17 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਇਕ ਹੋਰ ਮਾਮਲਾ ਦਰਜ

ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਇਕ ਹੋਰ ਮਾਮਲਾ ਦਰਜ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਵਿਵਾਦਾਂ ਵਿਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਵਿਵਾਦਿਤ ਗੀਤ ‘ਸੰਜੂ’ ਦੇ ਮੁੱਦੇ ਉਤੇ ਨਵਾਂ ਮਾਮਲਾ ਦਰਜ ਕੀਤਾ ਹੈ। ਵਧੀਕ ਡੀਜੀਪੀ (ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮੂਸੇਵਾਲਾ ਵਿਰੁਧ ਮੁਹਾਲੀ ਦੇ ਫੇਜ਼ 4 ਸਥਿਤ ਥਾਣਾ ਸਟੇਟ ਕ੍ਰਾਈਮ ਪੰਜਾਬ ਵਿਚ ਆਈਪੀਸੀ ਦੀ ਧਾਰਾ 188/294/504/120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਇਸ ਗਾਇਕ ਨੂੰ ਅਸਲਾ ਕਾਨੂੰਨ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼ੁਕਲਾ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਗਾਇਕ ਦਾ ਗੀਤ ‘ਸੰਜੂ’ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟ ਫਾਰਮਾਂ ‘ਤੇ ਚੱਲ ਰਿਹਾ ਹੈ। ਇਹ ਗੀਤ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਵਿੱਚ ਵੱਖ-ਵੱਖ ਐਫਆਈਆਰਜ਼ ਦਰਜ ਹੋਣ ਨੂੰ ਵਡਿਆਈ ਦੱਸਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਮਾਮਲਾ ਅਸਲਾ ਕਾਨੂੰਨ ਅਧੀਨ ਦਰਜ ਕੀਤਾ ਗਿਆ ਹੈ। ਏਡੀਜੀਪੀ ਨੇ ਕਿਹਾ ਕਿ ਪੁਲਿਸ ਛੇਤੀ ਹੀ ਹਾਈਕੋਰਟ ਦੁਆਰਾ ਮੂਸੇਵਾਲਾ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਦਾਇਰ ਕਰੇਗੀ। ਸ਼ੁਕਲਾ ਨੇ ਕਿਹਾ ਕਿ ਇਹ ਤਸਦੀਕ ਹੋ ਗਿਆ ਹੈ ਕਿ ਨਵਾਂ ਵੀਡੀਓ-ਗੀਤ ‘ਸੰਜੂ’ ਮੂਸੇਵਾਲਾ ਦੇ ਅਧਿਕਾਰਤ ਯੂ-ਟਿਊਬ ਚੈਨਲ ਉਤੇ ਅਪਲੋਡ ਕੀਤਾ ਗਿਆ ਸੀ। ਇਸ ਗੀਤ ਵਿੱਚ ਮੂਸੇਵਾਲਾ ਨੇ ਉਸ ਦੇ ਖਿਲਾਫ਼ ਅਸਲਾ ਕਾਨੂੰਨ ਤਹਿਤ ਦਰਜ ਕੀਤੇ ਕੇਸ ਦਾ ਹਵਾਲਾ ਦਿੱਤਾ ਹੈ ਅਤੇ ਵੀਡੀਓ ਦੀ ਸ਼ੁਰੂਆਤ ਉਸ ਸਬੰਧੀ ਇੱਕ ਨਿਊਜ਼-ਕਲਿੱਪ ਤੋਂ ਹੁੰਦੀ ਹੈ, ਜਿਸ ਲਈ ਪੁਲਿਸ ਨੇ ਏ.ਕੇ. 47 ਰਾਈਫਲ ਦੀ ਅਣਅਧਿਕਾਰਤ ਵਰਤੋਂ ਲਈ ਉਸ ਵਿਰੁੱਧ ਕੇਸ ਦਰਜ ਕੀਤਾ ਸੀ।

RELATED ARTICLES
POPULAR POSTS