Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਤੇ ਅਮਰੀਕਾ ਦੀ ਸਰਹੱਦ ਉਪਰ ਫੜੋ-ਫੜੀ ਤੇਜ਼

ਕੈਨੇਡਾ ਤੇ ਅਮਰੀਕਾ ਦੀ ਸਰਹੱਦ ਉਪਰ ਫੜੋ-ਫੜੀ ਤੇਜ਼

ਕੈਨੇਡਾ ਅਤੇ ਅਮਰੀਕਾ ਵਿਚਕਾਰ ਕਰੀਬ 8900 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਅਤੇ ਅਮਰੀਕਾ ਸਰਹੱਦ ‘ਤੇ ਹੁੰਦੀ ਨਸ਼ਿਆਂ ਅਤੇ ਮਨੁੱਖਾਂ ਦੀ ਤਸਕਰੀ ਰੋਕਣ ਲਈ ਦੋਵਾਂ ਦੇਸ਼ਾਂ ਵਿਚਕਾਰ ਗੱਲ ਵਪਾਰਕ ਜੰਗ ਅਤੇ ਰੋਕਾਂ ਲਗਾਉਣ ਤੱਕ ਪੁੱਜੀ ਹੋਈ ਹੈ। ਅਜਿਹੇ ‘ਚ ਕੈਨੇਡਾ ਵਾਲੇ ਪਾਸੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਲੋਂ ਸਾਂਝੇ ਤੌਰ ‘ਤੇ ਬਾਰਡਰ ਦੀ ਗਸ਼ਤ ਵਧਾਈ ਗਈ ਹੈ। ਇਸ ਦੌਰਾਨ ਪਤਾ ਲੱਗ ਰਿਹਾ ਹੈ ਕਿ ਸਰਹੱਦ ਦੇ ਲਾਗੇ ਵਾਲੇ ਘਰਾਂ ਵਿਚ ਰਹਿ ਰਹੇ ਅਮਰੀਕਨਾਂ ਅਤੇ ਕੈਨੇਡੀਅਨਾਂ ਨੇ ਵੀ ਕੈਨੇਡਾ ਤੋਂ ਅਮਰੀਕਾ ਜਾਂ ਅਮਰੀਕਾ ਤੋਂ ਕੈਨੇਡਾ ‘ਚ ਦਾਖਲ ਹੋਣ ਵਾਲੇ ਜਾਅਲੀ ਪਰਵਾਸੀਆਂ ਅਤੇ ਉਨ੍ਹਾਂ ਨੂੰ ਲੰਘਾਉਣ ਲਈ ਏਜੰਟਾਂ ਵਲੋਂ ਵਰਤੇ ਜਾਂਦੇ ਵਾਹਨਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਪੁਲਿਸ ਨੂੰ ਸੌਂਪੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਸਬੂਤਾਂ ਨਾਲ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਾਸਤੇ ਗੈਰਕਾਨੂੰਨੀ ਵਿਦੇਸ਼ੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਡਿਪੋਰਟ ਕਰਨਾ ਸੌਖਾ ਹੋ ਜਾਂਦਾ ਹੈ। ਬੀਤੇ ਹਫਤੇ ਇਕ ਵਾਹਨ ‘ਚ ਅਮਰੀਕਾ ਤੋਂ ਕੈਨੇਡਾ ਵਿਚ ਲੰਘ ਰਹੇ 5 ਵਿਅਕਤੀਆਂ ਨੂੰ ਕੈਨੇਡਾ ਵਾਲੇ ਪਾਸੇ ਪੁੱਜ ਜਾਣ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਸਰਹੱਦ ਨਾਲ ਰਹਿੰਦੇ ਇਕ ਪਰਿਵਾਰ ਵਲੋਂ ਦਿੱਤੇ ਗਏ ਵੀਡੀਓ ਦੇ ਅਧਾਰ ‘ਤੇ ਉਨ੍ਹਾਂ ਨੂੰ ਕੁਝ ਘੰਟਿਆਂ ਵਿਚ ਹੀ ਅਮਰੀਕੀ ਅਧਿਕਾਰੀਆਂ ਨੂੰ ਸੌਂਪਣਾ ਸੰਭਵ ਹੋਇਆ ਸੀ। ਕੈਨੇਡਾ ਅਤੇ ਅਮਰੀਕਾ ਵਿਚਕਾਰ ਕਰੀਬ 8900 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ ਹੈ, ਜਿਸ ਉਪਰ ਬੀਤੇ ਸਾਰੇ ਸਮਿਆਂ ਦੇ ਮੁਕਾਬਲੇ ਮੌਜੂਦਾ ਦੌਰ ‘ਚ ਪਹਿਰੇਦਾਰੀ ਵਧਾਈ ਗਈ ਹੈ, ਕਿਉਂਕਿ ਜਾਅਲੀ ਤੌਰ ‘ਤੇ ਦਾਖਲ ਹੋਣ ਵਾਲੇ ਭਾਰਤੀਆਂ ਸਮੇਤ ਪਾਕਿਸਤਾਨੀਆਂ, ਮੈਕਸੀਕੋ, ਅਫਰੀਕੀਆਂ ਅਤੇ ਦੱਖਣੀ ਅਮਰੀਕੀ ਦੇਸ਼ਾਂ ਦੇ ਲੋਕਾਂ ਵਲੋਂ ਵਿਰਾਨ ਪਏ ਜਾਂ ਸੰਘਣੀ ਅਬਾਦੀ ਵਾਲੇ ਇਲਾਕਿਆਂ ਰਾਹੀਂ ਲੁਕ ਛਿਪ ਕੇ ਇਕ ਤੋਂ ਦੂਜੇ ਦੇਸ਼ ਵਿਚ ਵੜਨ ਦੀ ਤਾਕ ਵਿਚ ਰਿਹਾ ਜਾਂਦਾ ਹੈ। ਇਨ੍ਹੀਂ ਦਿਨੀਂ ਸਰਦੀ ਬਹੁਤ ਪੈ ਰਹੀ ਹੈ, ਜਿਸ ਕਰਕੇ ਕਿਊਬਿਕ, ਉਨਟਾਰੀਓ (ਨਿਆਗਰਾ ਤੇ ਕਿੰਗਸਟਨ ਇਲਾਕੇ), ਮੈਨੀਟੋਬਾ, ਸਸਕਾਚਵਾਨ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਨਾਲ ਲੱਗਦੇ ਅਮਰੀਕਾ ਦੇ ਸਰਹੱਦੀ ਖਿੱਤਿਆਂ ਉਪਰ ਸੁਰੱਖਿਆ ਬਲਾਂ ਵਲੋਂ ਜ਼ਮੀਨੀ, ਹਵਾਈ ਅਤੇ ਜਲ ਸਾਧਨਾਂ ਰਾਹੀਂ ਵਿਸ਼ੇਸ਼ ਨਜ਼ਰਸਾਨੀ ਬਣਾ ਕੇ ਰੱਖੀ ਜਾਂਦੀ ਹੈ ਤਾਂ ਕਿ ਬਰਫੀਲੇ ਮੌਸਮ ਵਿਚ ਸਰਹੱਦ ਪਾਰ ਕਰਦਿਆਂ ਲੋਕ ਆਪਣੀ ਜਾਨ ਖਤਰੇ ‘ਚ ਨਾ ਪਾਉਣ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਾਲਾਂ ਦੌਰਾਨ ਕੈਨੇਡਾ ਸਰਕਾਰ ਵਲੋਂ ਲਾਗੂ ਰੱਖੀ ਗਈ ਆਪਣੀ ਬੇਲਗਾਮ ਵੀਜ਼ਾ ਅਤੇ ਇਮੀਗ੍ਰੇਸ਼ਨ ਨੀਤੀ ਕਾਰਨ ਦੇਸ਼ ਦੇ ਅੰਦਰ ਬਦਤਰ ਹੋਏ ਹਾਲਾਤ ਤੋਂ ਸਥਾਨਕ ਲੋਕਾਂ ਦਾ ਅਤੇ ਅਮਰੀਕਾ ਵਿਚ ਨਵੇਂ ਬਣੇ ਟਰੰਪ ਪ੍ਰਸ਼ਾਸਨ ਦੇ ਭਾਰੀ ਦਬਾਅ ਹੈ। ਉਸ ਦਬਾਅ ਨੂੰ ਮਹਿਸੂਸ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੰਤਰੀਆਂ ਵਲੋਂ ਸੰਭਲ ਕੇ ਕਦਮ ਰੱਖਣੇ ਜਾਰੀ ਹਨ।

 

Check Also

ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ 104 ਭਾਰਤੀ ਵਤਨ ਪਰਤੇ

ਅੰਮ੍ਰਿਤਸਰ ਪੁੱਜੇ ਭਾਰਤੀਆਂ ‘ਚ ਹਰਿਆਣਾ ਦੇ 35 ਅਤੇ ਗੁਜਰਾਤ ਦੇ 33 ਵਿਅਕਤੀ ਅੰਮ੍ਰਿਤਸਰ : ਅਮਰੀਕਾ …