਾਰੀ ਕਰਨ ਅਤੇ ਇਸ ਦੀ ਪੜਤਾਲ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਹੈ। ‘ਆਪ’ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ, ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਕੰਵਰ ਸੰਧੂ ਤੇ ਹੋਰ ਆਗੂਆਂ ਨੇ ਪੀਜੀਆਈ ਵਿਚ ਸੰਦੋਆ ਦਾ ਹਾਲਚਾਲ ਪੁੱਛਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਰੇਤ ਮਾਫੀਆ ਬੇਕਾਬੂ ਹੋ ਚੁੱਕਾ ਹੈ। ਇਸ ਦੌਰਾਨ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਗ ਵਿਧਾਇਕ ਸੰਦੋਆ ਦੀ ਨਹੀਂ ਸਗੋਂ ਲੋਕਤੰਤਰ ਦੀ ਲੱਥੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਮੁੱਖ ਮੰਤਰੀ ਇਸ ਮਾਮਲੇ ਵਿਚ ਸਖਤ ਕਦਮ ਚੁੱਕਣਗੇ।
ਅਕਾਲੀ ਦਲ ਨੇ ਦੱਸਿਆ ਦਾਲ ‘ਚ ਕਾਲਾ, ਕਿਹਾ ਹਮਲਾਵਰ ਵੀ ‘ਆਪ’ ਦੇ ਸਮਰਥਕ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਹਮਲੇ ਵਾਲੀ ਥਾਂ ਮਿਲੇ ਵੀਡਿਓਗ੍ਰਾਫਿਕ ਸਬੂਤ ਇਸ਼ਾਰਾ ਕਰਦੇ ਹਨ ਕਿ ਹਮਲਾ ਉਨ੍ਹਾਂ ‘ਆਪ’ ਸਮਰਥਕਾਂ ਨੇ ਕੀਤਾ ਜਿਹੜੇ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਫਿਰੌਤੀਆਂ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਸਨ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉੱਥੇ ਰੇਤ ਮਾਈਨਿੰਗ ਕਰਨ ਵਾਲੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ‘ਆਪ’ ਵਿਧਾਇਕ ਉਨ੍ਹਾਂ ਕੋਲੋਂ ਫਿਰੌਤੀਆਂ ਲੈ ਰਿਹਾ ਹੈ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …