Home / ਹਫ਼ਤਾਵਾਰੀ ਫੇਰੀ / ਆਮ ਆਦਮੀ ਪਾਰਟੀ ਦੇ ਅੱਧੇ ਤੋਂ ਵੱਧ ਵਿਧਾਇਕਾਂ ਖਿਲਾਫ਼ ਅਪਰਾਧਿਕ ਕੇਸ ਦਰਜ

ਆਮ ਆਦਮੀ ਪਾਰਟੀ ਦੇ ਅੱਧੇ ਤੋਂ ਵੱਧ ਵਿਧਾਇਕਾਂ ਖਿਲਾਫ਼ ਅਪਰਾਧਿਕ ਕੇਸ ਦਰਜ

ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਨੇ ਕੀਤਾ ਖੁਲਾਸਾ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਸਾਫ-ਸੁਥਰੀ ਸਰਕਾਰ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਬਣੀ ਸਰਕਾਰ ਦੇ ਵਿਧਾਇਕਾਂ ਬਾਰੇ ਕਈ ਖੁਲਾਸੇ ਹੋਏ ਹਨ।
ਪਿਛਲੀ ਵਿਧਾਨ ਸਭਾ ਵਿਚ 16 ਵਿਧਾਇਕਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਸਨ ਜਦਕਿ ਇਸ ਵਾਰ ਨਵੇਂ ਚੁਣੇ ਗਏ ਵਿਧਾਇਕਾਂ ‘ਚੋਂ 58 ਅਜਿਹੇ ਵਿਧਾਇਕ ਹਨ, ਜਿਨ੍ਹਾਂ ਵਿਰੁੱਧ ਬਹੁਤ ਹੀ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਇਕੱਲੀ ਆਮ ਆਦਮੀ ਪਾਰਟੀ ਦੇ ਹੀ 52 ਵਿਧਾਇਕ ਸ਼ਾਮਲ ਹਨ।
ਇਸ ਸਬੰਧੀ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਨੇ ਜਲੰਧਰ ਵਿਚ ਇਕ ਪ੍ਰੈੱਸ ਕਾਨਫਰੰਸ ਵਿੱਚ ਨਵੇਂ ਚੁਣੇ ਵਿਧਾਇਕਾਂ ਦੇ ਅਪਰਾਧਿਕ ਪਿਛੋਕੜ ਬਾਰੇ ਰਿਪੋਰਟ ਜਾਰੀ ਕੀਤੀ। ਇਸ ਮੌਕੇ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਾਂਗਰਸ ਦੇ ਚੁਣੇ ਗਏ 18 ਵਿਧਾਇਕਾਂ ਵਿਚੋਂ ਤਿੰਨਾਂ ਵਿਰੁੱਧ ਮਾਮਲੇ ਦਰਜ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਤਿੰਨਾਂ ਵਿੱਚੋਂ ਦੋ ਅਤੇ ਭਾਜਪਾ ਦੇ ਦੋ ਵਿਧਾਇਕਾਂ ਵਿਚੋਂ ਇਕ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ।
ਜਸਕੀਰਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਦੇ ਜਿਹੜੇ 58 ਵਿਧਾਇਕਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ ਉਨ੍ਹਾਂ ਵਿਚੋਂ 27 ਜਣਿਆਂ ‘ਤੇ ਬਹੁਤ ਹੀ ਸੰਗੀਨ ਧਾਰਾਵਾਂ ਲੱਗੀਆਂ ਹਨ। ਇਨ੍ਹਾਂ 27 ਵਿਧਾਇਕਾਂ ਵਿਚ 23 ਜਣੇ ‘ਆਪ’ ਦੇ, ਦੋ ਕਾਂਗਰਸ ਦੇ ਅਤੇ ਦੋ ਅਕਾਲੀ ਦਲ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਆਮ ਆਮ ਆਦਮੀ ਪਾਰਟੀ ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਰੁੱਧ ਕਤਲ ਦਾ ਮਾਮਲਾ, ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਤੇ ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ ਵਿਰੁੱਧ ਇਰਾਦਾ ਕਤਲ ਦੇ ਮਾਮਲੇ ਦਰਜ ਹਨ। ਇਸੇ ਤਰ੍ਹਾਂ ਤਿੰਨ ਨਵੇਂ ਚੁਣੇ ਗਏ ਵਿਧਾਇਕ, ਔਰਤਾਂ ਵਿਰੁੱਧ ਕੀਤੇ ਗਏ ਜ਼ੁਲਮਾਂ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਵਿਰੁੱਧ ਆਈਪੀਸੀ ਦੀ ਧਾਰਾ 307 ਤਹਿਤ ਮਾਮਲਾ ਦਰਜ ਹੈ। ‘ਆਪ’ ਦੇ ਖਡੂਰ ਸਾਹਿਬ ਤੋਂ ਚੁਣੇ ਗਏ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖਿਲਾਫ ਵੀ ਪੰਜ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਆਈਪੀਸੀ ਦੀ ਧਾਰਾ 354 ਤਹਿਤ ਵੀ ਇਕ ਮਾਮਲਾ ਦਰਜ ਕੀਤਾ ਹੈ, ਜੋ ਕਿ ਔਰਤਾਂ ‘ਤੇ ਅੱਤਿਆਚਾਰ ਉਤੇ ਹਮਲਾ ਕਰਨ ਨਾਲ ਸਬੰਧਤ ਹੈ।

Check Also

ਅੰਮ੍ਰਿਤਪਾਲ ਗ੍ਰਿਫਤਾਰ ਜਾਂ ਫਰਾਰ

ਪੁਲਿਸ ਦਾ ਦਾਅਵਾ : ਅੰਮ੍ਰਿਤਪਾਲ ਪੰਜਾਬ ਤੋਂ ਨਿਕਲ ਹਰਿਆਣਾ ਤੇ ਹੁਣ ਹਰਿਆਣਾ ਤੋਂ ਅਗਾਂਹ ਗਿਆ …