ਲੁਧਿਆਣਾ ‘ਚ ਵੀ 1313 ਬੂਟੇ ਲਗਾ ਕੇ ਜੰਗਲ ਕੀਤਾ ਤਿਆਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਅਧਾਰਿਤ ਵਾਤਾਵਰਨ ਸਬੰਧੀ ਸਿੱਖ ਸੰਗਠਨ ‘ਈਕੋਸਿੱਖ’ ਨੇ 850 ‘ਪਵਿੱਤਰ ਜੰਗਲਾਂ’ ਵਿੱਚ ਬੂਟੇ ਦਾ ਲਾਉਣ ਦਾ ਕਾਰਜ ਪੂਰਾ ਕਰ ਲਿਆ ਹੈ। ਸੰਗਠਨ ਵੱਲੋਂ ਹੁਣ ਦੁਬਈ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ (ਯੂਐੱਨ) ਜਲਵਾਯੂ ਸਿਖਰ ਸੰਮੇਲਨ ਵਿੱਚ ਇਸ ਸਬੰਧੀ ਪ੍ਰਗਤੀ ਰਿਪੋਰਟ ਅਤੇ ਕਾਰਜ ਯੋਜਨਾ ਪੇਸ਼ ਕੀਤੀ ਜਾਵੇਗੀ। ਸੰਗਠਨ ਨੇ ਹਾਲ ਹੀ ‘ਚ ਲੁਧਿਆਣਾ ‘ਚ ਇੱਕ ‘ਪਵਿੱਤਰ ਜੰਗਲ’ ਤਿਆਰ ਕੀਤਾ ਹੈ। ਇੱਕ ਪ੍ਰੈੱਸ ਬਿਆਨ ਮੁਤਾਬਕ ”ਈਕੋਸਿੱਖ” ਦੇ ਪ੍ਰਧਾਨ ਰਾਜਵੰਤ ਸਿੰਘ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਲਈ ਇੱਕ ਪ੍ਰਭਾਵਸ਼ਾਲੀ ਜਲਵਾਯੂ ਹੱਲ ਵਜੋਂ ‘ਪਵਿੱਤਰ ਜੰਗਲ’ ਦੇ ਉਪਰਾਲੇ ਦਾ ਪ੍ਰਦਰਸ਼ਨ ਕਰਨਗੇ ਅਤੇ ਸਰਕਾਰੀ ਸੰਗਠਨਾਂ ਅਤੇ ਹੋਰ ਗਰੁੱਪਾਂ ਨਾਲ ਸਹਿਯੋਗ ਦੀ ਪੇਸ਼ਕਸ਼ ਕਰਨਗੇ।
ਉਨ੍ਹਾਂ ਨੂੰ ਸੀਓਪੀ28 ਦੇ ਸੀਈਓ ਅਦਨਾਨ ਜ਼ੈੱਡ. ਆਮੀਨ ਵੱਲੋਂ ”ਸ਼ਹਿਰੀ ਗਿਆਨ: ਸਵਦੇਸ਼ੀ ਗਿਆਨ ਅਤੇ ਭਵਿੱਖੀ ਸ਼ਹਿਰਾਂ ਦਾ ਸ਼ਾਸਨ” ਨਾਮੀ ਇੱਕ ਪੈਨਲ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ‘ਈਕੋਸਿੱਖ’ ਨੇ ਲੁਧਿਆਣਾ ਦੇ ਕੇਂਦਰੀ ਹਿੱਸੇ ਵਿੱਚ 1313 ਬੂਟੇ ਲਾ ਕੇ 850ਵਾਂ ਪਵਿੱਤਰ ਜੰਗਲ ਤਿਆਰ ਕੀਤਾ ਹੈ। ਈਕੋਸਿੱਖ ਦੁਬਈ ਵਿੱਚ ਵੱਖ-ਵੱਖ ਹਿੱਤਧਾਰਕਾਂ ਦੀ ਮੀਟਿੰਗ ਵਿੱਚ ਆਪਣੀ ਪ੍ਰਗਤੀ ਰਿਪੋਰਟ ਅਤੇ ਕਾਰਜ ਯੋਜਨਾ ਪੇਸ਼ ਕਰੇਗੀ। ਦੁਬਈ ਵਿੱਚ ਹੋਣ ਵਾਲਾ ਸੀਓਪੀ28 ਸੰਮੇਲਨ ਇਸ ਸਾਲ ਸਭ ਤੋਂ ਵੱਡੇ ਅਤੇ ਅਹਿਮ ਇਕੱਠਾਂ ਵਿੱਚੋਂ ਇੱਕ ਹੋਵੇਗਾ, ਜਿਸ ਵਿੱਚ 60 ਹਜ਼ਾਰ ਤੋਂ 80 ਹਜ਼ਾਰ ਤੱਕ ਡੈਲੀਗੇਟਾਂ ਤੇ 140 ਤੋਂ ਵੱਧ ਮੁਲਕਾਂ ਦੇ ਮੁਖੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ‘ਈਕੋਸਿੱਖ’ ਸੰਠਗਨ ਦੀ ਸਥਾਪਨਾ 2009 ਵਿੱਚ ਜਲਵਾਯੂ ਤਬਦੀਲੀ ਪ੍ਰਤੀ ਸਿੱਖ ਭਾਈਚਾਰੇ ਦੇ ਕਦਮਾਂ ਵਜੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਹ ਸੰਗਠਨ ਭਾਰਤ ਵਿੱਚ ਵਾਤਾਵਰਨ ਸਬੰਧੀ ਮੁੱਦਿਆਂ ‘ਤੇ ਕੰਮ ਕਰ ਰਿਹਾ ਹੈ ਅਤੇ ਹੁਣ ਕੈਨੇਡਾ, ਯੂਕੇ, ਆਇਰਲੈਂਡ ਅਤੇ ਅਮਰੀਕਾ ਵਿੱਚ ਵੀ ਇਸ ਦੀਆਂ ਸ਼ਾਖਾਵਾਂ ਹਨ।
ਵਧਦੇ ਤਾਪਮਾਨ ਦੇ ਮੱਦੇਨਜ਼ਰ ਸਭ ਨੂੰ ਕਦਮ ਚੁੱਕਣ ਦੀ ਲੋੜ: ਰਾਜਵੰਤ ਸਿੰਘ
‘ਈਕੋਸਿੱਖ’ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਕਿਹਾ, ”ਬਹੁਤ ਜ਼ਿਆਦਾ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਾਰਿਆਂ ਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਅਸੀਂ ਆਪਣੇ ਚਾਰ-ਚੁਫੇਰੇ ਜਿਹੜੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਾਂ ਉਨ੍ਹਾਂ ਦਾ ਹੱਲ ਲੱਭਣ ਲਈ ਅਸੀਂ ਕਿਸੇ ਸੰਗਠਨ ਜਾਂ ਸਰਕਾਰ ਦੀ ਉਡੀਕ ਨਹੀਂ ਕਰ ਸਕਦੇ। ਕਈ ਭਾਈਚਾਰੇ ਆਪਣੇ ਵੱਸੋਂ ਬਾਹਰਲੇ ਕਈ ਕੁਦਰਤੀ ਕਾਰਨਾਂ ਕਰ ਕੇ ਆਪਣੀਆਂ ਜੱਦੀ ਜ਼ਮੀਨਾਂ ਗੁਆ ਰਹੇ ਹਨ। ਜਦੋਂ ਲੋਕ ਆਫ਼ਤਾਂ ਤੋਂ ਪੀੜਤ ਹੋਣ ਤਾਂ ਅਸੀਂ ਬੈਠ ਕੇ ਨਹੀਂ ਦੇਖ ਸਕਦੇ।”
Check Also
ਲੈਨੋਵੋ ਨੇ ਪੋ੍ਰਫੈਸ਼ਨਲਾਂ ਲਈ ਤਿਆਰ ਕੀਤੇ ਨਵੇਂ ਉੱਚ-ਪ੍ਰਦਰਸ਼ਨ ਵਾਲੇ ਟੈਬਲੇਟਾਂ ਅਤੇ ਲੈਪਟਾਪਾਂ ਨਾਲ ਭਾਰਤ ਵਿੱਚ ਆਪਣੇ ਪੋਰਟਫੋਲੀਓ ਦਾ ਵਿਸਤਾਰ ਕੀਤਾ
ਆਧੁਨਿਕ ਦਫਤਰ ਲਈ ਇੱਕ ਕਿਫਾਇਤੀ ਵਪਾਰਕ ਟੈਬਲੇਟ ਵੀ ਲਾਂਚ ਕੀਤਾ ਚੰਡੀਗੜ੍ਹ, ਲੁਧਿਆਣਾ, ਗੁਰੂਗ੍ਰਾਮ, 14 ਨਵੰਬਰ, …