ਕੀਵ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੁਲਕ ‘ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਕ ‘ਚ ਐਮਰਜੈਂਸੀ ਵੀਰਵਾਰ ਤੋਂ ਲਾਗੂ ਹੋਈ ਹੈ। ਇਸ ਤੋਂ ਪਹਿਲਾਂ ਚੋਟੀ ਦੇ ਸੁਰੱਖਿਆ ਅਧਿਕਾਰੀ ਓਲੈਕਸੀ ਡੈਨੀਲੋਵ ਨੇ ਕਿਹਾ ਸੀ ਕਿ ਦੋਨੇਤਸਕ ਅਤੇ ਲੁਹਾਂਸਕ ਨੂੰ ਛੱਡ ਕੇ ਪੂਰੇ ਮੁਲਕ ‘ਚ ਐਮਰਜੈਂਸੀ ਲਗਾਈ ਗਈ ਹੈ। ਇਨ੍ਹਾਂ ਦੋਵੇਂ ਸੂਬਿਆਂ ‘ਚ 2014 ਤੋਂ ਐਮਰਜੈਂਸੀ ਲਾਗੂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ 30 ਦਿਨਾਂ ਤੱਕ ਲਾਗੂ ਰਹੇਗੀ ਅਤੇ ਇਸ ਨੂੰ 30 ਹੋਰ ਦਿਨਾਂ ਲਈ ਵਧਾਇਆ ਜਾ ਸਕਦਾ ਹੈ। ਰੂਸੀ ਸਮਰਥਕ ਵੱਖਵਾਦੀਆਂ ਨੇ ਦੋਨੇਤਸਕ ਅਤੇ ਲੁਹਾਂਸਕ ‘ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਰੂਸ ਨੇ ਪਿਛਲੇ ਦਿਨੀਂ ਦੋਹਾਂ ਨੂੰ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਦਿੱਤੀ ਸੀ। ਡੈਨੀਲੋਵ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪਰਮਾਣੂ ਹਥਿਆਰ ਵਿਕਸਤ ਕਰਨ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਹੈ ਜਿਸ ਨੂੰ ਵਲਾਦੀਮੀਰ ਪੂਤਿਨ ਨੇ ਰੂਸ ਲਈ ਰਣਨੀਤਕ ਤੌਰ ‘ਤੇ ਖ਼ਤਰਾ ਐਲਾਨਿਆ ਹੈ। ਯੂਕਰੇਨ ਨੇ ਰੂਸ ‘ਤੇ ਹਿੰਸਾ ਭੜਕਾਉਣ ਦਾ ਆਰੋਪ ਲਾਉਂਦਿਆਂ ਕਿਹਾ ਕਿ ਉਹ ਪੂਰਬੀ ਯੂਕਰੇਨ ਨੂੰ ਰਸਮੀ ਤੌਰ ‘ਤੇ ਮਾਨਤਾ ਦੇਣ ਦੇ ਬਹਾਨੇ ਉਨ੍ਹਾਂ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਹੈ ਅਤੇ ਖਿੱਤੇ ‘ਚ ਉਹ ਆਪਣੀ ਫ਼ੌਜ ਭੇਜਣਾ ਚਾਹੁੰਦਾ ਹੈ। ਇਸ ਦੌਰਾਨ ਯੂਕਰੇਨ ਦੀ ਸੰਸਦ ਨੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਕੋਲ ਰੱਖਣ ਸਬੰਧੀ ਬਿੱਲ ਨੂੰ ਵੋਟਾਂ ਪਾ ਕੇ ਪ੍ਰਵਾਨਗੀ ਦੇ ਦਿੱਤੀ। ਬਿੱਲ ‘ਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਨਾਗਰਿਕਾਂ ਨੂੰ ਦਰਪੇਸ਼ ਖ਼ਤਰਿਆਂ ਨੂੰ ਦੇਖਦਿਆਂ ਇਹ ਕਾਨੂੰਨ ਮੁਲਕ ਅਤੇ ਸਮਾਜ ਦੇ ਹਿੱਤ ‘ਚ ਹੈ।
ਵਿਦੇਸ਼ ਮੰਤਰਾਲੇ, ਸੰਸਦ ਅਤੇ ਹੋਰ ਵੈੱਬਸਾਈਟਾਂ ਠੱਪ
ਯੂਕਰੇਨ ਦੀਆਂ ਕਈ ਵੈੱਬਸਾਈਟਾਂ, ਜਿਨ੍ਹਾਂ ਵਿੱਚ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਸੰਸਦ ਦੀ ਵੈੱਬਸਾਈਟ ਸ਼ਾਮਲ ਹੈ, ਠੱਪ ਹੋ ਗਈਆਂ ਹਨ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਇਸ ਹਫ਼ਤੇ ਆਨਲਾਈਨ ਚਿਤਾਵਨੀ ਮਿਲੀ ਸੀ ਕਿ ਹੈਕਰਾਂ ਵੱਲੋਂ ਸਰਕਾਰੀ ਏਜੰਸੀਆਂ, ਬੈਂਕਾਂ ਅਤੇ ਰੱਖਿਆ ਸੈਕਟਰ ‘ਤੇ ਵੱਡੇ ਹਮਲਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ।